ਪਾਕਿਸਤਾਨ ਇਸ ਵੇਲੇ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਅਨਾਜ ਦੀ ਕਮੀ ਨੂੰ ਪੂਰਾ ਕਰਨ ਲਈ ਪਾਕਿਸਤਾਨ ਰੂਸ, ਬ੍ਰਾਜੀਲ, ਮਿਸਰ ਸਮੇਤ ਕਈ ਮੁਲਕਾਂ ਤੋਂ ਕਣਕ ਤੇ ਹੋਰ ਖੁਰਾਕੀ ਚੀਜ਼ਾਂ ਮੰਗਵਾ ਰਿਹਾ ਹੈ ਪਰ ਇਹਨਾਂ ਦੇ ਰੇਟ ਇੰਨੇ ਉੱਚੇ ਚਲੇ ਗਏ ਹਨ ਕਿ ਅਨਾਜ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਆਟੇ ਦੀ ਕੀਮਤ ਪ੍ਰਤੀ ਕਿਲੋਗ੍ਰਾਮ 150 ਰੁਪਏ ਦੇ ਕਰੀਬ ਹੋਣ ਦੇ ਬਾਵਜੂਦ ਆਟੇ ਲਈ ਮਾਰੋ-ਮਾਰੀ ਹੈ। ਕਈ ਥਾਂ ਲੋਕ ਲੰਮੀਆਂ ਕਤਾਰਾਂ ਲਾ ਕੇ ਖੜ੍ਹੇ ਹਨ ਅਤੇ ਕਈ ਥਾਈਂ ਭਾਜੜ ਨਾਲ ਲੋਕਾਂ ਦੇ ਜਖ਼ਮੀ ਹੋਣ ਦੀਆਂ ਵੀ ਖਬਰਾਂ ਹਨ।
ਪਾਕਿਸਤਾਨ ਦੇ ਰੁਪਈਏ ਦੀ ਹਾਲਤ ਮਾੜੀ (Pakistan Plight)
ਕਈ ਥਾਈਂ ਲੋਕ ਆਟੇ ਦੇ ਟਰੱਕਾਂ ਪਿੱਛੇ ਭੱਜਦੇ ਨਜ਼ਰ ਆ ਰਹੇ ਹਨ। ਅਸਲ ’ਚ ਪਾਕਿਸਤਾਨ ਦੇ ਰੁਪਈਏ ਦੀ ਹਾਲਤ ਮਾੜੀ ਹੋਣ ਕਾਰਨ ਅਤੇ ਬਾਹਰੋਂ ਸਾਮਾਨ ਮੰਗਵਾਉਣ ਲਈ ਢੋਆ-ਢੁਆਈ ਮਹਿੰਗੀ ਹੋਣ ਕਾਰਨ ਅਨਾਜ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਬਹੁਤ ਥੋੜ੍ਹਾ ਹੋ ਗਿਆ ਹੈ। ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਪਾਕਿਸਤਾਨ ਭਾਰਤ ਨਾਲ ਚੰਗੇ ਸਬੰਧ ਨਾ ਬਣਾ ਸਕਣ ਦਾ ਨਤੀਜਾ ਵੀ ਭੁਗਤ ਰਿਹਾ ਹੈ। ਭਾਰਤ ਨੇ ਨੇਪਾਲ ਸਮੇਤ ਹੋਰ ਗੁਆਂਢੀ ਮੁਲਕਾਂ ਦੀ ਮੁਸੀਬਤ ਵੇਲੇ ਮੱਦਦ ਕੀਤੀ ਹੈ।
