ਪੰਜਾਬੀ ਸੱਭਿਆਚਾਰ ਦਾ ਹਿੱਸਾ, ਗੁਰੂ ਗੋਰਖ ਨਾਥ ਤੇ ਟਿੱਲਾ ਜੋਗੀਆਂ
ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਭਗਤੀ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ।
ਬਲਰਾਜ ਸਿੰਘ ਸਿੱਧੂ ਐਸ.ਪੀ.। ਗੁਰੂ ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿੱਚ ਵਾਰ-ਵਾਰ ਆਉਂਦਾ ਹੈ। ਉਸ ਦਾ ਵੇਰਵਾ ਹੀਰ ਰਾਂਝਾ ਅਤੇ ਪੂਰਨ ਭਗਤ ਦੇ ਕਿੱਸਿਆਂ ਵਿੱਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ਕਿਉਂਕਿ ਹੀਰ ਰਾਂਝੇ ਦੀ ਘਟਨਾ 16ਵੀਂ ਸਦੀ ਵਿੱਚ ਹੋਈ ਹੈ ਤੇ ਪੂਰਨ ਭਗਤ ਦੀ ਦੂਸਰੀ ਸਦੀ ਵਿੱਚ। ਲੱਗਦਾ ਹੈ ਕਿ ਰਾਂਝੇ ਅਤੇ ਪੂਰਨ ਭਗਤ ਨੂੰ ਕੋਈ ਹੋਰ ਨਾਥ ਜੋਗੀ ਮਿਲੇ ਹੋਣਗੇ।ਗੋਰਖ ਨਾਥ ਦੀ ਜਨਮ ਤਰੀਕ ਬਾਰੇ ਕੁਝ ਪੱਕਾ ਨਹੀਂ ਹੈ ਪਰ ਇੱਕ ਅਨੁਮਾਨ ਮੁਤਾਬਕ ਉਸ ਦਾ ਜਨਮ 9ਵੀਂ ਸਦੀ ਵਿੱਚ ਪੇਸ਼ਾਵਰ ਵਿਖੇ ਹੋਇਆ ਸੀ ਤੇ ਉਸ ਦੇ ਗੁਰੂ ਦਾ ਨਾਂਅ ਮਛਿੰਦਰ ਨਾਥ ਸੀ। ਉਹ ਹੱਠ ਜੋਗੀ ਸੀ ਤੇ ਨਾਥ ਜੋਗੀਆਂ ਦੇ ਡੇਰੇ ਤੇ ਮੰਦਰ ਉਸੇ ਦੇ ਸਮੇਂ ਹੀ ਬਣਨੇ ਸ਼ੁਰੂ ਹੋਏ ਸਨ।
ਉਸ ਦੇ ਪੈਰੋਕਾਰ ਪੰਜਾਬ ਤੋਂ ਲੈ ਕੇ ਸਾਰੇ ਭਾਰਤ ਅਤੇ ਨੇਪਾਲ ਵਿੱਚ ਫੈਲੇ ਹੋਏ ਹਨ। ਉਹਨਾਂ ਨੂੰ ਗੋਰਖਨਾਥੀ, ਦਰਸ਼ਨੀ ਜਾਂ ਕੰਨਫਟੇ ਕਿਹਾ ਜਾਂਦਾ ਹੈ। ਯੂ.ਪੀ. ਦਾ ਮੁੱਖ ਮੰਤਰੀ ਅਦਿੱਤਿਆਨਾਥ ਵੀ ਗੋਰਖਨਾਥੀ ਹੈ ਤੇ ਗੋਰਖਪੁਰ ਦੇ ਗੋਰਖ ਨਾਥ ਡੇਰੇ ਦਾ ਮੁਖੀ ਹੈ। ਇਹ ਡੇਰਾ ਭਾਰਤ ਵਿੱਚ ਸਭ ਤੋਂ ਵੱਡਾ ਗੋਰਖ ਨਾਥੀ ਮੰਦਰ ਤੇ ਡੇਰਾ ਹੈ। ਗੋਰਖਨਾਥ ਨੂੰ ਮਹਾਂਜੋਗੀ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਸਿੱਖਿਆਵਾਂ ਦੁਆਰਾ ਸੁੱਚਾ ਜੀਵਨ ਬਿਤਾਉਣ, ਬ੍ਰਹਮਚਾਰੀ ਰਹਿਣ, ਯੋਗ ਕਰਨ, ਸਮਾਧੀ ਲਾਉਣ ਤੇ ਦੂਸਰਿਆਂ ਦੀ ਸੇਵਾ ਕਰਨ ਦਾ ਪ੍ਰਚਾਰ ਕੀਤਾ।
