ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਲਾਲ ਸਿੰਘ, ਰਾਜਿੰਦਰ ਕੌਰ ਭੱਠਲ ਅਤੇ ਪਰਮਿੰਦਰ ਢੀਂਡਸਾ ਲੈਣਗੇ 5 ਪੈਨਸ਼ਨਾਂ
- ਇੱਕ ਪੈਨਸ਼ਨ 75 ਹਜ਼ਾਰ, ਉਸ ਤੋਂ ਅਗਲੀ ਹਰ ਵਾਰ ਦੀ 50-50 ਹਜ਼ਾਰ ਰੁਪਏ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ (Parkash Singh Badal) ਹੁਣ ਪੰਜਾਬ ਵਿੱਚ ਸਭ ਤੋਂ ਜਿਆਦਾ ਪੈਨਸ਼ਨ ਲੈਣ ਵਾਲੇ ਪੈਨਸ਼ਨਰ ਹੋ ਗਏ ਹਨ। ਸ੍ਰ. ਬਾਦਲ ਸਾਬਕਾ ਵਿਧਾਇਕਾਂ ਵਿੱਚੋਂ ਅਜਿਹੇ ਆਗੂ ਹਨ, ਜਿਹੜੇ ਕਿ 10 ਵਾਰ ਵਿਧਾਨ ਸਭਾ ਵਿੱਚੋਂ ਚੁਣ ਕੇ ਆ ਚੁੱਕੇ ਹਨ, ਜਿਸ ਕਾਰਨ ਹੁਣ ਸਾਬਕਾ ਵਿਧਾਇਕ ਹੋਣ ਕਰਕੇ ਉਨਾਂ ਨੂੰ ਇੱਕ ਨਹੀਂ ਸਗੋਂ 10-10 ਪੈਨਸ਼ਨਾਂ ਦਾ ਲਾਭ ਮਿਲਣ ਜਾ ਰਿਹਾ ਹੈ। ਉਨ੍ਹਾਂ ਨੂੰ ਹਰ ਮਹੀਨੇ 10 ਪੈਨਸ਼ਨਾਂ ਦੇ 5 ਲੱਖ 26 ਹਜ਼ਾਰ 50 ਰੁਪਏ ਦਿੱਤੇ ਜਾਣਗੇ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਸਭ ਤੋਂ ਜਿਆਦਾ ਪੈਨਸ਼ਨ ਲੈਣ ਵਾਲੇ ਪਰਕਾਸ਼ ਸਿੰਘ ਬਾਦਲ ਬਣ ਗਏ ਹਨ, ਕਿਉਂਕਿ ਇਨਾਂ ਤੋਂ ਬਾਅਦ ਸਾਬਕਾ ਵਿਧਾਇਕਾਂ ਵਿੱਚ 6 ਵਾਰ ਰਹਿਣ ਵਾਲੇ ਹੀ ਸ਼ਾਮਲ ਹਨ। ਜਿਸ ਕਾਰਨ ਪਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਜਿਆਦਾ ਪੈਨਸ਼ਨ ਮਿਲਣ ਜਾ ਰਹੀ ਹੈ।
ਇਸੇ ਤਰੀਕੇ ਨਾਲ ਹੀ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਰਾਜਿੰਦਰ ਕੌਰ ਭੱਠਲ, ਲਾਲ ਸਿੰਘ ਅਤੇ ਪਰਮਿੰਦਰ ਢੀਂਡਸਾ ਸਣੇ ਅੱਧੀ ਦਰਜਨ ਦੇ ਕਰੀਬ ਸਾਬਕਾ ਵਿਧਾਇਕ ਹਨ, ਜਿਹੜੇ ਕਿ 5 ਅਤੇ 6 ਪੈਨਸ਼ਨ ਲੈਣ ਵਾਲੇ ਹਨ। ਇਨਾਂ ਸਾਬਕਾ ਵਿਧਾਇਕਾਂ ਨੂੰ 2 ਲੱਖ 75 ਹਜ਼ਾਰ ਤੋਂ 450 ਰੁਪਏ ਤੋਂ ਲੈ ਕੇ 3 ਲੱਖ 25 ਹਜ਼ਾਰ 550 ਰੁਪਏ ਤੱਕ ਪੈਨਸ਼ਨ ਮਿਲੇਗੀ।
