ਬੰਬ ਬਣਾਉਣ ਵਾਲੇ ਇੰਜੀਨੀਅਰ ਵੱਲੋਂ ਖੁਦਕੁਸ਼ੀ, ਬਾਪ ਗ੍ਰਿਫਤਾਰ
- ਪ੍ਰੈਸ਼ਰ ਕੁੱਕਰ ਬੰਬ, ਕੁਝ ਪਾਈਪ ਬੰਬ, ਕੁਝ ਧਮਾਕਾਖੇਜ਼ ਸਮੱਗਰੀ ਸਮੇਤ ਭਾਰੀ ਮਾਤਰਾ ‘ਚ ਅਸਲਾ ਬਰਾਮਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਮੁੱਖ ਮੰਤਰੀ ਦੇ ਸ਼ਹਿਰ ਵਿਚਲੀ ਦਰਸ਼ਨ ਕਲੋਨੀ ਵਿੱਚ ਰਹਿਣ ਵਾਲੇ ਪਿਓ- ਪੁੱਤ ਵੱਲੋਂ ਬੰਬ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਇਸ ਦੀ ਭਿਣਕ ਲੱਗਣ ‘ਤੇ ਭਾਵੇਂ ਪਿਓ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਪੁੱਤਰ ਨੇ ਆਪਣੇ ਘਰ ਅੰਦਰ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਘਰ ਦੀ ਤਲਾਸੀ ਲੈਣ ਤੋਂ ਬਾਅਦ ਪ੍ਰੈਸ਼ਰ ਕੁੱਕਰ ਬੰਬ, ਪਾਈਪ ਬੰਬ, ਬੰਬ ਬਣਾਉਣ ਵਾਲੀ ਧਮਾਕਾਖੇਜ ਸਮੱਗਰੀ ਸਮੇਤ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਹੋਇਆ ਹੈ। ਇੱਧਰ ਪੁਲਿਸ ਵੱਲੋਂ ਇਸ ਮਾਮਲੇ ਤੇ ਸਾਫ-ਸਾਫ ਦੱਸਣ ਤੋਂ ਬਚਿਆ ਜਾ ਰਿਹਾ ਹੈ ਅਤੇ ਸਿਰਫ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਪਟਿਆਲਾ ਦੇ ਦਰਸ਼ਨ ਕਲੌਨੀ ਵਿੱਚ ਰਹਿਣ ਵਾਲੇ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਰਜਤਵੀਰ ਨੇ ਆਪਣੇ ਕੋਲ ਧਮਾਕਾ ਖੇਜ ਸਮੱਗਰੀ ਅਤੇ ਦੇਸ਼ੀ ਬੰਬ ਬਣਾ ਕੇ ਨਜਇਜ ਅਸਲਾ ਐਮੋਨੀਸ਼ਨ ਰੱਖੇ ਹੋਏ ਹਨ। ਡੀਆਈਜੀ ਪਟਿਆਲਾ ਰੇਜ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਕੋਲ ਖਬਰ ਸੀ ਕਿ ਹਰਪ੍ਰੀਤ ਸਿੰਘ ਆਪਣੀ ਕਾਰ ਰਿਟਜ ਵਿੱਚ ਜਦਕਿ ਰਜਤਵੀਰ ਆਪਣੀ ਗੱਡੀ ਸਕਾਰਪਿਓ ਵਿੱਚ ਉਕਤ ਧਮਾਕਾਖੇਜ ਸਮੱਗਰੀ ਲੈ ਕੇ ਰਾਜਪੁਰਾ ਸਾਇਡ ਨੂੰ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਅਤੇ ਥਾਣਾ ਸਦਰ ਦੀ ਪੁਲਿਸ ਵੱਲੋਂ ਯੂਨੀਵਰਸਿਟੀ ਨੇੜੇ ਪਿੰਡ ਫਲੌਲੀ ਤੋਂ ਹਰਪ੍ਰੀਤ ਸਿੰਘ ਨੂੰ ਸਮੇਤ ਰਿਟਜ ਕਾਰ ਚੋਂ ਕੁਕਰਨੁਮਾ ਧਮਾਕਾਖੇਜ ਸਮੱਗਰੀ ਬਰਾਮਦ ਹੋਈ।
