ਮਨਪ੍ਰੀਤ ਸਿੰਘ ਬਾਦਲ ਦੀ ਕੈਬਨਿਟ ਕੁਰਸੀ ਬਚੀ, ਗੁਰਪ੍ਰੀਤ ਕਾਂਗੜ ਤੋਂ ਕੁਰਸੀ ਖੁੱਸੀ
ਬਠਿੰਡਾ,(ਸੁਖਜੀਤ ਮਾਨ)। ਪੰਜਾਬ ਸਰਕਾਰ ’ਚ ਪੈਦਾ ਹੋਏ ਆਪਸੀ ਘਮਸਾਨ ਤੋਂ ਬਾਅਦ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਪਿੱਛੋਂ ਅੱਜ ਮੰਤਰੀਆਂ ਨੂੰ ਸਹੁੰ ਚੁਕਾਏ ਜਾਣ ਮਗਰੋਂ ਜ਼ਿਲ੍ਹਾ ਬਠਿੰਡਾ ਦੀ ਪੰਜਾਬ ਵਜ਼ਾਰਤ ’ਚੋਂ ਅੱਧੀ ਸਰਦਾਰੀ ਖੁੱਸ ਗਈ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜ਼ਿਲ੍ਹਾ ਬਠਿੰਡਾ ’ਚ ਪੈੈਂਦੇ ਵਿਧਾਨ ਸਭਾ ਹਲਕਿਆਂ ਤੋਂ ਵਿਧਾਇਕ ਸਨ।
ਹੁਣ ਕਾਂਗੜ ਦੀ ਪੰਜਾਬ ਵਜ਼ਾਰਤ ’ਚੋਂ ਛੁੱਟੀ ਹੋਣ ਕਾਰਨ ਸਿਰਫ ਮਨਪ੍ਰੀਤ ਸਿੰਘ ਬਾਦਲ ਹੀ ਰਹਿ ਗਏ ਹਨ।
ਵੇਰਵਿਆਂ ਮੁਤਾਬਿਕ ਜ਼ਿਲ੍ਹਾ ਬਠਿੰਡਾ ’ਚ ਪੈਂਦੇ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ’ਚੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਅਤੇ ਹਲਕਾ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਦੋਵੇਂ ਪੰਜਾਬ ਕੈਬਨਿਟ ਦਾ ਹਿੱਸਾ ਸਨ। ਮਨਪ੍ਰੀਤ ਸਿੰਘ ਬਾਦਲ ਕੋਲ ਵਿੱਤ ਮੰਤਰਾਲਾ ਸੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਪਹਿਲਾਂ ਬਿਜਲੀ ਮੰਤਰੀ ਰਹੇ ਅਤੇ ਫਿਰ ਮਾਲ ਮੰਤਰੀ ਬਣੇ।
ਕੈ. ਅਮਰਿੰਦਰ ਸਿੰਘ ਨੂੰ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਹੁਣ ਮੰਤਰੀਆਂ ਦੀ ਵੀ ਛਾਂਟੀ ਹੋ ਗਈ। ਛਾਂਟੀ ਵਾਲੀ ਸੂਚੀ ’ਚ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਸ਼ਾਮਿਲ ਹਨ ਜਦੋਂਕਿ ਮਨਪ੍ਰੀਤ ਸਿੰਘ ਬਾਦਲ ਦੀ ਮੰਤਰੀ ਵਾਲੀ ਕੁਰਸੀ ਬਚ ਗਈ। ਮਨਪ੍ਰੀਤ ਸਿੰਘ ਬਾਦਲ ਕੋਲ ਵੀ ਪੰਜਾਬ ਦੇ ਖਜਾਨੇ ਦੀ ਚਾਬੀ ਹੀ ਰਹੇਗੀ ਜਾਂ ਕੋਈ ਹੋਰ ਵਿਭਾਗ ਮਿਲੇਗਾ ਇਸਦਾ ਹਾਲੇ ਕੋਈ ਪਤਾ ਨਹੀਂ। ਮੰਤਰੀਆਂ ਨੂੰ ਬਦਲਣ ਦੀ ਜਦੋਂ ਚਰਚਾ ਛਿੜੀ ਸੀ ਤਾਂ ਸ਼ੁਰੂ ਤੋਂ ਹੀ ਗੁਰਪ੍ਰੀਤ ਸਿੰਘ ਕਾਂਗੜ ਦਾ ਨਾਂਅ ਬਦਲਣ ਵਾਲਿਆਂ ’ਚ ਸ਼ਾਮਿਲ ਸੀ।
ਕਾਂਗੜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਨਜਦੀਕੀਆਂ ’ਚੋਂ ਗਿਣੇ ਜਾਂਦੇ ਹਨ। ਇਸ ਤੋਂ ਇਲਾਵਾ ਬੀਤੇ ਦਿਨਾਂ ਦੌਰਾਨ ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ’ਚ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਆਬਕਾਰੀ ਤੇ ਕਰ ਇੰਸਪੈਕਟਰ ਨਿਯੁਕਤ ਕਰਨ ਦੇ ਮਾਮਲੇ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਕਾਫੀ ਚਰਚਾ ਕੀਤੀ ਗਈ ਸੀ। ਗੁਰਸ਼ੇਰ ਸਿੰਘ ਨੂੰ ਇਹ ਨੌਕਰੀ ਉਨ੍ਹਾਂ ਦੇ ਪਿਤਾ ਭੂਪਜੀਤ ਸਿੰਘ ਦੀ ਸਾਲ 2011 ’ਚ ਹੋਈ ਮੌਤ ਹੋ ਗਈ ਸੀ।
ਉਹ ਆਬਕਾਰੀ ਤੇ ਕਰ ਵਿਭਾਗ ’ਚ ਈਟੀਓ ਲੱਗੇ ਹੋਏ ਸੀ। ਇਸ ਤੋਂ ਪਹਿਲਾਂ ਜਦੋਂ ਪੰਜਾਬ ਕੈਬਨਿਟ ’ਚ ਮਨਪ੍ਰੀਤ ਸਿੰਘ ਬਾਦਲ ਅਤੇ ਗੁਰਪ੍ਰੀਤ ਸਿੰਘ ਕਾਂਗੜ ਸੀ ਤਾਂ ਪੰਜਾਬ ਕੈਬਨਿਟ ’ਚ ਬਠਿੰਡਾ ਜ਼ਿਲ੍ਹੇ ਦਾ ਕਾਫੀ ਹੱਥ ਮੰਨਿਆ ਜਾਂਦਾ ਸੀ ਪਰ ਹੁਣ ਕਾਂਗੜ ਕੋਲੋਂ ਵਜਾਰਤ ਖੁੱਸਣ ਕਰਕੇ ਬਠਿੰਡਾ ਜ਼ਿਲ੍ਹੇ ਦਾ ਪਹਿਲਾਂ ਜਿੰਨਾ ਮਾਣ ਨਹੀਂ ਰਿਹਾ।ਅੱਜ ਗੁਰਪ੍ਰੀਤ ਸਿੰਘ ਕਾਂਗੜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ
ਬਹੁਤ ਸਮਾਂ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਮਾਲ ਮੰਤਰੀ ਦੀ ਛਾਂਟੀ : ਮਲੂਕਾ
ਗੁਰਪ੍ਰੀਤ ਸਿੰਘ ਕਾਂਗੜ ਦੇ ਸਿਆਸੀ ਵਿਰੋਧੀ ਤੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਮੰਤਰੀ ਮੰਡਲ ਵਿੱਚੋਂ ਛੁੱਟੀ ਦੇਰੀ ਨਾਲ ਲਿਆ ਗਿਆ ਫੈਸਲਾ ਹੈ ਜਦੋਂਕਿ ਇਹ ਛਾਂਟੀ ਤਾਂ ਉਸੇ ਦਿਨ ਹੋ ਜਾਣੀ ਚਾਹੀਦੀ ਸੀ ਜਿਸ ਦਿਨ ਕਾਂਗਰਸ ਸਰਕਾਰ ਦੇ ਹੀ ਇੱਕ ਵਿਧਾਇਕ ਤੋਂ ਤਹਿਸੀਲਦਾਰ ਵੱਲੋਂ ਰਜਿਸਟਰੀ ਕਰਵਾਉਣ ਬਦਲੇ ਮੋਟੀ ਰਕਮ ਦੀ ਮੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਉਨ੍ਹਾਂ ਕਿਹਾ ਕਿ ਮਾਲ ਮੰਤਰੀ ਨੇ ਆਪਣੇ ਜਵਾਈ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿਵਾ ਕੇ ਸੂਬੇ ਦੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਉਨ੍ਹਾਂ ਮੰਗ ਕੀਤੀ ਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਚਾਹੁੰਦੇ ਹਨ ਤੇ ਲੋਕਾਂ ਨਾਲ ਇਨਸਾਫ ਕਰਨ ਦੀ ਇੱਛਾ ਰੱਖਦੇ ਹਨ ਤਾਂ ਮਾਲ ਮਹਿਕਮੇ ਵਿੱਚ ਹੋਏ ਘਪਲਿਆਂ ਦੀ ਜਾਂਚ ਕਰਵਾਉਣ ਦੇ ਆਦੇਸ਼ ਦੇਣੇ ਚਾਹੀਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