Ludhiana Firing Incident: ਲੁਧਿਆਣਾ ’ਚ ਕੱਪੜੇ ਦੇ ਸ਼ੋਰੂਮ ’ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ

Ludhiana Firing Incident
ਲੁਧਿਆਣਾ: ਕੱਪੜੇ ਦੇ ਸ਼ੋਰੂਮ ਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਫਾਇਰਿੰਗ।

ਵਿਦੇਸ਼ ਨੰਬਰ ਤੋਂ ਆਇਆ ਸੀ ਧਮਕੀ ਭਰਿਆ ਫੋਨ ਅਤੇ ਮੰਗੀ ਗਈ ਸੀ 50 ਲੱਖ ਦੀ ਫਰੌਤੀ

Ludhiana Firing Incident: (ਸੁਰਿੰਦਰ ਕੁਮਾਰ ਸ਼ਰਮਾ) ਲੁਧਿਆਣਾ। ਮਹਾਂਨਗਰ ਦੇ ਨਾਲ ਲੱਗਦੇ ਇਲਾਕੇ ਸਿਵਲ ਸਿਟੀ ’ਚ ਉਸ ਵੇਲੇ ਦਹਿਸ਼ਤ ਫ਼ੈਲ ਗਈ, ਜਦੋਂ ਦੇਰ ਰਾਤ ਬਾਈਕ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਇਕ ਰੈਡੀਮੇਡ ਗਾਰਮੈਂਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਦਫ਼ਦਰ ਦੇ ਬਿਲਕੁੱਲ ਸਾਹਮਣੇ ਹੋਈ, ਜਿਸ ਨਾਲ ਇਲਾਕੇ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਗਨੀਮਤ ਇਹ ਰਹੀ ਕਿ ਵਾਰਦਾਤ ਵੇਲੇ ਦੁਕਾਨ ਬੰਦ ਸੀ, ਨਹੀਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ।

ਦੁਕਾਨਦਾਰ ਹਿਮਾਂਸ਼ੂ ਨੇ ਦੱਸਿਆ ਕਿ ਉਸ ਨੂੰ ਦੋ ਦਿਨ ਪਹਿਲਾਂ ਇਕ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਗੋਲਡੀ ਬਰਾੜ ਗੈਂਗ ਦਾ ਮੈਂਬਰ ਦੱਸਦਿਆਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਹਿਮਾਂਸ਼ੂ ਨੇ ਇਸ ਨੂੰ ਕਿਸੇ ਦੀ ਸ਼ਰਾਰਤ ਸਮਝ ਕੇ ਅਣਸੁਣਿਆ ਕਰ ਦਿੱਤਾ ਤੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ। ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਸ਼ਨਿੱਚਰਵਾਰ ਰਾਤ ਨੂੰ ਹਿਮਾਂਸ਼ੂ ਦੇ ਫ਼ੋਨ ’ਤੇ ਇਕ ਵਾਇਸ ਮੈਸੇਜ਼ ਭੇਜਿਆ ਗਿਆ। ਇਸ ਵਿਚ ਸਾਫ਼ ਤੌਰ ’ਤੇ ਚੇਤਾਵਨੀ ਦਿੱਤੀ ਗਈ ਕਿ ਹੁਣ ਤੇਰੇ ਕੋਲ ਸਿਰਫ਼ ਦੋ ਘੰਟੇ ਬਚੇ ਹਨ। ਦੁਕਾਨਦਾਰ ਨੇ ਇਸ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ, ਜਿਸ ਦਾ ਨਤੀਜਾ ਸੋਮਵਾਰ ਰਾਤ ਨੂੰ ਹੋਈ ਇਸ ਫ਼ਾਇਰਿੰਗ ਦੇ ਰੂਪ ਵਿਚ ਸਾਹਮਣੇ ਆਇਆ।

ਇਹ ਵੀ ਪੜ੍ਹੋ: Land Scam: ਜਾਇਦਾਦਾਂ ਦੇ ਜਾਅਲੀ ਕਾਗਜ਼ ਤਿਆਰ ਕਰਕੇ ਵੇਚਣ ਵਾਲੇ ਗਿਰੋਹ ਦਾ ਮੁਖੀ ਕਾਬੂ

ਵਾਰਦਾਤ ਦਾ ਪਤਾ ਮੰਗਲਵਾਰ ਸਵੇਰੇ ਚੱਲਿਆ ਜਦੋਂ ਹਿਮਾਂਸ਼ੂ ਨੇ ਦੁਕਾਨ ਖ਼ੋਲ੍ਹੀ। ਸ਼ਟਰ ’ਤੇ ਗੋਲੀਆਂ ਦੇ ਨਿਸ਼ਾਨ ਤੇ ਬਾਹਰ ਪਏ ਖਾਲੀ ਖੋਲ ਵੇਖ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੂਚਨਾ ਮਿਲਦਿਆਂ ਹੀ ਥਾਣਾ ਪੁਲਿਸ ਤੇ ਉੱਚ ਅਧਿਕਾਰੀ ਭਾਰੀ ਫ਼ੋਰਸ ਨਾਲ ਮੌਕੇ ’ਤੇ ਪਹੁੰਚੇ। ਪੁਲਿਸ ਹੁਣ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ।