ਆਨਲਾਈਨ ਪੜ੍ਹਾਈ ਲਈ ਮਾਪਿਆਂ ਦੇ ਫ਼ਰਜ਼

ਆਨਲਾਈਨ ਪੜ੍ਹਾਈ ਲਈ ਮਾਪਿਆਂ ਦੇ ਫ਼ਰਜ਼

ਬੱਚਿਆਂ ਦੀ ਪੜ੍ਹਾਈ ਦੇ ਮਾਮਲੇ ਸਬੰਧੀ ਕੋਰੋਨਾ ਕਾਲ ਨੇ ਵੱਡੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ। ਸਕੂਲ ਬੰਦ ਹਨ, ਖੁੱਲ੍ਹਣ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਅਧਿਆਪਕਾਂ, ਖ਼ਾਸ ਕਰਕੇ ਮਾਪਿਆਂ ਨੂੰ ਬੱਚਿਆਂ ਨਾਲ ਮਨੋਵਿਗਿਆਨਕ ਤੌਰ ‘ਤੇ ਨਜਿੱਠਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਖਿਆਲ ਰੱਖਣਾ ਪੈ ਰਿਹਾ ਹੈ ਉੱਥੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਤੰਦਰਰੁਸਤੀ ਵੱਲ ਵੀ ਧਿਆਨ ਦੇਣਾ ਪੈ ਰਿਹਾ ਹੈ।  ਇਸ ਸਮੇਂ ਦੌਰਾਨ ਬੱਚਿਆਂ ਦੇ ਮਨਾਂ ਅੰਦਰ ਤਰ੍ਹਾਂ ਤਰ੍ਹਾਂ ਦੇ ਵਲਵਲੇ ਤੇ ਡਰ ਪੈਦਾ ਹੋ ਰਹੇ ਹਨ।

ਇਨ੍ਹਾਂ ਸਥਿਤੀਆਂ ਦੌਰਾਨ ਬੱਚਿਆਂ ਦੀ ਹੌਸਲਾ ਅਫਜਾਈ ਤੇ ਮੱਦਦ ਦੀ ਲੋੜ ਹੈ। ਖਾਸ ਤੌਰ ‘ਤੇ ਛੋਟੇ ਬੱਚੇ ਆਪਣਾ ਅੰਦਰਲਾ ਦੁੱਖ ਦਰਦ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਦੇ ਹਾਵ-ਭਾਵ ਵੇਖ ਕੇ ਉਨ੍ਹਾਂ ਦੀ ਖੁਸ਼ੀ ਗ਼ਮੀ ਦਾ ਹਿਸਾਬ ਲਾਉਣਾ ਪੈਂਦਾ ਹੈ। ਅੱਜ-ਕੱਲ੍ਹ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਡਿਜ਼ੀਟਲ ਪੜ੍ਹਾਈ ਰਾਹੀਂ ਗਿਆਨ ਦਾ ਕੇਵਲ ਸੰਚਾਰ ਕੀਤਾ ਜਾ ਸਕਦਾ ਹੈ ਪਰ ਆਨਲਾਈਨ ਸਾਧਨਾਂ ਰਾਹੀਂ ਬੱਚਿਆਂ ਦਾ ਪੂਰਨ ਵਿਕਾਸ ਕਰਨਾ ਔਖਾ ਕੰਮ ਹੈ।