ਨਾਥ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਗੋਰਖ ਨਾਥ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ
ਭਗਤ ਕਬੀਰ ਦੇ ਦੋਹਿਆਂ ਵਿੱਚ ਵੀ ਗੋਰਖ ਨਾਥ ਦਾ ਵਰਨਣ ਆਉਂਦਾ ਹੈ। ਇਸ ਤੋਂ ਲੱਗਦਾ ਹੈ ਕਿ ਉਹ ਭਗਤ ਕਬੀਰ ਤੋਂ ਪਹਿਲਾਂ ਹੋਇਆ ਹੋਵੇਗਾ। ਨਾਥ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਗੋਰਖ ਨਾਥ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ। ਪਰ ਇਸ ਦਾ ਜੋ ਪ੍ਰਚਾਰ-ਪ੍ਰਸਾਰ ਗੋਰਖ ਨਾਥ ਅਧੀਨ ਹੋਇਆ, ਉਹ ਨਾ ਪਹਿਲਾਂ ਕਦੇ ਹੋਇਆ ਸੀ ਤੇ ਨਾ ਕਦੇ ਬਾਅਦ ਵਿੱਚ ਹੋ ਸਕਿਆ। ਲੋਕਾਂ ਨੂੰ ਗਿਆਨ ਦੇਣ ਲਈ ਗੋਰਖ ਨਾਥ ਨੇ ਦੂਰ-ਦੂਰ ਤੱਕ ਯਾਤਰਾ ਕੀਤੀ। ਉਸ ਨੇ ਪੰਜਾਬ, ਨੇਪਾਲ, ਸਿੰਧ, ਯੂ.ਪੀ., ਉੱਤਰਾਖੰਡ, ਅਸਾਮ, ਤ੍ਰਿਪੁਰਾ, ਬੰਗਾਲ, ਉੜੀਸਾ, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਸ੍ਰੀਲੰਕਾ ਤੱਕ ਜਾ ਕੇ ਲੋਕਾਂ ਨੂੰ ਗਿਆਨ ਵੰਡਿਆ। ਉਸ ਦੀਆਂ ਯਾਤਰਾਵਾਂ ਵਾਲੀਆਂ ਥਾਵਾਂ ‘ਤੇ ਅਨੇਕਾਂ ਮੰਦਰ ਤੇ ਡੇਰੇ ਬਣੇ ਹੋਏ ਹਨ। ਹੱਠ ਜੋਗ ਦੀ ਪਰੰਪਰਾ ਵੀ ਗੋਰਖ ਨਾਥ ਤੇ ਉਸ ਦੇ ਗੁਰੂ ਮਛਿੰਦਰ ਨਾਥ ਤੋਂ ਚੱਲੀ ਹੈ।
ਨੇਪਾਲ ਵਿੱਚ ਗੋਰਖ ਨਾਥ ਦੀ ਬਹੁਤ ਮਾਨਤਾ ਹੈ। ਕਿਹਾ ਜਾਂਦਾ ਹੈ ਕਿ ਗੋਰਖਾ ਨਾਂਅ, ਗੋਰਖ ਨਾਥ ਤੋਂ ਹੀ ਸ਼ੁਰੂ ਹੋਇਆ ਸੀ। ਉਸ ਦੇ ਨਾਂਅ ‘ਤੇ ਨੇਪਾਲ ਦੇ ਇੱਕ ਜਿਲ੍ਹੇ ਦਾ ਨਾਂਅ ਗੋਰਖਾ ਰੱਖਿਆ ਹੋਇਆ ਹੈ ਜਿੱਥੇ ਇੱਕ ਗੁਫਾ ਵਿੱਚ ਗੋਰਖ ਨਾਥ ਦੇ ਪੈਰਾਂ ਦੇ ਚਿੰਨ੍ਹ ਬਣੇ ਹੋਏ ਹਨ। ਇੱਕ ਮੰਦਰ ਵੀ ਹੈ ਜਿਸ ਵਿੱਚ ਉਸ ਦੀ ਮੂਰਤੀ ਹੈ। ਉੱਥੇ ਉਸ ਦੀ ਯਾਦ ਵਿੱਚ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਮੇਲਾ ਲੱਗਦਾ ਹੈ। ਉਸ ਨੂੰ ਨੇਪਾਲ ਦਾ ਰਾਸ਼ਟਰ ਦੇਵਤਾ ਮੰਨਿਆ ਜਾਂਦਾ ਹੈ। ਉਸ ਦੀ ਤਸਵੀਰ ਕਈ ਨੇਪਾਲੀ ਕਰੰਸੀ ਨੋਟਾਂ ਤੇ ਸਿੱਕਿਆਂ ‘ਤੇ ਛਪੀ ਹੋਈ ਮਿਲਦੀ ਹੈ। ਗੋਰਖ ਨਾਥ ਦੀ ਭਗਤੀ ਸਾਹਿਤ ਨੂੰ ਵੱਡੀ ਦੇਣ ਹੈ। ਉਸ ਨੇ ਕਈ ਗ੍ਰੰਥ ਲਿਖੇ ਹਨ। ਇਨ੍ਹਾਂ ਵਿੱਚ ਗੋਰਕਸ਼ਾ ਸੰਹਿਤਾ, ਗੋਰਕਸ਼ਾ ਗੀਤਾ, ਸਿੱਧ ਸਿਧਾਂਤ ਪੱਦਤੀ, ਯੋਗ ਮਾਰਤੰਡ, ਯੋਗ ਸਿਧਾਂਤ ਬੀਜ ਅਤੇ ਯੋਗ ਚਿੰਤਾਮਣੀ ਸ਼ਾਮਲ ਹਨ। ਉਸ ਦੇ ਪ੍ਰਲੋਕ ਗਮਨ ਬਾਰੇ ਇਤਿਹਾਸ ਚੁੱਪ ਹੈ ਕਿ ਕਿਵੇਂ ਤੇ ਕਿੱਥੇ ਹੋਇਆ।
ਟਿੱਲਾ ਜੋਗੀਆਂ:
ਪੰਜਾਬੀ ਗਾਣਿਆਂ ਵਿੱਚ ਵਾਰ-ਵਾਰ ਗੂੰਜਣ ਵਾਲਾ ਪ੍ਰਸਿੱਧ ਮੰਦਰ ਟਿੱਲਾ ਜੋਗੀਆਂ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਵਿਖੇ (ਜਿਲ੍ਹਾ ਜੇਹਲਮ, ਪੰਜਾਬ) ਲੂਣ ਦੀਆਂ ਪਹਾੜੀਆਂ ਵਿੱਚ 3200 ਫੁੱਟ ਦੀ ਉੱਚਾਈ ‘ਤੇ ਸਥਿਤ ਹੈ। ਇਹ ਜੇਹਲਮ ਦਰਿਆ ਦੇ ਕਿਨਾਰੇ, ਜੇਹਲਮ ਸ਼ਹਿਰ ਤੋਂ 25 ਕਿ.ਮੀ. ਪੱਛਮ ਵੱਲ ਹੈ। ਇਸ ਮੰਦਰ ਦੀ ਸਥਾਪਨਾ 9ਵੀਂ ਸਦੀ ਵਿੱਚ ਹਿੰਦੂਸ਼ਾਹੀ ਰਾਜ ਦੌਰਾਨ ਗੁਰੂ ਗੋਰਖ ਨਾਥ ਦੁਆਰਾ ਕੀਤੀ ਗਈ ਸੀ। ਇਹ 1947 ਤੱਕ ਪੰਜਾਬ ਵਿੱਚ ਨਾਥ ਜੋਗੀਆਂ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਹੈ। ਮੁਗਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਨੇ ਵੀ ਇਸ ਦੀ ਯਾਤਰਾ ਕੀਤੀ ਸੀ। ਅਕਬਰ ਦੇ ਵੇਲੇ ਇੱਥੇ ਜੋਗੀ ਬਾਲ ਨਾਥ ਮਹੰਤ ਸੀ। ਇਸ ਯਾਤਰਾ ਬਾਰੇ ਅਕਬਰ ਦੇ ਜੀਵਨੀਕਾਰ ਅਬੁਲ ਫਜ਼ਲ ਨੇ ਵੀ ਆਈਨੇ ਅਕਬਰੀ ਵਿੱਚ ਲਿਖਿਆ ਹੈ।
ਮੁਗਲ ਰਾਜ ਦੇ ਖਤਮ ਹੋਣ ‘ਤੇ ਭਾਰਤ ‘ਤੇ ਦੁਬਾਰਾ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ। ਅਹਿਮਦ ਸ਼ਾਹ ਅਬਦਾਲੀ ਨੇ ਆਪਣਿਆਂ ਹਮਲਿਆਂ ਦੌਰਾਨ ਇਸ ਮੰਦਰ ਨੂੰ ਲੁੱਟ-ਪੁੱਟ ਕੇ ਤਬਾਹ ਕਰ ਦਿੱਤਾ। ਪਰ ਅਬਦਾਲੀ ਦੀ ਮੌਤ ਤੋਂ ਬਾਅਦ ਜਲਦੀ ਹੀ ਇਹ ਦੁਬਾਰਾ ਅਬਾਦ ਹੋ ਗਿਆ। ਇਸ ਵਿੱਚ ਕਈ ਮੰਦਰ ਤੇ ਤਿੰਨ ਸਰੋਵਰ ਬਣੇ ਹੋਏ ਹਨ। ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਭਗਤੀ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ।
1947 ਵੇਲੇ ਇਸ ਦਾ ਮਹੰਤ ਸਮੰਦ ਨਾਥ ਸੀ। ਉਹ ਵੀ ਹੋ ਰਹੇ ਫਸਾਦਾਂ ਕਾਰਨ ਹਿੰਦੂ ਸਿੱਖ ਅਬਾਦੀ ਨਾਲ ਭਾਰਤ ਆ ਗਿਆ। ਉਸ ਤੋਂ ਬਾਅਦ ਇਹ ਮੰਦਰ ਉੱਜੜਿਆ ਪਿਆ ਹੈ। ਇਸ ਤੱਕ ਪਹੁੰਚਣ ਲਈ ਰੋਹਤਾਸ ਕਿਲ੍ਹੇ ਤੇ ਸੰਗੋਈ ਕਸਬੇ ਤੋਂ ਪਗਡੰਡੀਆਂ ਜਾਂਦੀਆਂ ਹਨ ਤੇ ਇੱਥੇ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ। ਹੁਣ ਇਸ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ। ਲੱਗਦੈ ਕਿ ਹੌਲੀ-ਹੌਲੀ ਜੰਗਲ ਇਸ ਨੂੰ ਖਾ ਜਾਵੇਗਾ।
ਪੰਡੋਰੀ ਸਿੱਧਵਾਂ,
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।