Karachi Jail Escape: ਪਾਕਿਸਤਾਨ ’ਚ ਕਰਾਚੀ ਦੀ ਜ਼ੇਲ੍ਹ ’ਚੋਂ 200 ਤੋਂ ਜ਼ਿਆਦਾ ਕੈਦੀ ਫਰਾਰ, ਸ਼ਹਿਰ ’ਚ ਦਹਿਸ਼ਤ

Karachi Jail Escape
Karachi Jail Escape: ਪਾਕਿਸਤਾਨ ’ਚ ਕਰਾਚੀ ਦੀ ਜ਼ੇਲ੍ਹ ’ਚੋਂ 200 ਤੋਂ ਜ਼ਿਆਦਾ ਕੈਦੀ ਫਰਾਰ, ਸ਼ਹਿਰ ’ਚ ਦਹਿਸ਼ਤ

80 ਤੋਂ ਜ਼ਿਆਦਾ ਦੁਬਾਰਾ ਫੜੇ ਕੈਦੀ | Karachi Jail Escape

ਇਸਲਾਮਾਬਾਦ (ਏਜੰਸੀ)। Karachi Jail Escape: ਸੋਮਵਾਰ ਰਾਤ ਨੂੰ ਪਾਕਿਸਤਾਨ ਦੇ ਕਰਾਚੀ ਸਥਿਤ ਮਲੀਰ ਜ਼ੇਲ੍ਹ ਤੋਂ 216 ਕੈਦੀ ਫਰਾਰ ਹੋ ਗਏ। ਜ਼ੇਲ੍ਹ ਪ੍ਰਸ਼ਾਸਨ ਅਨੁਸਾਰ, ਕਰਾਚੀ ’ਚ ਭੂਚਾਲ ਤੋਂ ਬਾਅਦ ਸਾਵਧਾਨੀ ਵਜੋਂ ਕੈਦੀਆਂ ਨੂੰ ਬੈਰਕਾਂ ਤੋਂ ਬਾਹਰ ਕੱਢਿਆ ਗਿਆ ਸੀ। ਹਾਸਲ ਹੋਏ ਵੇਰਵਿਆਂ ਮੁਤਾਬਕ, ਇਸ ਸਮੇਂ ਦੌਰਾਨ, ਮੌਕੇ ਦਾ ਫਾਇਦਾ ਉਠਾਉਂਦੇ ਹੋਏ, ਕੈਦੀ ਮੁੱਖ ਗੇਟ ਤੋਂ ਭੱਜ ਗਏ। ਇਨ੍ਹਾਂ ’ਚੋਂ ਲਗਭਗ 80 ਕੈਦੀ ਦੁਬਾਰਾ ਫੜੇ ਗਏ ਹਨ, ਜਦੋਂ ਕਿ 135 ਕੈਦੀ ਅਜੇ ਵੀ ਫਰਾਰ ਹਨ। ਜ਼ੇਲ੍ਹ ਸੁਪਰਡੈਂਟ ਅਰਸ਼ਦ ਸ਼ਾਹ ਨੇ ਮੰਗਲਵਾਰ ਸਵੇਰੇ ਇਸ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ, ਕਈ ਮੀਡੀਆ ਰਿਪੋਰਟਾਂ ਕਹਿ ਰਹੀਆਂ ਸਨ ਕਿ ਕੈਦੀ ਕੰਧ ਤੋੜ ਕੇ ਭੱਜ ਗਏ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਕੰਧ ਨਹੀਂ ਟੁੱਟੀ, ਸਾਰੇ ਕੈਦੀ ਭਗਦੜ ਦੇ ਵਿਚਕਾਰ ਮੁੱਖ ਗੇਟ ਤੋਂ ਭੱਜ ਗਏ।

ਇਹ ਖਬਰ ਵੀ ਪੜ੍ਹੋ : Punjab Government News: ਪੰਜਾਬ ਸਰਕਾਰ ਅੱਜ ਫਿਰ ਲਵੇਗੀ ਕਈ ਵੱਡੇ ਫ਼ੈਸਲੇ, ਮੁੜ ਸੱਦੀ ਕੈਬਨਿਟ ਮੀਟਿੰਗ