ਅਧਿਆਪਕਾਂ ਨਾਲ ਨਾਲ ਮਾਪਿਆਂ ਨੂੰ ਵੀ ਸਹਿਯੋਗ ਅਤੇ ਨਿਗਰਾਨੀ ਕਰਨ ਦੀ ਲੋੜ ਹੈ। ਸਮਾਰਟਫੋਨ ਵਰਤ ਰਹੇ ਬੱਚਿਆਂ ਦੀ ਮਾਪਿਆਂ ਵੱਲੋਂ ਨਿਗਰਾਨੀ ਰੱਖਣੀ ਜ਼ਰੂਰੀ ਹੈ, ਪਰ ਇਹ ਇੰਨੀ ਸਖ਼ਤ ਵੀ ਨਹੀਂ ਹੋਣੀ ਚਾਹੀਦੀ ਕਿ ਬੱਚੇ ਖੁਦ ਨੂੰ ਸ਼ੱਕੀ ਮਹਿਸੂਸ ਕਰਨ ਲੱਗ ਜਾਣ। ਮਾਪਿਆਂ ਨੂੰ ਬੱਚਿਆਂ ਦਾ ਵਰਤਾਓ ਵੇਖ ਕੇ ਉਨ੍ਹਾਂ ਦੀ ਮਾਨਸਿਕ ਸਿਹਤ ਬਾਰੇ ਪਤਾ ਲੱਗ ਜਾਂਦਾ ਹੈ।

ਜੇਕਰ ਬੱਚਿਆਂ ਦੇ ਚਿਹਰੇ ਜਾਂ ਹਾਵ-ਭਾਵ ‘ਚ ਚਿੰਤਾ ਜਾਂ ਤਣਾਅ ਨਜ਼ਰ ਆਵੇ ਤਾਂ ਤੁਰੰਤ ਲੋੜੀਂਦਾ ਉਪਾਅ ਕਰਨਾ ਜ਼ਰੂਰੀ ਹੈ। ਜੇਕਰ ਬੱਚਾ ਆਪਣੀਆਂ ਆਨਲਾਈਨ ਕਿਰਿਆਵਾਂ ਦੌਰਾਨ ਕੁਝ ਵੀ ਛੁਪਾਉਣ ਦਾ ਯਤਨ ਕਰਦਾ ਹੈ ਤਾਂ ਮਾਮਲਾ ਗੜਬੜ ਹੈ। ਬੱਚਾ ਬ੍ਰਾਊਜ਼ਰ ਦੀ ਹਿਸਟਰੀ ਡਿਲੀਟ ਕਰਦਾ ਹੈ, ਲਕੋਅ ਰੱਖਣ ਵਾਲੇ ਸਾਫਟਵੇਅਰ ਵਰਤਦਾ ਹੈ ਜਾਂ ਤੁਹਾਨੂੰ ਦੇਖਣ ਸਾਰ ਉਸਦੀ ਸਰਫਿੰਗ ਤੇਜ਼ ਹੋ ਜਾਂਦੀ ਹੈ ਤਾਂ ਉਸ ਨਾਲ ਬੈਠ ਕੇ ਖੁੱਲ੍ਹੀ ਗੱਲਬਾਤ ਕਰੋ।

ਤੁਸੀਂ ਇੰਟਰਨੈੱਟ ਦੀ ਕਿਵੇਂ ਵਰਤੋਂ ਕਰਦੇ ਹੋ, ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ। ਮਾਪੇ ਬੱਚਿਆਂ ਲਈ ਰੋਲ ਮਾਡਲ ਹੁੰਦੇ ਹਨ।  ਬੱਚੇ ਸਾਡੀ ਥੋੜ੍ਹੀ ਬਹੁਤ ਨਕਲ ਜ਼ਰੂਰ ਕਰਦੇ ਹਨ। ਬੱਚੇ ਨਾਲ ਇੰਟਰਨੈੱਟ ‘ਤੇ ਉਪਲੱਬਧ ਗਿਆਨ ਦੇ ਚੰਗੇ ਸੋਮਿਆਂ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ-ਕੱਲ੍ਹ ਡਿਜ਼ੀਟਲ ਸਿੱਖਣ ਸੋਮਿਆਂ ਵਿੱਚ ਅਨੇਕਾਂ ਹੀ ਕਾਰਟੂਨ ,ਐਨੀਮੇਸ਼ਨ ਆਧਾਰਿਤ ਫ਼ਿਲਮਾਂ , ਆਨਲਾਈਨ ਕਿਤਾਬਾਂ , ਪੋਡਕਾਸਟ , ਯੂ-ਟਿਊਬ ਚੈਨਲਜ਼ ਆਦਿ ਕਿੰਨਾ ਕੁਝ ਮੌਜੂਦ ਹੈ ਜੋ ਬੱਚਿਆਂ ਦੇ ਸਿੱਖਣ ਵਿੱਚ ਬਹੁਤ ਸਹਾਈ ਸਿੱਧ ਹੋ ਸਕਦਾ ਹੈ।

