ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home ਵਿਚਾਰ ਲੇਖ ਜੁਝਾਰੂ ਕਵੀ ਅਵ...

    ਜੁਝਾਰੂ ਕਵੀ ਅਵਤਾਰ ਪਾਸ਼ ਨੂੰ ਯਾਦ ਕਰਦਿਆਂ

    ਜੁਝਾਰੂ ਕਵੀ ਅਵਤਾਰ ਪਾਸ਼ ਨੂੰ ਯਾਦ ਕਰਦਿਆਂ

    ਪੰਜਾਬੀ ਸਾਹਿਤ ਜਗਤ ਵਿੱਚ ਅਨੇਕਾਂ ਹੀ ਸਾਹਿਤਕਾਰ ਪੈਦਾ ਹੋਏ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਹੈ। ਅਸੀਂ ਅੱਜ ਗੱਲ ਕਰਦੇ ਹਾਂ ਅਜਿਹੇ ਹੀ ਸਾਹਿਤਕਾਰ ਦੀ ਜਿਸ ਦੀਆਂ ਰਚਨਾਵਾਂ, ਇਨਕਲਾਬੀ ਵਿਚਾਰ ਇਨਸਾਨ ਨੂੰ ਅੰਦਰ ਤੀਕ ਝੰਜੋੜ ਕੇ ਰੱਖ ਦਿੰਦੇ ਹਨ। ਉਸ ਦੀ ਆਤਮਾ ਨੂੰ ਹਲੂਣਦੇ ਹਨ। ਹੱਕਾਂ ਦੀ ਮੰਗ ਕਰਦੇ ਹਨ। ਅਜਿਹੇ ਸਾਹਿਤਕਾਰ ਦਾ ਨਾਂਅ ਹੈ ਅਵਤਾਰ ਸਿੰਘ ਪਾਸ਼।

    ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜਿਲ੍ਹਾ ਜਲੰਧਰ ਵਿੱਚ ਹੋਇਆ। ਪਾਸ਼ ਦੇ ਪਿਤਾ ਜੀ ਦਾ ਨਾਂਅ ਮੇਜਰ ਸੋਹਣ ਸਿੰਘ ਸੰਧੂ ਸੀ। ਜਦੋਂ ਅਵਤਾਰ ਪਾਸ਼ ਜਵਾਨੀ ਦੀ ਉਮਰ ਵਿੱਚ ਸੀ ਤਾਂ ਉਸ ਸਮੇਂ ਭਾਰਤ ਵਿੱਚ ਗਰੀਬੀ ਦਾ ਬਹੁਤ ਬੋਲਬਾਲਾ ਸੀ, ਇਸ ਤੋਂ ਪਾਸ਼ ਬਹੁਤ ਪ੍ਰਭਾਵਿਤ ਹੋਇਆ ।ਪਾਸ਼ ਨੇ ਅੱਲ੍ਹੜ ਉਮਰੇ ਹੀ ਭਾਰਤ ਦੇ ਗਰੀਬ ਲੋਕਾਂ ਦੇ ਹਾਲਾਤਾਂ ਨੂੰ ਦੇਖਦਿਆਂ ਵਿਦਰੋਹੀ ਕਵਿਤਾ ਲਿਖਣੀ ਸ਼ੁਰੂ ਕੀਤੀ। ਪਾਸ਼ ਦੀਆਂ ਕਵਿਤਾਵਾਂ ਦਾ ਵਿਸ਼ਾ ਜੁਝਾਰਵਾਦੀ ਸੀ । 1978 ਨੂੰ ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਂਅ ਦੀ ਕੁੜੀ ਨਾਲ ਹੋਇਆ। ਪਾਸ਼ ਦੀਆਂ ਕਵਿਤਾਵਾਂ ਦੀਆਂ ਕੁੱਝ ਸਤਰਾਂ:-

    • ਮੈਂ ਲੋਹੇ ਦੀ ਅੱਖ ਨਾਲ
    • ਮਿੱਤਰਾਂ ਦੇ ਮੁਖੌਟੇ ਪਾਈ
    • ਦੁਸ਼ਮਣ ਵੀ ਪਹਿਚਾਣ ਸਕਦਾ ਹਾਂ।
    • ਸਭ ਤੋਂ ਮਹੱਤਵਪੂਰਨ ਤੇ ਸੱਚਾਈ ਬਿਆਨ ਕਰਦੀ ਕਵਿਤਾ:-
    • ਸਭ ਤੋਂ ਖਤਰਨਾਕ ਹੁੰਦਾ ਹੈ
    • ਮੁਰਦਾ ਸ਼ਾਂਤੀ ਨਾਲ ਭਰ ਜਾਣਾ,
    • ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ,
    • ਘਰ ਤੋਂ ਨਿੱਕਲਣਾ ਕੰਮ ’ਤੇ,
    • ਤੇ ਕੰਮ ਤੋਂ ਘਰ ਜਾਣਾ,
    • ਸਭ ਤੋਂ ਖਤਰਨਾਕ ਹੁੰਦਾ ਹੈ,
    • ਸਾਡੇ ਸੁਪਨਿਆਂ ਦਾ ਮਰ ਜਾਣਾ।

    ਜਦੋਂ ਪਾਸ਼ ਦੀ ਪਹਿਲੀ ਕਿਤਾਬ ਆਈ ਸੀ ਉਦੋਂ ਪਾਸ਼ ਦੀ ਉਮਰ 20 ਸਾਲ ਤੋਂ ਘੱਟ ਸੀ। ਪਾਸ਼ ਦੀ ਪਹਿਲੀ ਕਿਤਾਬ ‘ਲੋਹ ਕਥਾ’ 1970 ਵਿੱਚ ਛਪੀ ਸੀ। ਇਸ ਤੋਂ ਬਾਅਦ ਸਿਆੜ ਨਾਮੀ ਪਰਚੇ ਦੀ ਸਥਾਪਨਾ ਕੀਤੀ। ਪਾਸ਼ ਦੀ ਪ੍ਰਗਤੀਵਾਦੀ ਕਵਿਤਾ ਵਿਦਿਆਰਥੀਆਂ, ਕਮਿਊਨਿਸਟਾਂ ਅਤੇ ਖੱਬੇ-ਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ। ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਤੇ ਮਕਬੂਲ ਕਵੀ ਹੋਇਆ ਹੈ। ਪਾਸ਼ ਹਮੇਸ਼ਾ ਜਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਾਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨ੍ਹੇਰੀਆਂ ਵਿੱਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਂਸਲਾ ਰੱਖਦਾ ਰਿਹਾ।

    ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ, ‘ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸਨੂੰ ਮਾਨਵੀ ਸ਼ਾਨ ਵਾਲੀ ਜਿੰਦਗੀ ਜਿਉਣ ਦੀ ਤੀਬਰ ਲੋਚਾ ਸੀ।’ ਇੱਕ ਵਾਰ ਪਾਸ਼ 1967 ਵਿੱਚ ਬਾਰਡਰ ਸਕਿਉਰਿਟੀ ਫੋਰਸ ਵਿੱਚ ਭਰਤੀ ਹੋ ਗਿਆ। ਪਰ ਉਸਨੇ ਇਹ ਨੌਕਰੀ ਜਲਦੀ ਹੀ ਛੱਡ ਦਿੱਤੀ ਸੀ। ਪਾਸ਼ ਦਾ ਉਪਨਾਮ ‘ਪਾਸ਼’ ਸਕੂਲ ਪੜ੍ਹਦਿਆਂ ਹੀ ਪੈ ਗਿਆ ਸੀ

