ਕੁਦਰਤ ਦਾ ਕਹਿਰ ਤੇ ਸਾਡੀ ਜ਼ਿੰਮੇਵਾਰੀ
ਅਰਬ ਸਾਗਰ ’ਚ ਆਏ ਤਾਊਤੇ ਚੱਕਰਵਾਤੀ ਤੂਫ਼ਾਨ ਨਾਲ 26 ਮੌਤਾਂ ਹੋ ਗਈਆਂ ਹਨ ਤੇ 49 ਲੋਕ ਅਜੇ ਵੀ ਲਾਪਤਾ ਹਨ ਸਮੁੰਦਰੀ ਫੌਜ ਨੇ ਹਿੰਮਤ ਕਰਕੇ 186 ਜਾਨਾਂ ਬਚਾ ਲਈਆਂ ਹਨ ਸਮੇਂ ਤੋਂ ਪਹਿਲਾਂ ਚਿਤਾਵਨੀ ਮਿਲਣ ਕਾਰਨ ਭਾਰੀ ਜਾਨੀ ਨੁਕਸਾਨ ਬਚ ਗਿਆ ਹੈ ਪਰ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਣ ਦੇ ਨਾਲ ਜਨ-ਜੀਵਨ ਪ੍ਰਭਾਵਿਤ ਹੋਇਆ ਹੈ ਇਹ ਸਮੱਸਿਆ ਸਿਰਫ਼ ਭਾਰਤ ਲਈ ਨਹੀਂ ਸਗੋਂ ਕੁਦਰਤ ਦੇ ਭਿਆਨਕ ਰੂਪ ਦਾ ਸਾਹਮਣਾ ਪੂਰੇ ਵਿਸ਼ਵ ਨੂੰ ਵੱਖ-ਵੱਖ ਤੂਫ਼ਾਨਾਂ ਦੇ ਰੂਪ ’ਚ ਕਰਨਾ ਪੈ ਰਿਹਾ ਹੈ ਅਮਰੀਕਾ ਵਰਗੇ ਤਕਨੀਕ ’ਚ ਅੱਗੇ ਰਹਿਣ ਵਾਲੇ ਮੁਲਕ ਵੀ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਨਹੀਂ ਬਚ ਸਕੇ
ਦਰਅਸਲ ਪੂਰੀ ਦੁਨੀਆ ਖਾਸ ਕਰ ਵਿਕਸਿਤ ਮੁਲਕਾਂ ਨੂੰ ਇਸ ਮਾਮਲੇ ’ਚ ਆਪਣੀ ਜਿੰਮੇਵਾਰੀ ਨਿਭਾਉਣ ਦੀ ਜ਼ਰੂਰਤ ਹੈ ਅਸਲ ’ਚ ਵਿਕਾਸ ਲਈ ਕੁਦਰਤ ’ਚ ਕੀਤੀ ਛੇੜਛਾੜ ਨਾਲ ਜਲਵਾਯੂ ’ਚ ਤਬਦੀਲੀ ਹੀ ਕੁਦਰਤੀ ਆਫ਼ਤਾਂ ਦੀ ਜੜ੍ਹ ਹੈ ਇਸ ਸਬੰਧੀ ਸਾਂਝੇ ਅੰਤਰਰਾਸ਼ਟਰੀ ਯਤਨਾਂ ਲਈ ਸਹਿਮਤੀ ਬਣਨ ’ਚ ਅੜਿੱਕਾ ਬਣਦਾ ਆ ਰਿਹਾ ਹੈ, ਜਿਸ ਨਾਲ ਸਹੀ ਕਦਮ ਚੁੱਕਣ ’ਚ ਦੇਰੀ ਹੋ ਰਹੀ ਹੈ ਲੰਮੇ ਸਮੇਂ ਤੱਕ ਅਮਰੀਕਾ ਵਰਗੇ ਮੁਲਕ ਇਸ ਮਾਮਲੇ ’ਚ ਧੱਕੇਸ਼ਾਹੀ ਕਰਦਿਆਂ ਆਪਣੀ ਜਿੰਮੇਵਾਰੀ ਨਿਭਾਉਣ ਦੀ ਬਜਾਇ ਗਰੀਬੀ, ਅਨਪੜ੍ਹਤਾ ਤੇ ਹੋਰ ਬੁਨਿਆਦੀ ਸਹੂਲਤਾਂ ਲਈ ਯਤਨ ਕਰ ਰਹੇ ਮੁਲਕਾਂ ਨੂੰ ਪ੍ਰਦੂਸ਼ਣ ਦੀ ਵਜ੍ਹਾ ਦੱਸਦੇ ਆਏ ਹਨ