ਭੂਚਾਲ ਤੋਂ ਬਾਅਦ ਕੈਦੀਆਂ ਨੇ ਕੀਤੀ ਧੱਕਾ-ਮੁੱਕੀ | Karachi Jail Escape

ਗ੍ਰਹਿ ਮੰਤਰੀ ਲੰਜਰ ਨੇ ਕਿਹਾ ਕਿ ਭੂਚਾਲ ਤੋਂ ਬਾਅਦ, 700 ਤੋਂ 1000 ਕੈਦੀਆਂ ਨੂੰ ਬੈਰਕਾਂ ਤੋਂ ਬਾਹਰ ਲਿਆਂਦਾ ਗਿਆ। ਇਸ ਹਫੜਾ-ਦਫੜੀ ’ਚ, 100 ਤੋਂ ਵੱਧ ਕੈਦੀ ਮੁੱਖ ਗੇਟ ਵੱਲ ਧੱਕਾ-ਮੁੱਕੀ ਕਰਨ ਲੱਗ ਪਏ ਤੇ ਭੱਜ ਗਏ। ਜ਼ੇਲ੍ਹ ਪ੍ਰਸ਼ਾਸਨ ਅਨੁਸਾਰ, ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਇਸ ਕਾਰਵਾਈ ਵਿੱਚ ਸਪੈਸ਼ਲ ਸਿਕਿਓਰਿਟੀ ਯੂਨਿਟ ਰੈਪਿਡ ਰਿਸਪਾਂਸ ਫੋਰਸ ਰੇਂਜਰਾਂ ਤੇ ਫਰੰਟੀਅਰ ਕੋਰ ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ। ਘਟਨਾ ਤੋਂ ਤੁਰੰਤ ਬਾਅਦ, ਰੇਂਜਰਾਂ ਨੇ ਜ਼ੇਲ੍ਹ ਦਾ ਕੰਟਰੋਲ ਸੰਭਾਲ ਲਿਆ। ਆਈਜੀ ਜ਼ੇਲ੍ਹ, ਡੀਆਈਜੀ ਜ਼ੇਲ੍ਹ ਤੇ ਜ਼ੇਲ੍ਹ ਮੰਤਰੀ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ।

ਹਾਦਸੇ ’ਚ ਇੱਕ ਕੈਦੀ ਦੀ ਮੌਤ, 4 ਸੁਰੱਖਿਆ ਕਰਮਚਾਰੀ ਜ਼ਖਮੀ

ਇਸ ਘਟਨਾ ’ਚ ਇੱਕ ਕੈਦੀ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ 4 ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ। ਗ੍ਰਹਿ ਮੰਤਰੀ ਨੇ ਮੰਨਿਆ ਕਿ ਇਸ ਘਟਨਾ ਦਾ ਕਾਰਨ ਪ੍ਰਸ਼ਾਸਕੀ ਲਾਪਰਵਾਹੀ ਵੀ ਹੋ ਸਕਦੀ ਹੈ। ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਗ੍ਰਹਿ ਮੰਤਰੀ ਨੂੰ ਜ਼ੇਲ੍ਹ ਜਾਣ ਤੇ ਸਥਿਤੀ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਸਿੰਧ ਦੇ ਰਾਜਪਾਲ ਕਾਮਰਾਨ ਟੇਸੋਰੀ ਨੇ ਵੀ ਘਟਨਾ ਦਾ ਨੋਟਿਸ ਲਿਆ ਤੇ ਗ੍ਰਹਿ ਮੰਤਰੀ ਤੇ ਆਈਜੀ ਸਿੰਧ ਪੁਲਿਸ ਨੂੰ ਸਾਰੇ ਕੈਦੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕਿਹਾ।

ਗ੍ਰਹਿ ਮੰਤਰੀ ਲੰਜਰ ਨੇ ਕਿਹਾ ਕਿ ਹਰ ਫਰਾਰ ਕੈਦੀ ਦੀ ਪਛਾਣ ਤੇ ਰਿਕਾਰਡ ਉਪਲਬਧ ਹੈ। ਉਨ੍ਹਾਂ ਦੇ ਘਰਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ੇਲ੍ਹ ਮੰਤਰੀ ਨੇ ਕਿਹਾ ਕਿ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਸੁਰੱਖਿਆ ਕਾਰਨਾਂ ਕਰਕੇ, ਚੈੱਕ ਪੋਸਟਾਂ ਤੇ ਨਿਗਰਾਨੀ ਸਖ਼ਤੀ ਨਾਲ ਰੱਖੀ ਜਾ ਰਹੀ ਹੈ।