ਬੱਚੇ ਨੂੰ ਕੇਵਲ ਆਨਲਾਈਨ ਪੜ੍ਹਾਈ ਬਾਰੇ ਹੀ ਨਹੀਂ ਸਗੋਂ ਆਨਲਾਈਨ ਖੇਡਾਂ ਰਾਹੀਂ ਮਨ ਪ੍ਰਚਾਵੇ ਬਾਰੇ ਵੀ ਉਤਸ਼ਾਹਿਤ ਕਰੋ। ਇਸ ਤਬਦੀਲੀ ਨਾਲ ਬੱਚਾ ਥੱਕਦਾ ਨਹੀਂ ਤੇ ਉਹ ਤਰੋ-ਤਾਜ਼ਾ ਹੋਇਆ ਰਹਿੰਦਾ ਹੈ। ਘਰਾਂ ਅੰਦਰ ਰਹਿਣ ਕਰਕੇ ਬੱਚਿਆਂ ਦੀ ਸਰੀਰਕ ਗਤੀਵਿਧੀ ਘੱਟ ਜਾਂਦੀ ਹੈ। ਇਸ ਲਈ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਡਿਜ਼ੀਟਲ ਪੜ੍ਹਾਈ ਦੀ ਬਰੇਕ ਸਮੇਂ ਯੋਗਾ ਅਤੇ ਸਰੀਰਕ ਕਸਰਤ ਨਾਲ ਸਬੰਧਤ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰਨ।

ਟੀਵੀ ,ਲੈਪਟਾਪ, ਕੰਪਿਊਟਰ ਤੇ ਸਮਾਰਟਫੋਨ ਕਿਸੇ ਸਾਂਝੇ ਥਾਂ ‘ਤੇ ਰੱਖੇ ਹੋਣੇ ਚਾਹੀਦੇ ਹਨ , ਘੱਟੋ-ਘੱਟ ਬੈਡਰੂਮ ਵਿੱਚ ਤਾਂ ਬਿਲਕੁਲ ਵੀ ਨਹੀਂ ਚਾਹੀਦੇ। ਇਸ ਤਰ੍ਹਾਂ ਕਰਨ ਨਾਲ ਇਹ ਯੰਤਰ ਬੱਚਿਆਂ ਦੀਆਂ ਅੱਖਾਂ ਤੋਂ ਦੂਰ ਰਹਿਣਗੇ, ਜਿਸ ਕਰਕੇ ਉਹ ਇਨ੍ਹਾਂ ਨੂੰ ਸੀਮਤ ਅਤੇ ਲੋੜ ਅਨੁਸਾਰ ਵਰਤਣਗੇ। ਇੰਟਰਨੈਟ ਤੋਂ ਦੂਰੀ ਨਾਲ ਰੇਡੀਏਸ਼ਨ ਦਾ ਖਤਰਾ ਵੀ ਘਟਦਾ ਹੈ। ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਲਈ ਬੱਚਿਆਂ ਨਾਲ ਲਗਾਤਾਰ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਆਨਲਾਈਨ ਪੜ੍ਹਾਈ ਲਈ ਨਿਯਮ ਬਣਾ ਕੇ ਉਨ੍ਹਾਂ ਨੂੰ ਬਕਾਇਦਾ ਕੰਧ ‘ਤੇ ਪੇਸਟ ਕਰਕੇ ਲਾਗੂ ਕਰਨਾ ਚਾਹੀਦਾ ਹੈ।

ਇਨ੍ਹਾਂ ਨਿਯਮਾਂ ਵਿੱਚ ਸਕਰੀਨ ਫਰੀ ਸਮਾਂ , ਟੀ ਵੀ ਅਤੇ ਕੰਪਿਊਟਰ ‘ਤੇ ਕੰਮ ਕਰਨ ਦੇ ਸਮੇਂ ਤੋਂ ਇਲਾਵਾ ਖੇਡ-ਕੁੱਦ ਦੀ ਸਮਾਂ- ਸਾਰਨੀ ਵੀ ਸ਼ਾਮਲ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਸੋਸ਼ਲ ਮੀਡੀਆ ‘ਤੇ ਕਿਸੇ ਵਿਅਕਤੀ ਜਾਂ ਵਿਸ਼ੇਸ਼ ਵਰਗ ਨੂੰ ਤਕਲੀਫ ਦੇਣ ਵਾਲੀਆਂ ਪੋਸਟਾਂ ਨਾ ਪਾਉਣ ਲਈ ਕਹੋ। ਬੱਚੇ ਵੱਲੋਂ ਸੋਸ਼ਲ ਮੀਡੀਆ ਦੇ ਵੱਖ ਵੱਖ ਮਾਧਿਅਮਾਂ ਰਾਹੀਂ ਸਾਂਝੀਆਂ ਕੀਤੀਆਂ ਪੋਸਟਾਂ ਉਸ ਦੇ ਅੰਦਰਲੇ ਰੁਝਾਨ ਬਾਰੇ ਦੱਸਦੀਆਂ ਹਨ। ਜੇਕਰ ਬੱਚਾ ਸਾਰਾ ਦਿਨ ਮੋਬਾਈਲ ਨਾਲ ਚਿਪਕਿਆ ਰਹਿੰਦਾ ਹੈ

ਇਸ  ਕਾਰਨਾਂ ਦਾ ਮਾਪਿਆਂ ਨੂੰ ਪਤਾ ਹੋਣਾ ਜ਼ਰੂਰੀ ਹੈ। ਜੇਕਰ ਮਾਪੇ ਸੁਚੇਤ ਨਹੀਂ ਹੋਣਗੇ ਤਾਂ ਬੱਚੇ ਇੰਟਰਨੈੱਟ ਦੀ ਦੁਨੀਆਂ ਵਿੱਚ ਗ੍ਰਸੇ ਜਾਣ ਦੇ ਨਾਲ ਨਾਲ ਉਨ੍ਹਾਂ ਦੀ ਪਰਿਵਾਰਕ ਮੈਂਬਰਾਂ ਤੋਂ ਦੂਰੀ ਵੀ ਵਧ ਜਾਵੇਗੀ। ਆਪਸੀ ਅਦਾਨ-ਪ੍ਰਦਾਨ ਦੇ ਇਹ ਫਾਸਲੇ ਬੱਚੇ ਲਈ ਬੜੇ ਘਾਤਕ ਸਿੱਧ ਹੁੰਦੇ ਹਨ।  ਕੇਂਦਰੀ ਸਿੱਖਿਆ ਬੋਰਡ ਨੇ ਹਾਲ ਵਿੱਚ ਹੀ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਲਈ ਮੈਨੂਅਲ ਜਾਰੀ ਕੀਤਾ ਹੈ। ਮਾਪਿਆਂ ਨੂੰ ਇਸ ਕਿਤਾਬਚੇ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।

ਇਹ ਰਾਹੀਂ ਕਿਉੂ. ਆਰ. ਕੋਡ ਸਕੈਨ ਕਰਕੇ ਸਬੰਧਿਤ ਵੀਡੀਓ ਵੀ ਵੇਖੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਭਾਰਤ ਦੇ ਮਾਨਵ ਸਰੋਤ ਵਿਕਾਸ ਮੰਤਰਾਲੇ ਵੱਲੋਂ ਬੱਚਿਆਂ ਦੀ ਆਨਲਾਈਨ ਪੜ੍ਹਾਈ ਲਈ ਇੱਕ ਦਿਨ ਦੌਰਾਨ ਵੱਧ ਤੋਂ ਵੱਧ ਤਿੰਨ ਘੰਟੇ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਨਾ ਪਵੇ। ਬੱਚੇ ਦੇ ਸਹੀ ਵਿਕਾਸ ਲਈ ਪ੍ਰਿੰਸੀਪਲ ਅਤੇ ਸਕੂਲ ਸਟਾਫ਼ ਨਾਲ ਲਗਾਤਾਰ ਤਾਲਮੇਲ ਰੱਖੋ। ਸਕੂਲ ਵੱਲੋਂ ਡਿਜੀਟਲ ਸਾਧਨਾਂ ਰਾਹੀਂ ਜੋ ਕੰਮ ਕਰਨ ਨੂੰ ਕਿਹਾ ਜਾਂਦਾ ਹੈ, ਨੂੰ ਪੂਰਾ ਕਰਨ ਲਈ ਬੱਚਿਆਂ ਨੂੰ ਲੋੜੀਂਦੇ ਸਾਧਨ ਮੁਹੱਈਆ ਕਰਵਾਓ।