ਜ਼ਿਆਦਾਤਰ ਪੈਨਸ਼ਨਰ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਭਗ 80 ਦੇ ਕਰੀਬ ਵਿਧਾਇਕਾਂ ਨੂੰ ਹਰਾਉਂਦੇ ਹੋਏ ਸੱਤਾ ਵਿੱਚੋਂ ਬਾਹਰ ਕਰ ਦਿੱਤਾ ਹੈ। ਜਿਸ ਕਾਰਨ ਇਸ ਵਾਰ ਪੈੱਨਸ਼ਨਰਾਂ ਦੀ ਗਿਣਤੀ ਵਿੱਚ ਵੀ 80 ਤੋਂ ਜਿਆਦਾ ਸਾਬਕਾ ਵਿਧਾਇਕ ਸ਼ਾਮਲ ਹੋਣ ਜਾ ਰਹੇ ਹਨ। ਇਨਾਂ ਨਵੇਂ ਪੈੱਨਸ਼ਨਰਾਂ ਵਿੱਚ ਖ਼ਾਸ ਗੱਲ ਇਹ ਹੈ ਕਿ ਜ਼ਿਆਦਾਤਰ ਪੈਨਸ਼ਨਰ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨਾਂ ਨੂੰ ਇੱਕ ਨਹੀਂ ਸਗੋਂ ਕਈ ਕਈ ਪੈਨਸ਼ਨਾਂ ਮਿਲਣਗੀਆ।
ਪੰਜਾਬ ਵਿਧਾਨ ਸਭਾ ਦੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ) ਐਕਟ 1977 ਅਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ) ਐਕਟ 1984 ਅਨੁਸਾਰ ਪੰਜਾਬ ਐਕਟ ਨੰਬਰ 30 ਆਫ਼ 2016 ਰਾਹੀਂ ਹੋਈ ਨੋਟੀਫਿਕੇਸ਼ਨ ਅਨੁਸਾਰ ਸਾਬਕਾ ਵਿਧਾਇਕਾਂ ਨੂੰ ਮੁੱਢਲੀ ਟਰਮ ਲਈ 15 ਹਜ਼ਾਰ ਰੁਪਏ ਅਤੇ ਹਰ ਵਾਧੂ ਟਰਮ ਲਈ 10-10 ਹਜ਼ਾਰ ਰੁਪਏ ਮਿਲੇਗਾ। ਇਸ ਨਾਲ ਹੀ 50 ਫੀਸਦੀ ਡੀ.ਏ. ਮਰਜ਼ਰ ਅਤੇ ਉਹ ਕੁੱਲ ਜੋੜ ’ਤੇ 234 ਫੀਸਦੀ ਮਹਿੰਗਾਈ ਭੱਤਾ ਮਿਲੇਗਾ।
ਇਸ ਹਿਸਾਬ ਨਾਲ ਜਿਹੜਾ ਸਾਬਕਾ ਵਿਧਾਇਕ 2 ਵਾਰ ਜਿੱਤਣ ਬਾਅਦ ਪੈਨਸ਼ਨਰ ਬਣਿਆ ਹੈ ਤਾਂ ਪਹਿਲੀ ਟਰਮ ਲਈ 15 ਹਜ਼ਾਰ ਅਤੇ 7 ਹਜ਼ਾਰ 500 (50 ਫੀਸਦੀ ਡੀ.ਏ. ਮਰਜ਼ਰ) ਦੇ ਕੁੱਲ ਜੋੜ 22 ਹਜ਼ਾਰ 500 ਰੁਪਏ ਨਾਲ 52 ਹਜ਼ਾਰ 650 (234 ਫੀਸਦੀ ਡੀ.ਏ.) ਮਿਲੇਗਾ, ਜਿਹੜਾ ਕਿ ਕੁੱਲ ਜੋੜ 75 ਹਜ਼ਾਰ 150 ਰੁਪਏ ਪੈਨਸ਼ਨ ਬਣ ਜਾਂਦੀ ਹੈ। ਇਸੇ ਫ਼ਾਰਮੂਲੇ ਅਨੁਸਾਰ ਹਰ ਅਗਲੀ ਟਰਮ ਦੇ 50 ਹਜ਼ਾਰ 100 ਰੁਪਏ ਵਾਧੂ ਜੁੜਦੇ ਜਾਂਦੇ ਹਨ। 2 ਵਾਰ ਵਿਧਾਇਕ ਰਹਿਣ ਵਾਲੇ ਸਾਬਕਾ ਵਿਧਾਇਕ ਨੂੰ 75150 ਅਤੇ 50100 ਦਾ ਜੋੜ 1 ਲੱਖ 25 ਹਜ਼ਾਰ 250 ਰੁਪਏ ਮਿਲਦਾ ਹੈ। ਜਿੰਨੀ ਵਾਰ ਵਿਧਾਇਕ ਹੋਣਗੇ ਤਾਂ ਉਸ ਹਿਸਾਬ ਨਾਲ ਹਰ ਅਗਲੀ ਟਰਮ ਦੇ 50 ਹਜ਼ਾਰ 100 ਰੁਪਏ ਜੁੜਦੇ ਜਾਣਗੇ। ਕਈ ਸਾਬਕਾ ਵਿਧਾਇਕ 6 ਵਾਰ ਦੀ 3 ਲੱਖ 25 ਹਜ਼ਾਰ ਰੁਪਏ ਹਰ ਮਹੀਨੇ ਪੈਨਸ਼ਨ ਵੀ ਲੈ ਰਹੇ ਹਨ।
