ਪੀ. ਡਬਲਿਯੂ. ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਾਇਆ ਧਰਨਾ

PWD Committee Sachkahoon

ਮੁਲਾਜਮਾਂ ਨੇ ਕੀਤਾ ਮੋਤੀ ਮਹਿਲ ਵੱਲ ਮਾਰਚ, ਭਾਰੀ ਗਿਣਤੀ ਪੁਲਿਸ ਫੋਰਸ ਨੇ ਫੁਹਾਰਾ ਚੌਕ ’ਤੇ ਰੋਕਿਆ

ਪ੍ਰਸ਼ਾਸਨ ਨੇ ਕੈਬਨਿਟ ਸਬ ਕਮੇਟੀ ਨਾਲ 27 ਅਗਸਤ ਨੂੰ ਲਿਖਤੀ ਮੀਟਿੰਗ ਦਾ ਦਿੱਤਾ ਸਮਾਂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀ.ਡਬਲਿਯੂ.ਡੀ. ਜਲ ਸਪਲਾਈ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਪੀ. ਡਬਲਿਯੂ. ਡੀ. ਦੇ ਵੱਖ-ਵੱਖ ਵਿੰਗਾਂ ਦੀਆਂ ਮੁਲਾਜਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਪਟਿਆਲਾ ਬੱਸ ਸਟੈਂਡ ਪੁਲ ਦੇ ਹੇਠਾ ਦਿੱਤਾ ਗਿਆ ਅਤੇ ਇਸ ਉਪਰੰਤ ਕੈਪਟਨ ਦੇ ਮਹਿਲਾ ਵੱਲ ਰੋਸ ਮਾਰਚ ਕੀਤਾ ਗਿਆ ਤਾਂ ਭਾਰੀ ਪੁਲਿਸ ਫੋਰਸ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਫੁਹਾਰਾ ਚੌਂਕ ਕੋਲ ਰੋਕ ਲਿਆ। ਪ੍ਰਸ਼ਾਸਨ ਵੱਲੋਂ ਐਸਡੀਐਮ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਕੈਬਨਿਟ ਸਬ ਕਮੇਟੀ ਨਾਲ 27 ਅਗਸਤ ਨੂੰ ਲਿਖਤੀ ਮੀਟਿੰਗ ਦਾ ਸਮਾਂ ਦਿੱਤਾ। ਜਿਸ ਤੋਂ ਬਾਅਦ ਇਹ ਮੁਲਾਜਮ ਰੋਸ਼ ਪ੍ਰਦਰਸ਼ਨ ਸਮਾਪਤ ਕਰਨ ’ਤੇ ਰਾਜ਼ੀ ਹੋਏ ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ।

PWD Committee Sachkahoon

ਇਸ ਤੋਂ ਪਹਿਲਾ ਧਰਨੇ ਨੂੰ ਸੰਬੋਧਨ ਕਰਦਿਆ ਮੱਖਣ ਸਿੰਘ ਵਹਿਦਪੁਰੀ, ਅਨਿਲ ਕੁਮਾਰ ਬਰਨਾਲਾ, ਸਤਪਾਲ ਸੈਣੀ, ਬਲਰਾਜ ਮੌੜ, ਸੁਖਦੇਵ ਸਿੰਘ ਸੈਣੀ, ਸਿਸਨ ਕੁਮਾਰ, ਮਨਜੀਤ ਸਿੰਘ ਸੰਗਤਪੁਰਾ, ਵਰਿੰਦਰ ਮੋਮੀ, ਸੰਦੀਪ ਕੁਮਾਰ ਨੇ ਕਿਹਾ ਕਿ ਅੱਜ ਪੰਦਰਾਂ ਸਾਲ ਬਾਅਦ ਪੰਜਾਬ ਸਰਕਾਰ ਵੱਲੋਂ ਜੋ ਤਰੁੱਟੀਆਂ ਪੂਰਬਕ ਪੇ-ਕਮਿਸ਼ਨ ਦਿੱਤਾ ਜਾ ਰਿਹਾ ਹੈ। ਉਸ ਵਿੱਚ ਜਲ ਸਪਲਾਈ, ਜਲ ਸਰੋਤ, ਭਵਨ ਤੇ ਮਾਰਗ, ਸੀਵਰੇਜ ਬੋਰਡ ਅਤੇ ਪੁੱਡਾ ਅਧੀਨ ਕੰਮ ਕਰਦੇ ਦਰਜਾ ਤਿੰਨ ਤਕਨੀਸ਼ੀਅਨ ਮੁਲਾਜ਼ਮਾਂ ਨਾਲ ਇਸ ਪੇਅ ਕਮਿਸ਼ਨ ਵਲੋਂ ਵੀ ਬੇਇਨਸਾਫੀ ਕੀਤੀ ਜਾ ਰਹੀ ਹੈ। ਵਰਨਣ ਯੋਗ ਹੈ ਕਿ ਪਹਿਲੇ ਪੇਅ ਕਮਿਸ਼ਨ ਤੋਂ ਲੈ ਕੇ ਪੰਜਵੇਂ ਪੇਅ ਕਮਿਸ਼ਨ ਤੱਕ ਪੰਜਾਬ ਸਰਕਾਰ ਦੇ ਪਟਵਾਰੀ, ਪੰਚਾਇਤ ਸਕੱਤਰ, ਜੇ.ਬੀ.ਟੀ. ਟੀਚਰ, ਫੋਰੈਸਟ ਗਾਰਡ, ਗ੍ਰਾਂਮ ਸੇਵਕ ਕਲਰ, ਬਿੱਲ ਕਲਰਕ ਅਤੇ ਤਕਨੀਸ਼ੀਅਨ ਕਾਡਰ ਦੀ ਪੇਅ ਪੈਰਿਟੀ ਬਰਾਬਰ ਰੱਖੀ ਗਈ ਸੀ, ਪਰੰਤੂ ਦਸੰਬਰ 2011 ਦੀ ਮੰਤਰੀਆਂ ਦੀ ਅਨਾਮਲੀ ਕਮੇਟੀ ਵੱਲੋਂ ਜੋ ਨੋਟੀਫਿਕੇਸ਼ਨ ਕੀਤਾ ਗਿਆ ਉਸ ਵਿੱਚ ਤਕਨੀਸ਼ੀਅਨ ਕਾਡਰ ਨੂੰ ਛੱਡ ਕੇ ਬਾਕੀ ਕੈਟਾਗਰੀਆਂ ਨੂੰ 10300 34800&3200 ਦਾ ਪੇਅ ਸਕੇਲ ਪੀ.ਬੀ. ਬੈਡ 3 ਵਿੱਚ ਤਬਦੀਲ ਕਰ ਦਿੱਤਾ। ਜਿਸ ਨਾਲ ਤਕਨੀਸ਼ੀਅਨ ਕੇਡਰ ਦਸਵੀਂ 2 ਸਾਲ ਆਈ.ਟੀ.ਆਈ. ਉਚ ਯੋਗਤਾ ਹੋਣ ਦੇ ਬਾਵਜੂਦ ਇਸ ਬੇਇਨਸਾਫੀ ਦਾ ਸ਼ਿਕਾਰ ਹੋ ਗਿਆ। ਇਹ ਬੇਇਨਸਾਫੀ ਹੁਣ ਵੀ ਛੇਵੇਂ ਪੇਅ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ।