ਕਈ ਕੁਦਰਤੀ ਆਫ਼ਤਾਂ ਵੇਲੇ ਭਾਰਤ ਨੇ ਪਾਕਿਸਤਾਨ ਨੂੰ ਵੀ ਮੱਦਦ ਦੀ ਪੇਸ਼ਕਸ਼ ਕੀਤੀ ਸੀ ਪਰ ਪਾਕਿਸਤਾਨ ਨਾਂਹ ਕਰਦਾ ਆਇਆ ਹੈ ਕਸ਼ਮੀਰ ’ਚੋਂ ਧਾਰਾ 370 ਹਟਾਉਣ ਮਗਰੋਂ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਖ਼ਤਮ ਕਰ ਲਏ ਸਨ। ਕਣਕ ਤੇ ਖੰਡ ਸਮੇਤ ਹੋਰ ਚੀਜ਼ਾਂ ਜੇਕਰ ਪਾਕਿਸਤਾਨ ਭਾਰਤ ਤੋਂ ਖਰੀਦੇ ਤਾਂ ਢੋਆ-ਢੁਆਈ ਰੂਸ ਦੇ ਮੁਕਾਬਲੇ ਕਿਤੇ ਘੱਟ ਪੈਣੀ ਸੀ ਤੇ ਲੋਕਾਂ ਨੂੰ ਸਸਤਾ ਆਟਾ ਮਿਲ ਸਕਦਾ ਸੀ। ਆਪਣੇ ਹੰਕਾਰ ਕਾਰਨ ਪਾਕਿਸਤਾਨ ਬੁਰੇ ਦਿਨ ਵੇਖ ਰਿਹਾ ਹੈ।
ਅਸਲ ’ਚ ਗੁਆਂਢੀ ਦੀ ਥਾਂ ਕੋਈ ਦੂਰ ਦਾ ਦੋਸਤ ਵੀ ਨਹੀਂ ਲੈ ਸਕਦਾ। ਬਿਨਾ ਸ਼ੱਕ ਕੋਈ ਮੁਸਲਮਾਨ ਮੁਲਕ ਪਾਕਿਸਤਾਨ ਦੀ ਮੱਦਦ ਕਰ ਦੇਵੇਗਾ ਪਰ ਵਪਾਰਕ ਨਜ਼ਰੀਏ ਤੋਂ ਭਾਰਤ ਨਾਲ ਚੰਗੇ ਸਬੰਧਾਂ ਦਾ ਫਾਇਦਾ ਲੈਣ ਦਾ ਮੌਕਾ ਗੁਆ ਰਿਹਾ ਹੈ। ਅਸਲ ’ਚ ਅੱਤਵਾਦ ਦੀ ਪੁਸ਼ਤਪਨਾਹੀ, ਵਿਦੇਸ਼ ਨੀਤੀ ’ਚ ਅੱਤਵਾਦ ਤੇ ਭਿ੍ਰਸ਼ਟਾਚਾਰ ਕਾਰਨ ਪਾਕਿਸਤਾਨ ਬਦਹਾਲੀ ’ਚੋਂ ਲੰਘ ਰਿਹਾ ਹੈ।
ਪਾਕਿਸਤਾਨ ਦੇ ਹੁਕਮਰਾਨਾਂ ਨੂੰ ਇਹ ਗੱਲ ਕੰਧ ’ਤੇ ਲਿਖੀ ਪੜ੍ਹ ਲੈਣੀ ਚਾਹੀਦੀ ਹੈ ਕਿ ਅੱਤਵਾਦ ਦੀ ਫਸਲ ਨੂੰ ਪਾਲ ਕੇ ਕੋਈ ਵੀ ਮੁਲਕ ਤਰੱਕੀ ਨਹੀਂ ਕਰ ਸਕਦਾ। ਅਮਨ-ਅਮਾਨ ਤੇ ਸਦਭਾਵਨਾ ਭਰੀਆਂ ਨੀਤੀਆਂ ਅਪਣਾਉਣ ਨਾਲ ਹੀ ਕੋਈ ਮੁਲਕ ਤਰੱਕੀ ਕਰ ਸਕਦਾ ਹੈ। ਚੰਗਾ ਹੋਵੇ ਪਾਕਿਸਤਾਨ ਦੇ ਹੁਕਮਰਾਨ ਅਵਾਮ ਦੇ ਭਲੇ ਲਈ ਅੱਤਵਾਦ ਤੇ ਮੌਕਾਪ੍ਰਸਤ ਸਿਆਸਤ ਦਾ ਖਹਿੜਾ ਛੱਡ ਦੇਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