ਬੱਚੇ ਨੂੰ ਹੋਰ ਅੱਗੇ ਵਧਣ ਲਈ ਲਗਾਤਾਰ ਸਹਾਇਤਾ ਕਰੋ। ਆਨਲਾਈਨ ਜਮਾਤਾਂ ਦੌਰਾਨ ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਐਨਕਾਂ, ਈਅਰਫੋਨ ਆਦਿ ਸਮੱਗਰੀ ਵਰਤ ਰਹੇ ਹਨ। ਜੇਕਰ ਬੱਚੇ ਦਾ ਮਨ ਨਾ ਕਰੇ ਤਾਂ ਉਸ ਨੂੰ ਆਨਲਾਈਨ ਪੜ੍ਹਾਈ ਕਰਨ ਲਈ ਕੰਪਿਊਟਰ ਜਾਂ ਟੀ ਵੀ ਅੱਗੇ ਬੈਠਣ ਲਈ ਮਜ਼ਬੂਰ ਨਾ ਕਰੋ।  ਦੂਸਰੇ ਬੱਚਿਆਂ ਅਤੇ ਅਧਿਆਪਕਾਂ ਨਾਲ ਮਸ਼ਵਰਾ ਕਰਕੇ ਬੱਚੇ ਲਈ ਘਰ ਵਿਖੇ ਸਿੱਖਣ ਦਾ ਸਿਹਤਮੰਦ ਮਾਹੌਲ ਤਿਆਰ ਕਰੋ।

ਪੜ੍ਹਾਈ ਦੀ ਸਮਾਂ ਸਾਰਨੀ ਨੂੰ ਨਿਯਮਤ ਤਰੀਕੇ ਨਾਲ ਲਾਗੂ ਕਰਨ ਲਈ ਬੱਚਿਆਂ ਨੂੰ ਪਿਆਰ ਨਾਲ ਪ੍ਰੇਰਿਤ ਕਰੋ। ਉਨ੍ਹਾਂ ਨੂੰ ਰੋਜ਼ਾਨਾਂ ਦੇ, ਫਿਰ ਹਫ਼ਤੇ ਦੇ ਸਿੱਖਣ ਟੀਚੇ ਬਣਾ ਕੇ ਦਿਓ। ਆਨਲਾਈਨ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਆਫ-ਲਾਈਨ ਭਾਵ ਕਾਪੀਆਂ ਕਿਤਾਬਾਂ ਨਾਲ ਜੋੜੀ ਰੱਖੋ।  ਬੱਚਿਆਂ ਨੂੰ ਲੋੜ ਅਨੁਸਾਰ ਡਿਜ਼ੀਟਲ ਸਿੱਖਿਆ ਸਾਧਨਾਂ ਦੀ ਉੱਚਿਤ ਵਰਤੋਂ ਕਰਨ ਬਾਰੇ ਦੱਸਣਾ ਸਮੇਂ ਦੀ ਲੋੜ ਹੈ। ਉਮੀਦ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਮਾਪੇ ਬੱਚਿਆਂ ਦੇ ਰਾਹ ਦਸੇਰਾ ਬਣੇ ਰਹਿਣਗੇ ।
ਬਲਜਿੰਦਰ ਜੌੜਕੀਆਂ
ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ
ਮੋਬਾਇਲ ਨੰ. 94630-24575

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here