ਮਾਮਲਾ ਆਈ.ਟੀ.ਪਾਰਕ ਪ੍ਰੋਜੈਕਟ ਦਾ
ਪੰਜ ਪਿੰਡਾਂ ਦੀ 1104 ਏਕੜ ਸਾਮਲਾਟ ਜ਼ਮੀਨ ’ਚ ਬਣਨਾ ਹੈ ਆਈ.ਟੀ. ਪਾਰਕ
ਵਿਧਾਇਕ ਦਾ ਪੰਚਾਇਤ ਸੈਕਟਰੀ ਭਰਾ ਵੀ ਕੀਤਾ ਜਾ ਚੁੱਕੈ ਮੁਅੱਤਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬਹੁਚਰਚਿਤ ਰਾਜਪੁਰਾ ਆਈਟੀ ਪਾਰਕ ਮਾਮਲੇ ’ਚ ਵੱਡੇ ਪੱਧਰ ’ਤੇ ਹੋਈਆਂ ਬੇਨਿਯਮੀਆਂ ਸਮੇਤ ਕਿਸਾਨਾਂ ਨੂੰ ਮੁਆਵਜੇ ਦੀ ਰਾਸੀ ਵਿੱਚ ਕੀਤੀ ਗੜਬੜ ਦੇ ਮਾਮਲੇ ’ਚ ਪੰਚਾਇਤੀ ਵਿਭਾਗ ਨੇ ਪੰਜ ਪਿੰਡਾਂ ਦੇ ਸਰਪੰਚਾਂ ਸਮੇਤ 29 ਪੰਚਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਪੰਜ ਅਧਿਕਾਰੀਆਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਆਈ.ਟੀ. ਪਾਰਕ ਮਾਮਲੇ ਵਿੱਚ ਵੱਡੇ ਪੱਧਰ ’ਤੇ ਘਪਲੇ ਦਾ ਮਾਮਲਾ ਪਿਛਲੇ ਕਈ ਮਹੀਨਿਆਂ ਤੋਂ ਉੱਠਦਾ ਆ ਰਿਹਾ ਸੀ ਅਤੇ ਲੰਘੀਆਂ ਚੋਣਾਂ ਮੌਕੇ ਵੀ ਵਿਰੋਧੀਆਂ ਵੱਲੋਂ ਇਹ ਮੁੱਦਾ ਪੂਰੀ ਤਰ੍ਹਾਂ ਚੁੱਕਿਆ ਗਿਆ ਹੈ। ਚਰਚਾ ਹੈ ਕਿ ਇਸ ਮਾਮਲੇ ਦਾ ਸੇਕ ਹਲਕਾ ਘਨੌਰ ਦੇ ਵਿਧਾਇਕ ਤੱਕ ਵੀ ਪੁੱਜ ਸਕਦਾ ਹੈ।
ਜਾਣਕਾਰੀ ਅਨੁਸਾਰ ਚੋਣਾਂ ਤੋਂ ਬਾਅਦ ਇਸ ਮਾਮਲੇ ਵਿੱਚ ਤੇਜ ਹੋਈ ਕਾਰਵਾਈ ਕਾਰਨ ਕਈ ਕਾਂਗਰਸੀ ਆਗੂਆਂ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ਹਨ। ਆਈ.ਟੀ. ਪਾਰਕ ’ਚ ਪੰਜ ਪਿੰਡਾਂ ਦੀ 1104 ਏੜਕ ਪੰਚਾਇਤੀ ਜ਼ਮੀਨ ਐਕਵਾਇਰ ਕੀਤੀ ਗਈ ਸੀ। ਇਸ ਦੇ ਬਦਲੇ ਕਾਸਤਕਾਰਾਂ ਅਤੇ ਪੰਚਾਇਤਾਂ ਨੂੰ ਮੁਅਵਾਜੇ ਦੀ ਰਾਸ਼ੀ ਦਿੱਤੀ ਗਈ ਸੀ। ਇਸ ਦੌਰਾਨ ਕਈ ਕਿਸਾਨਾਂ ਵੱਲੋਂ ਦੋਸ਼ ਲਗਾਏ ਗਏ ਸਨ ਕਿ ਰਾਜਨੀਤਿਕ ਆਗੂਆਂ ਦੀ ਸਹਿ ’ਤੇ ਅਫ਼ਸਰਸਾਹੀ ਵੱਲੋਂ ਅਜਿਹੇ ਕਿਸਾਨਾਂ ਨੂੰ ਵੀ ਮੁਆਵਜ਼ਾ ਦੇ ਦਿੱਤਾ ਗਿਆ ਜਿਨ੍ਹਾਂ ਨੇ ਕਦੇ ਇਸ ਜ਼ਮੀਨ ’ਤੇ ਕਾਸਤ ਹੀ ਨਹੀਂ ਕੀਤੀ ਸੀ ਇਨ੍ਹਾਂ ਕਿਸਾਨਾਂ ਵੱਲੋਂ ਹਾਈਕੋਰਟ ਦਾ ਰੁੱਖ ਵੀ ਕੀਤਾ ਗਿਆ ਸੀ। ਪੰਚਾਇਤੀ ਵਿਭਾਗ ਵੱਲੋਂ ਪੰਜਾਂ ਪਿੰਡਾਂ ਪਬਰਾ, ਸੇਹਰਾ, ਸੇਹਰੀ, ਤਖਤੂਮਾਜਰਾ ਅਤੇ ਆਕੜੀ ਦੇ ਸਰਪੰਚਾਂ ਸਮੇਤ 29 ਪੰਚਾਇਤ ਮੈਂਬਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ 7 ਮਾਰਚ ਨੂੰ ਵਿਕਾਸ ਅਤੇ ਪੰਚਾਇਤ ਅਫ਼ਸਰ ਸੰਭੂ ਕੋਲ ਆਪਣਾ ਪੱਖ ਰੱਖਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਹਾਈਕੋਰਟ ਨੇ ਪਿੰਡ ਪਬਰਾਂ ਦੀ ਪੰਚਾਇਤ ਦੇ ਖਾਤਿਆਂ ’ਤੇ ਸਟੇਅ ਲਗਾ ਦਿੱਤੀ ਸੀ, ਪਰ ਸਰਪੰਚਾਂ ਸਮੇਤ ਅਫ਼ਸਰਾਂ ਵੱਲੋਂ ਸਟੇਅ ਦੇ ਬਾਵਜੂਦ ਵਿਕਾਸ ਕਾਰਜਾਂ ਲਈ ਪੈਸੇ ਕਢਵਾ ਲਏ ਗਏ। ਇਸੇ ਤਰ੍ਹਾਂ ਹੀ ਦੂਸਰੀਆਂ ਪੰਚਾਇਤਾਂ ਵੱਲੋਂ ਵਿਕਾਸ ਕਾਰਜਾਂ ਲਈ ਪੈਸੇ ਕਢਵਾ ਲਏ ਗਏ ਨਾ ਹੀ ਇਨ੍ਹਾਂ ਕੰਮਾਂ ਦਾ ਕੋਈ ਰਿਕਾਰਡ ਪੇਸ਼ ਕੀਤਾ ਗਿਆ ਹੈ ਅਤੇ ਨਾ ਹੀ ਤਕਨੀਕੀ ਅਤੇ ਪ੍ਰਬੰਧਕੀ ਮਨਜੂਰੀ ਲਈ ਗਈ। ਪੰਚਾਇਤੀ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਚਾਰ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਗਈ ਹੈ, ਜੋ ਕਿ ਇਸ ਮਾਮਲੇ ਵਿੱਚ ਅਗਲੀ ਜਾਂਚ ਕਰੇਗੀ।
ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਡੀਡੀਪੀਓ, ਪੰਚਾਇਤ ਸੈਕਟਰੀ ਜਸਵੀਰ ਚੰਦ ਵਾਸੀ ਜਲਾਲਪੁਰ, ਪੰਚਾਇਤ ਸੈਕਟਰੀ ਜਸਵਿੰਦਰ ਸਿੰਘ, ਜੇ.ਈ ਧਰਮਿੰਦਰ ਕੁਮਾਰ ਅਤੇ ਬੀਡੀਪੀਓ ਸੰਭੂ ਗੁਰਮੇਲ ਸਿੰਘ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਪਤਾ ਲੱਗਾ ਹੈ ਕਿ ਪੰਚਾਇਤ ਸੈਕਟਰੀ ਜਸਵੀਰ ਚੰਦ ਹਲਕਾ ਘਨੌਰ ਦੇ ਵਿਧਾਇਕ ਦੇ ਚਾਚੇ ਦਾ ਮੁੰਡਾ ਹੈ। ਇਸ ਮਾਮਲੇ ਵਿੱਚ ਹਲਕੇ ਦੇ ਮੁੱਖ ਕਾਂਗਰਸੀਆਂ ਤੱਕ ਵੀ ਇਸ ਘਪਲੇ ਦੀ ਅੱਗ ਪਹੁੰਚ ਸਕਦੀ ਹੈ ਅਤੇ ਵਿਰੋਧੀਆਂ ਵੱਲੋਂ ਤਾਂ ਸਿੱਧਾ ਹਲਕਾ ਵਿਧਾਇਕ ’ਤੇ ਕਥਿਤ ਦੋਸ਼ ਲਗਾਏ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