ਮੁੱਖ ਮੰਤਰੀ ਦੀ ਤਨਖ਼ਾਹ ਤੋਂ 4 ਗੁਣਾ ਜਿਆਦਾ ਪੈਨਸ਼ਨ
ਮੁੱਖ ਮੰਤਰੀ ਭਗਵੰਤ ਮਾਨ ਨੂੰ 1 ਲੱਖ 50 ਹਜ਼ਾਰ ਰੁਪਏ ਤਨਖ਼ਾਹ ਅਤੇ ਭੱਤੇ ਦੇ ਰੂਪ ਵਿੱਚ ਮਿਲਣਗੇ ਪਰ ਭਗਵੰਤ ਮਾਨ ਦੀ ਤਨਖ਼ਾਹ ਅਤੇ ਸਾਰੇ ਭੱਤੇ ਮਿਲਾਉਣ ਤੋਂ ਬਾਅਦ ਜਿੰਨੀ ਰਕਮ ਬਣੇਗੀ, ਉਸ ਤੋਂ 4 ਗੁਣਾ ਜਿਆਦਾ ਤੱਕ ਪੈਨਸ਼ਨ ਪਰਕਾਸ਼ ਸਿੰਘ ਬਾਦਲ ਲੈਣਗੇ। ਇਸ ਨਾਲ ਹੀ ਕਈ ਸਾਬਕਾ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਦੀ ਤਨਖ਼ਾਹ ਤੋਂ 2 ਗੁਣਾ ਤੱਕ ਪੈਨਸ਼ਨ ਹਰ ਮਹੀਨੇ ਲੈਣਗੇ। ਇਹ ਸਾਰਾ ਖੇਡ ਇੱਕ ਤੋਂ ਜਿਆਦਾ ਪੈਨਸ਼ਨ ਲੈਣ ਕਰਕੇ ਹੈ। ਜੇਕਰ ਇੱਕ ਤੋਂ ਜਿਆਦਾ ਪੈਨਸ਼ਨ ਬੰਦ ਹੋ ਜਾਂਦੀ ਹੈ ਤਾਂ ਇਨਾਂ ਸਾਬਕਾ ਵਿਧਾਇਕਾਂ ਨੂੰ 75 ਹਜ਼ਾਰ ਰੁਪਏ ਤੱਕ ਹੀ ਪੈਨਸ਼ਨ ਮਿਲੇਗੀ।
ਆਪ ਦਾ ਐਲਾਨ, ਬੰਦ ਕੀਤੀ ਜਾਣਗੀਆਂ ਵਾਧੂ ਪੈਨਸ਼ਨਾਂ
ਆਮ ਆਦਮੀ ਪਾਰਟੀ ਵਲੋਂ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਇਹ ਐਲਾਨ ਕੀਤਾ ਗਿਆ ਸੀ ਕਿ ਉਨਾਂ ਦੀ ਸਰਕਾਰ ਆਉਣ ’ਤੇ ਇੱਕ ਤੋਂ ਜਿਆਦਾ ਪੈਨਸ਼ਨਾਂ ਨੂੰ ਬੰਦ ਕੀਤਾ ਜਾਏਗਾ। ਪੰਜਾਬ ਵਿੱਚ ਇੱਕ ਸਾਬਕਾ ਵਿਧਾਇਕ ਇੱਕ ਪੈਨਸ਼ਨ ਦਾ ਫ਼ਾਰਮੂਲਾ ਲਾਗੂ ਕੀਤਾ ਜਾਏਗਾ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਅਤੇ 10 ਤੋਂ ਜਿਆਦਾ ਵਿਧਾਇਕਾਂ ਨੇ ਦਸਤਖ਼ਤ ਕਰਦੇ ਹੋਏ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਲਿਖਤੀ ਵਿੱਚ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਕਾਂਗਰਸ ਸਰਕਾਰ ਵਪਲੋਂ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