ਖੁਦ ਅਮਰੀਕਾ ਨੇ ਕਿਓਟੋ ਸੰਧੀ ਤੋਂ ਮੂੰਹ ਫ਼ੇਰੀ ਰੱਖਿਆ ਪਿਛਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਵੇਲੇ ਹੱਦ ਹੀ ਕਰ ਦਿੱਤੀ ਜਦੋਂ ਅਮਰੀਕਾ ਪੈਰਿਸ ਸਮਝੌਤੇ ਤੋਂ ਹੀ ਬਾਹਰ ਗਿਆ ਅਮਰੀਕਾ ਦੀ ਧੱਕੇਸ਼ਾਹੀ ਦਾ ਭਾਰੀ ਵਿਰੋਧ ਹੋਇਆ ਤੇ ਵਾਤਾਵਰਨ ਪ੍ਰੇਮੀਆਂ ਨੇ ਉਸ ਦੀ ਆਲੋਚਨਾ ਕੀਤੀ ਵਿਕਾਸਸ਼ੀਲ ਮੁਲਕਾਂ ਦਾ ਉਦਯੋਗ ਬਿਨਾਂ ਗੁਜ਼ਾਰਾ ਨਹੀਂ ਤੇ ਵਿਕਸਿਤ ਮੁਲਕ ਪੈਸੇ ਲਈ ਗੈਰ-ਜ਼ਰੂਰੀ ਉਦਯੋਗੀਕਰਨ ਨੂੰ ਰੋਕਣ ਲਈ ਤਿਆਰ ਨਹੀਂ ਤੇ ਨਾ ਹੀ ਪ੍ਰਦੂਸ਼ਣ ਘਟਾਉਣ ਲਈ ਤਕਨੀਕ ’ਤੇ ਭਾਰੀ ਨਿਵੇਸ਼ ਕਰਨਾ ਚਾਹੁੰਦੇ ਹਨ ਵਿਕਾਸਸ਼ੀਲ ਮੁਲਕ ਫੰਡਾਂ ਦੀ ਘਾਟ ਕਰਕੇ ਤਕਨੀਕ ਖਰੀਦਣ ’ਚ ਅਸਮਰੱਥ ਹਨ
ਇਸ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਸੰਯੁਕਤ ਰਾਸ਼ਟਰ ਜਿੱਥੇ ਵਿਕਸਿਤ ਮੁਲਕਾਂ ਨੂੰ ਵਾਤਾਵਰਨ ਸਬੰਧੀ ਜਿੰਮੇਵਾਰੀ ਨਿਭਾਉਣ ਲਈ ਪਾਬੰਦ ਕਰੇ, ਉੱਥੇ ਵਿਕਾਸਸ਼ੀਲ ਮੁਲਕਾਂ ਨੂੰ ਵਿੱਤੀ ਸਹਾਇਤਾ ਵੀ ਦੇਵੇ ਜਿਸ ਤਰ੍ਹਾਂ ਕੁਦਰਤੀ ਆਫ਼ਤਾਂ ਆ ਰਹੀਆਂ ਹਨ ਇਹਨਾਂ ਦੇ ਮੱਦੇਨਜ਼ਰ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਦੁਨੀਆ ਭਰ ’ਚ ਮੁਹਿੰਮ ਤੇਜ਼ ਕਰਨੀ ਪਵੇਗੀ ‘ਧਰਤੀ ਦਿਵਸ’ ‘ਵਿਸ਼ਵ ਜਲ ਦਿਵਸ’ ‘ਓਜ਼ੋਨ ਦਿਵਸ’ ਵਰਗੇ ਦਿਨ ਮਨਾਉਣ ਦਾ ਤਾਂ ਹੀ ਫਾਇਦਾ ਹੈ ਜੇਕਰ ਸਾਰੇ ਮੁਲਕ ਇਮਾਨਦਾਰੀ ਨਾਲ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਰੋਕਣ ਲਈ ਆਪਣਾ ਰੋਲ ਅਦਾ ਕਰਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।