Punjab News: ਨਸ਼ਿਆਂ ਦੀ ਪੂਰਤੀ ਲਈ ਮਾਪਿਆਂ ਨੇ ਵੇਚਿਆ ਜਿਗਰ ਦਾ ਟੁਕੜਾ

Punjab News
Punjab News: ਨਸ਼ਿਆਂ ਦੀ ਪੂਰਤੀ ਲਈ ਮਾਪਿਆਂ ਨੇ ਵੇਚਿਆ ਜਿਗਰ ਦਾ ਟੁਕੜਾ

Punjab News: ਬਰੇਟਾ (ਕ੍ਰਿਸ਼ਨ ਭੋਲਾ)। ਪੰਜਾਬ ਸਰਕਾਰ ਵੱਲੋਂ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਕਾਫੀ ਸਮੇਂ ਤੋਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਇਸ ਦੇ ਬਾਵਜੂਦ ਵੀ ਪਿੰਡਾਂ ਵਿੱਚ ਲੁਕੇ ਛਿਪੇ ਕੁੱਝ ਘਰਾਂ ਵਿੱਚ ਨਸ਼ਾ ਚੱਲ ਰਿਹਾ ਹੈ। ਇਸੇ ਤਰ੍ਹਾਂ ਇਲਾਕੇ ਦੇ ਇੱਕ ਪਿੰਡ ਵਿੱਚ ਇੱਕ ਜੋੜਾ ਚਿੱਟੇ ਦੇ ਨਸ਼ੇ ਦਾ ਆਦੀ ਬਣਿਆ ਹੋਇਆ ਹੈ। ਇਸ ਜੋੜੇ ਨੇ ਨਸ਼ੇ ਅਤੇ ਹੋਰ ਘਰੇਲੂ ਸਮਾਨ ਦੀ ਪੂਰਤੀ ਲਈ ਆਪਣੇ ਜਿਗਰ ਦੇ ਟੁਕੜੇ ਪੁੱਤਰ ਨੂੰ ਵੇਚ ਦਿੱਤਾ ਸੀ ਜਿਸ ਨੂੰ ਹੁਣ ਵਾਪਸ ਲੈਣ ’ਤੇ ਮਾਮਲਾ ਜਨਤਕ ਹੋਇਆ ਹੈ।

ਬੱਚੇ ਦੇ ਮਾਪਿਆਂ ਦੇ ਕਹਿਣ ਮੁਤਾਬਕ ਨਸ਼ੇ ਦੇ ਆਦੀ ਹੋਣ ਕਾਰਨ ਬੱਚੇ ਦੀ ਸਾਂਭ-ਸੰਭਾਲ ਕਰਨੀ ਬਹੁਤ ਮੁਸ਼ਕਿਲ ਹੋ ਗਈ। ਘਰ ਦੇ ਗੁਜਾਰੇ ਅਤੇ ਨਸ਼ੇ ਦਾ ਖਰਚਾ ਨਾ ਪੂਰਾ ਹੁੰਦਾ ਦੇਖ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਵੀ ਪੂਰਾ ਪੈਂਦਾ ਨਾ ਦਿਸਿਆ ਤਾਂ ਬੱਚੇ ਨੂੰ ਉਹਨਾਂ ਦੋਨੇ ਜੀਆਂ ਨੇ ਮਿਲ ਕੇ ਇਕ ਲੱਖ 80 ਹਜਾਰ ਰੁਪਏ ਵਿੱਚ ਵੇਚ ਦਿੱਤਾ ਅਤੇ ਗੋਦਨਾਮਾ ਵੀ ਲਿਖਵਾ ਦਿੱਤਾ। ਬੱਚੇ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਇਕ ਲੱਖ ਰੁਪਏ ਦੇ ਅਲਮਾਰੀ, ਸੋਫਾ ਸੈੱਟ, ਬੈੱਡ ਅਤੇ ਕੱਪੜੇ ਵਗੈਰਾ ਖਰੀਦ ਲਏ ਅਤੇ ਤਕਰੀਬਨ 80 ਹਜਾਰ ਰੁਪਏ ਦਾ ਖਰਚਾ ਨਸ਼ੇ ਵਿੱਚ ਹੋ ਗਿਆ। Punjab News

Read Also : ਸੀਬੀਆਈ ਨੇ ਪੰਜਾਬ ਡੀਆਈਜੀ ਭੁੱਲਰ ਦੇ ਫਾਰਮ ਹਾਊਸ ’ਤੇ ਮਾਰਿਆ ਛਾਪਾ

ਇਸ ਸਬੰਧੀ ਪਿੰਡ ਦੀ ਸਰਪੰਚ ਦੇ ਪਤੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਦੋਵੇਂ ਜੀਅ ਪਹਿਲਾਂ ਨਸ਼ੇ ਦੇ ਆਦੀ ਸੀ ਪਰ ਪੰਚਾਇਤ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲਣ ਸਮੇਂ ਇਹਨਾਂ ਦਾ ਨਸ਼ਾ ਛੁਡਵਾ ਵੀ ਦਿੱਤਾ ਸੀ ਪ੍ਰੰਤੂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਅੱਗੇ ਕਿਸੇ ਨੂੰ ਦੇ ਦਿੱਤਾ ਹੈ ਪ੍ਰੰਤੂ ਇਸ ਦੇ ਬਾਰੇ ਗੱਲਬਾਤ ਵੀ ਚੱਲ ਰਹੀ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਜੋ ਵੀ ਮਾਮਲਾ ਸਾਹਮਣੇ ਆਇਆ ਤਾਂ ਉਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।