ਜਦਕਿ ਉਸ ਦਾ ਲੜਕਾ ਰਜਤਵੀਰ ਮੌਕੇ ਤੋਂ ਆਪਣੀ ਸਕਾਰਪੀਓ ਗੱਡੀ ਰਾਹੀ ਫਰਾਰ ਹੋ ਗਿਆ। ਪੁਲਿਸ ਵੱਲੋਂ ਜਦੋਂ ਹਰਪ੍ਰੀਤ ਤੋਂ ਪੁੱਛਗਿਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਬੰਬ ਤਿਆਰ ਕਰਦੇ ਹਨ। ਇਸ ਤੋਂ ਭਾਰੀ ਗਿਣਤੀ ਪੁਲਿਸ ਨੇ ਉਨ੍ਹਾਂ ਦੇ ਘਰ ਦਰਸ਼ਨ ਨਗਰ ਵਿਖੇ ਰੇਡ ਕੀਤੀ ਜਿਸ ਦੌਰਾਨ ਆਈ ਜੀ, ਡੀਆਈਜੀ, ਐਸਐਸਪੀ ਸਮੇਤ ਭਾਰੀ ਗਿਣਤੀ ਵਿੱਚ ਪੁਲਿਸ ਪਾਰਟੀ ਸ਼ਾਮਲ ਸੀ । ਪੁਲਿਸ ਵੱਲੋਂ ਇਸ ਦੌਰਾਨ ਸੀਆਰੀਪੀ, ਡੋਗ ਸਕੁਆਇੰਡ ਅਤੇ ਐਫ.ਐਸ.ਐਲ ਮੋਹਾਲੀ ਤੋਂ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਗਿਆ। ਰਜਤਵੀਰ ਨੂੰ ਪੁਲਿਸ ਰੇਡ ਦਾ ਪਤਾ ਲੱਗਣ ‘ਤੇ ਪੁਲਿਸ ਦੇ ਡਰ ਕਾਰਨ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸੀ ਕਰ ਲਈ। ਡੀਆਈਜੀ ਨੇ ਦੱਸਿਆ ਕਿ ਉਨ੍ਹਾਂ ਦੇ ਦੂਜੇ ਮਕਾਨ ਚੋਂ ਜਿੱਥੇ ਕਿ ਰਜਤਵੀਰ ਦੀ ਲਾਸ਼ ਪਈ ਸੀ।
ਉੱਥੋਂ ਪ੍ਰੈਸਰ ਕੁੱਕਰ ਬੰਬ, ਕੁਝ ਪਾਈਪ ਬੰਬ, ਪਾਈਪ ਬੰਬ ਬਣਾਉਣ ਵਾਲੀ ਕੁਝ ਧਮਾਕਾਖੇਜ ਸਮੱਗਰੀ, ਦੇਸੀ ਕੱਟਾ 12 ਬੋਰ, 32 ਬੋਰ ਪਿਸਟਲ, 12 ਬੋਰ ਬੰਦੂਕ ਕੰਟਰੀਮੇਡ, ਦੋਂ 12 ਬੋਰ ਬੰਦੂਕਾਂ ਛੋਟੀ ਬੈਰੇਲ ਵਾਲੀ ਅਤੇ ਭਾਰੀ ਮਾਤਰਾ ਵਿੱਚ ਜਿੰਦਾ 12 ਬੋਰ ਅਤੇ 315 ਬੋਰ ਕਾਰਤੂਸ ਸਮੇਤ ਕੁਝ ਖੋਲ ਕਾਰਤੂਸ ਅਤੇ ਬਾਈਨੌਕੂਲਰ ਆਦਿ ਬਰਾਮਦ ਹੋਏ ਹਨ। ਜਦੋਂ ਡੀਆਈਜੀ ਤੋਂ ਇਸ ਧਮਾਕਾਖੇਜ ਸਮੱਗਰੀ ਅਤੇ ਭਾਰੀ ਮਾਤਰਾ ਵਿੱਚ ਰੱਖੇ ਹਥਿਆਰਾਂ ਦੇ ਕਾਰਨਾਂ ਸਬੰਧੀ ਪੁੱਛਿਆ ਤਾ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾ ਕਿਹਾ ਕਿ ਮੁਹਾਲੀ ਤੋਂ ਆਈ ਮਾਹਿਰਾਂ ਦੀ ਟੀਮ ਵੱਲੋਂ ਇਨ੍ਹਾਂ ਪ੍ਰੈਸਰ ਕੁੱਕਰ ਬੰਬਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਇਸ ਬਾਰੇ ਅਸਲ ਜਾਣਕਾਰੀ ਮਿਲ ਸਕੇਗੀ। ਜਦੋਂ ਉਨ੍ਹਾਂ ਤੋਂ ਅੱਤਵਾਦੀ ਸੰਗਠਨਾਂ ਜਾ ਹੋਰ ਵਿਅਕਤੀਆਂ ਨਾਲ ਸੰਪਰਕ ਬਾਰੇ ਪੁੱਛਿਆ ਗਿਆ ਤਾ ਉਨ੍ਹਾਂ ਜਾਂਚ ਦੀ ਗੱਲ ਕਹੀ ਗਈ। ਖਾਸ ਗੱਲ ਇਹ ਹੈ ਕਿ ਰਜਤਵੀਰ ਦੀ ਫੇਸਫੁੱਕ ਪੇਜ ਤੇ ਇਤਰਾਜ਼ਯੋਗ ਹਥਿਆਰਾਂ ਵਾਲੀਆਂ ਫੋਟੋਆਂ ਅਪਲੋਡ ਹੋਈਆਂ ਹਨ ਜਿਸ ਸਬੰਧੀ ਵੀ ਪੁਲਿਸ ਵੱਲੋਂ ਜਾਂਚ ਦੀ ਗੱਲ ਕਹੀ ਗਈ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਹਰਪ੍ਰੀਤ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਪਿੰਡ ਫਲੌਲੀ ‘ਚ ਬੰਬਾਂ ਦੀ ਕੀਤੀ ਜਾਂਦੀ ਸੀ ਪਰਖ
ਪੰਜਾਬੀ ਯੂਨੀਵਰਸਿਟੀ ਦੇ ਪਿਛਲੇ ਪਾਸੇ ਪਿੰਡ ਫਲੌਲੀ ਕੋਲੋਂ ਜਿੱਥੋਂ ਕਿ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪਿਛਲੇ ਕਈ ਦਿਨਾਂ ਤੋਂ ਰਾਤ ਸਮੇਂ ਧਮਾਕਿਆਂ ਦੀ ਅਵਾਜ ਆ ਰਹੀ ਸੀ। ਇਸ ਮੌਕੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਉਹ ਕੰਧਾਂ ਅਤੇ ਥਾਂਵਾਂ ਦਿਖਾਈਆਂ ਜਿੱਥੇ ਕਿ ਧਮਾਕਿਆਂ ਤੋਂ ਬਾਅਦ ਉਕਤ ਥਾਂ ਨੁਕਸਾਨੇ ਹੋਏ ਸਾਫ ਨਜਰ ਆ ਰਹੇ ਸਨ। ਇਸ ਦੌਰਾਨ ਕਈ ਕੰਧਾਂ ਉੱਪਰ ਕਈ ਖੋਲ ਅਤੇ ਨਿਸਾਨ ਵੀ ਦਿਖਾਈ ਦਿੱਤੇ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਥਾਣਾ ਸਦਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਚਰਚਾ ਇਹ ਹੈ ਕਿ ਇਨ੍ਹਾਂ ਵੱਲੋਂ ਇਸ ਥਾਂ ਤੇ ਆਪਣੇ ਬਣਾਏ ਗਏ ਪ੍ਰੈਸਰ ਕੁੱਕਰ ਬੰਬਾਂ ਨੂੰ ਪਰਖ ਦੇ ਤੌਰ ਤੇ ਵਰਤਿਆ ਜਾ ਰਿਹਾ ਸੀ।
28 ਸਾਲਾ ਰਜਤਵੀਰ ਨੇ ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਕੀਤੀ ਹੋਈ ਸੀ। ਉਸਦੇ ਪਿਤਾ ਮੰਡੀ ਬੋਰਡ ਵਿੱਚੋਂ ਬਤੌਰ ਸੈਕਟਰੀ ਰਿਟਾਇਰ ਹੋਏ ਹਨ ਅਤੇ ਉਨ੍ਹਾਂ ਦਾ ਚੰਗਾ ਕੰਮ ਕਾਰ ਹੈ। ਇੱਥੇ ਵੱਡਾ ਸੁਆਲ ਇਹ ਪੈਦਾ ਹੋ ਰਿਹਾ ਹੈ ਕਿ ਇਨ੍ਹਾਂ ਪਿਓ-ਪੁੱਤ ਵੱਲੋਂ ਉਕਤ ਪ੍ਰੈਸ਼ਰ ਕੁੱਕਰ ਬੰਬ ਅਤੇ ਪਾਈਪ ਬੰਬ ਕਿਸ ਮਕਸਦ ਲਈ ਬਣਾਏ ਜਾ ਰਹੇ ਹਨ ਅਤੇ ਇਨ੍ਹਾਂ ਦਾ ਕੀ ਕਰਨਾ ਸੀ। ਅਜੇ ਪੁਲਿਸ ਵੀ ਇਨ੍ਹਾਂ ਬੰਬਾਂ ਦੀ ਜਾਂਚ ਵਿੱਚ ਉਲਝੀ ਹੋਈ ਹੈ।