    1967 ਵਿੱਚ ਪਾਸ਼ ਨਕਸਲਬਾੜੀ ਲਹਿਰ ਵਿੱਚ ਸ਼ਾਮਲ ਹੋ ਗਿਆ। ਪਾਸ਼ ਮਾਰਕਸਵਾਦ ਤੋਂ ਬਹੁਤ ਪ੍ਰਭਾਵਿਤ ਹੋਇਆ।
    ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ, ‘ਨਕੋਦਰ ਵਿੱਚ ਇੱਕ ਭੱਠਾ ਮਾਲਕ ਮੱਲ੍ਹਾ ਦੇ ਕਤਲ ਉਪਰੰਤ 10 ਮਈ, 1970 ਨੂੰ ਪਾਸ਼ ਨੂੰ ਗਿ੍ਰਫਤਾਰ ਕਰ ਲਿਆ ਗਿਆ ਤੇ ਅਗਲੇ ਸਾਲ ਸਤੰਬਰ ਵਿੱਚ ਉਸ ਦੀ ਰਿਹਾਈ ਸੰਭਵ ਹੋ ਸਕੀ।’ 1973 ਵਿੱਚ ‘ਸਿਆੜ’ ਪਰਚਾ ਬੰਦ ਹੋ ਗਿਆ ਅਤੇ 1974 ਵਿੱਚ ਪਾਸ਼ ਦੀ ਦੂਜੀ ਕਾਵਿ-ਪੁਸਤਕ ‘ਉੱਡਦੇ ਬਾਜਾਂ ਮਗਰ’ ਛਪੀ। ਕੁਝ ਸਮਾਂ ‘ਦੇਸ਼-ਪ੍ਰਦੇਸ’ (ਲੰਡਨ) ਦਾ ਪੱਤਰ-ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ ‘ਸਵੈ-ਜੀਵਨੀ’ ‘ਫਲਾਇੰਗ ਸਿੱਖ’ ਲਿਖ ਕੇ ਦਿੱਤੀ ।

    ਪਾਸ਼ ਨੇ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦੇ ਹੋਇਆ ਇਸ ਨੂੰ ਆਪਣੀ ਕਵਿਤਾ ਦਾ ਧੁਰਾ ਬਣਾਇਆ ਤੇ ਉਸ ਦੇ ਤੱਤੇ ਖੂਨ ’ਚੋਂ ਉੱਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਕ੍ਰਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ ਹੋਈ ਪੈਦਾ ਹੋਈ।

    1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ ਇੱਕ ਸਾਲ ਦੀ ਫੈਲੋਸ਼ਿਪ ਦਿੱਤੀ। ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫੀ ਫੇਰੀਆਂ ਲਾਈਆਂ, 1986 ਵਿੱਚ ਉਹ ਅਮਰੀਕਾ ਦੀ ਫੇਰੀ ’ਤੇ ਸੀ। ਇੱਥੋਂ ਉਸ ਨੇ ਐਂਟੀ 47 ਫਰੰਟ ਨਾਮੀ ਪਰਚਾ ਕੱਢਿਆ। 23 ਮਾਰਚ 1988 ਨੂੰ ਉਸ ਨੂੰ ਖੇਤ ’ਚ ਕਤਲ ਕਰ ਦਿੱਤਾ ਗਿਆ।

    ਪਾਸ਼ ਨੇ ਕਈ ਮਹੱਤਵਪੂਰਨ ਕਿਤਾਬਾਂ ਸਾਹਿਤ ਦੀ ਝੋਲੀ ਵਿੱਚ ਪਾਈਆਂ ਜਿਵੇਂ ਕਿ ਲੋਹ ਕਥਾ (1970), ਉੱਡਦੇ ਬਾਜਾਂ ਮਗਰ (1973, ਸਾਡੇ ਸਮਿਆਂ ਵਿੱਚ (1978), ਅਤੇ ਖਿੱਲਰੇ ਹੋਏ ਵਰਕੇ ਆਦਿ। ਅੱਜ ਵੀ ਪਾਸ਼ ਦੇ ਵਿਚਾਰ ਤੇ ਉਹਨਾਂ ਦੀਆਂ ਕਵਿਤਾਵਾਂ ਪੰਜਾਬੀ ਸਾਹਿਤ ਦੀ ਸ਼ਾਨ ਹਨ। ਪਾਸ਼ ਦੀਆਂ ਰਚਨਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਮਿਥਭੰਜਕ ਹਨ। ਉਸਨੇ ਮਿਥ ਦੀ ਗੁਲਾਮੀ ਦੇ ਸੰਦ ਵਜੋਂ ਪਹਿਚਾਣ ਕੀਤੀ ਹੈ। ਇਸ ਲਈ ਉਹ ਲੋਕ ਮਨਾਂ ਅੰਦਰ ਬੈਠੀਆਂ ਮਿਥਾਂ ਨੂੰ ਚਕਨਾਚੂਰ ਕਰਦਾ ਹੈ।

    ਗਗਨਦੀਪ ਧਾਲੀਵਾਲ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