ਸਰਕਾਰ ਤੋਂ ਮੰਗ ਕੀਤੀ ਗਈ ਕਿ 31 ਦਸੰਬਰ 2015 ਤੱਕ ਨੋਸਲੀ ਆਧਾਰ ’ਤੇ ਤਕਨੀਸ਼ੀਅਨ ਮੁਲਾਜਮ ਦੀ ਤਨਖਾਹ ਪੀ.ਬੀ.ਐਡ 3 ਵਿੱਚ 10300 34800 3200 ਵਿੱਚ ਫਿਕਸ ਕਰਕੇ ਅੱਗੇ ਸਰਕਾਰ ਕੋਈ ਫੈਕਟਰ ਦੇਵੇ ਮਨਜੂਰ ਹੋਵੇਗਾ। ਇਸ ਤੋਂ ਇਲਾਵਾ ਜਲ ਸਪਲਾਈ ਵਿਭਾਗ ਤੇ ਹੋਰ ਵਿਭਾਗਾਂ ਵਿੱਚ ਠੇਕੇ ਤੇ ਕੰਮ ਕਰਦੇ, ਐਡਹਾਕ, ਇੰਨਲਿਸਟਮੈਂਟ, ਥਰੂ ਕੰਟਰੈਕਟ ਸਮੇਤ ਹਰ ਕਿਸਮ ਦੇ ਕੱਚੇ ਕਾਮੇ ਪੱਕੇ ਕੀਤੇ ਜਾਣ। ਸੀਵਰੇਜ਼ ਬੋਰਡ ਵਿੱਚ ਪੈਨਸ਼ਨ ਚਾਲੂ ਕੀਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਖਾਲੀ ਪਈਆਂ ਅਸਾਮੀਆਂ ਤੇ ਨਵੀਂ ਭਰਤੀ ਚਾਲੂ ਕੀਤੀ ਜਾਵੇ।

ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਬੰਦ ਕਰਕੇ ਪੂਰੇ ਸਕੇਲ ਤੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇ। ਇਸ ਤੋਂ ਇਲਾਵਾ ਦਰਜਾ ਚਾਰ ਦੀ ਘੱਟੋ-ਘੱਟ ਤਨਖਾਹ 15ਵੀ ਅੰਤਰ ਰਾਸ਼ਟਰੀ ਲੇਬਰ ਕਾਨਫਰੰਸ ਅਨੁਸਾਰ 26000 ਮਹੀਨਾ ਫਿਕਸ ਕੀਤੀ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੱਜ ਕੇ ਗੱਜੇ ਤੇ ਪੰਜਾਬ ਸਰਕਾਰ ਦਾ ਜੰਮ ਕੇ ਪਿੱਟ ਸਿਆਪਾ ਕੀਤਾ ਗਿਆ ਤੇ ਆਕਾਜ ਗੁਜਾਓ ਨਾਅਰੇਬਾਜ਼ੀ ਵੀ ਲਗਾਤਾਰ ਪੰਡਾਲ ’ਚ ਹੁੰਦੀ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