ਪਾਕਿ: ਤੇਲ ਦੇ ਟੈਂਕਰ ਨੂੰ ਅੱਗ ਲੱਗੀ, 140 ਮੌਤਾਂ

Pakstan: Incident, Oil Tanker, International

ਅਹਿਮਦਪੁਰ ਸ਼ਰਕੀਆ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਹਾਦਸਾ

ਬਹਾਵਲਪੁਰ: ਲਹਿੰਦੇ ਪੰਜਾਬ ਦੇ ਸ਼ਹਿਰ ਬਹਾਵਲਪੁਰ ‘ਚ ਐਤਵਾਰ ਸਵੇਰੇ ਵਾਪਰੀ ਬੇਹੱਦ ਮੰਦਭਾਗੀ ਘਟਨਾ ‘ਚ  ਮਰਨ ਵਾਲਿਆਂ ਦੀ ਗਿਣਤੀ ਵਧ ਕੇ 140 ਹੋ ਗਈ ਹੈ। ਇਸ ਵਿੱਚ 75 ਵਿਅਕਤੀ ਜ਼ਖ਼ਮੀ ਹੋ ਗਏ ਸਨ।। ਇਹ ਹਾਦਸਾ ਇਕ ਤੇਲ ਟੈਂਕਰ ‘ਚ ਅੱਗ ਲੱਗਣ ਕਾਰਨ ਵਾਪਰਿਆ।  ਹਾਦਸਾ ਬਹਾਵਲਪੁਰ ਦੇ ਅਹਿਮਦਪੁਰ ਸ਼ਰਕੀਆ ਨੈਸ਼ਨਲ ਹਾਈਵੇਅ ‘ਤੇ ਵਾਪਰਿਆ। ਟੈਂਕਰ ਵਿੱਚ 40 ਹਜ਼ਾਰ ਲੀਟਰ ਤੇਲ ਭਰਿਆ ਹੋਇਆ ਸੀ। ਪਾਕਿਸਤਾਨ ਦੇ ਜਨਰਲ ਮੁਖੀ ਕਮਰ ਜਾਵੇਦ ਬਾਜਵਾ ਨੇ ਫੌਜ ਨੂੰ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਬਚਾਅ ਕਾਰਜ ਕਰਨ ਦਾ ਆਦੇਸ਼ ਦਿੱਤਾ ਹੈ।

ਜਾਣਕਾਰੀ ਮੁਤਾਬਕ ਇਸ ਮਾਰਗ ‘ਤੇ ਤੇਲ ਦਾ ਟੈਂਕਰ ਪਲਟ ਗਿਆ ਸੀ ਤੇ ਉੱਥੇ ਬਹੁਤ ਸਾਰੇ ਲੋਕ ਤੇਲ ਇਕੱਠਾ ਕਰਨ ਲਈ ਇਕੱਠੇ ਹੋ ਗਏ। ਇਸ ਦੌਰਾਨ ਅਚਾਨਕ ਟੈਂਕਰ ‘ਚ ਅੱਗ ਲੱਗ ਗਈ ਅਤੇ ਭਿਆਨਕ ਧਮਾਕਾ ਹੋਇਆ, ਜਿਸ ‘ਚ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਘਟਨਾ ਵਾਲੇ ਸਥਾਨ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਹਨ ਤੇ ਰਾਹਤ ਕਾਰਜ ਸ਼ੁਰੂ ਹੋ ਗਿਆ ਹੈ। ਇਸ ਦੇ ਨੇੜੇ ਪਾਰਕਿੰਗ ‘ਤੇ ਖੜ੍ਹੀਆਂ 6 ਕਾਰਾਂ ਤੇ 12 ਮੋਟਰ ਸਾਈਕਲ ਵੀ ਇਸ ਦੀ ਲਪੇਟ ‘ਚ ਆ ਗਏ। ਜ਼ਖਮੀਆਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਜਾ ਰਿਹਾ ਹੈ।