ਸਾਡੇ ਨਾਲ ਸ਼ਾਮਲ

Follow us

11.5 C
Chandigarh
Monday, February 2, 2026
More
    Home ਵਿਚਾਰ ਲੇਖ ਅਣਭੋਲ ਬਚਪਨ &#...

    ਅਣਭੋਲ ਬਚਪਨ ‘ਚ ਸਾਡਾ ਭੂਗੋਲਿਕ ਗਿਆਨ

    ਅਣਭੋਲ ਬਚਪਨ ‘ਚ ਸਾਡਾ ਭੂਗੋਲਿਕ ਗਿਆਨ

    ਬਚਪਨ ਹਾਸੀਆਂ-ਖੇਡੀਆਂ ਦਾ ਦੂਸਰਾ ਨਾਂਅ ਹੈ, ਜਦੋਂ ਅਸੀਂ ਸਭ ਕੁਝ ਤੋਂ ਮੁਕਤ ਹੁੰਦੇ ਹਾਂ। ਪਿੰਡ ‘ਚ ਜੰਮੇ ਹੋਣ ਕਾਰਨ ਖੇਤ, ਦਰੱਖਤ, ਚੌਵੀ ਇੰਚੇ ਸਾਈਕਲ ਤੇ ਦੂਰਦਰਸ਼ਨ ਸਾਡੇ ਮਿੱਤਰ ਸਨ। ਖੇਤ ਮਾਪਿਆਂ ਨਾਲ ਕੰਮ ਕਰਵਾਉਂਦੇ, ਖੇਡਣ ਲਈ ਦਰੱਖਤਾਂ ‘ਤੇ ਚੜ੍ਹਦੇ-ਉੱਤਰਦੇ, ਚੌਵੀ ਇੰਚੇ ਸਾਈਕਲ ਨੂੰ ਚਲਾਉਣਾ ਸਿੱਖਣ ਲਈ ਸੁੱਖਣਾ ਸੁੱਖਦੇ ਕੈਂਚੀ ਚਲਾਉਂਦੇ ਹੋਏ ਗਿੱਟੇ ਗੋਡੇ ਰਗੜਾਉਂਦੇ ਤੇ ਅਕਸਰ ਪੈਰ ਦੀ ਮੋਚ ਕਢਵਾਉਣ ਲਈ ਗੁਆਂਢ ‘ਚ ਵੱਸਦੇ ਬਾਜ਼ੀਗਰਾਂ ਦੇ ਘਰਾਂ ‘ਚ ਲੰਗੜਾਉਂਦੇ ਹੋਏ ਚੱਕਰ ਮਾਰਦੇ ਰਹਿੰਦੇ।

    ਸਾਡੇ ‘ਚੋਂ ਕਈਆਂ ਨੇ ਸਾਈਕਲ ਚਲਾਉਣਾ ਸਿੱਖਦੇ ਸਮੇਂ ਬਾਹਾਂ ਵੀ ਤੁੜਵਾਈਆਂ ਸਨ, ਬੱਸ ਉਨ੍ਹਾਂ ਚੱਕਰਾਂ ਵਿੱਚ ਹੀ ਰਗੜਾਂ ਤੇ ਮੋਚ ਕਦੋਂ ਠੀਕ ਹੋ ਜਾਂਦੀ ਪਤਾ ਹੀ ਨਹੀਂ ਚੱਲਦਾ ਸੀ। ਪੈਰ ਉਦੋਂ ਜ਼ਮੀਨ ਨਾਲ ਇੰਝ ਜੁੜੇ ਹੋਏ ਸਨ ਜਿਵੇ ਮਾਂ-ਪੁੱਤ ਦਾ ਰਿਸ਼ਤਾ ਹੋਵੇ ਜਿਸ ਕਰਕੇ ਪੈਰੀਂ ਚੱਪਲ ਪਾਉਣੀ ਅਸੀਂ ਮੁਨਾਸਿਬ ਹੀ ਨਹੀਂ ਸਮਝਦੇ ਸੀ।

    ਨੰਗੇ ਪੈਰੀਂ ਹੀ ਖੇਤਾਂ ‘ਚ ਕੰਮ ਕਰਨਾ, ਜਿਸ ਨਾਲ ਕਿੱਕਰ, ਮਲ਼ਿਆਂ ਦੇ ਕੰਡੇ ਪੈਰਾਂ ਵਿੱਚ ਵੱਜਣੇ ਸੁਭਾਵਿਕ ਹੀ ਸਨ। ਉਦੋਂ ਮਾਪੇ ਜਾਂ ਵੱਡੇ ਭੈਣ-ਭਰਾ ਸਰਜਨ ਹੁੰਦੇ ਸਨ ਤੇ ਕੱਪੜੇ ਸੀਣ ਵਾਲੀ ਸੂਈ ਚੁੱਕ ਸ਼ੁਰੂ ਹੋ ਜਾਦੇ ਸਨ ਕੰਡਾ ਆਪ੍ਰੇਸ਼ਨ ਕਰਨ ਲਈ। ਮਿੱਠੇ-ਮਿੱਠੇ ਦਰਦ ਨਾਲ ਸੀ-ਸੀ ਹਾਈ-ਹਾਈ ਕਰੀ ਜਾਣਾ ਨਾਲੋ-ਨਾਲ ਘਰਦਿਆਂ ਦੀਆਂ ਗਾਲ੍ਹਾਂ ਦਾ ਸ਼ਾਂਦਾ। ਸਾਰਾ ਟੱਬਰ ਸਾਡੇ ਦੁਆਲੇ ਇੰਝ ਜੁੜਿਆ ਹੁੰਦਾ ਸੀ ਜਿਵੇਂ ਸੱਚੀਂ ਬਹੁਤ ਵੱਡੀ ਸਰਜਰੀ ਚੱਲ ਰਹੀ ਹੋਵੇ।

    ਮਾਹਿਰ ਡਾਕਟਰਾਂ ਵਾਂਗ ਉਨ੍ਹਾਂ ਦਿਨਾਂ ‘ਚ ਕੰਡਾ ਕੱਢਣ ਦੇ ਮਾਹਿਰ ਪਿੰਡ ‘ਚ ਹੁੰਦੇ ਸਨ, ਜਿਨ੍ਹਾਂ ਕੋਲ ਘਰ ਦੇ ਚੁੱਕ ਕੇ ਲੈ ਕੇ ਜਾਂਦੇ ਰਹੇ ਹਨ। ਕੰਡਾ ਡੂੰਘਾ ਹੋਣ ਜਾਂ ਫਿਰ ਨਜ਼ਰੀਂ ਨਾ ਪੈਣਾ ਤਾਂ ਕੰਡਾ ਮਾਹਿਰ ਉਸ ਜਗ੍ਹਾ ‘ਤੇ ਗੁੜ ਗਰਮ ਕਰਕੇ ਵਿੱਚ ਥੋੜ੍ਹਾ ਜਿਹਾ ਨਮਕ ਪਾ ਕੇ ਬੰਨ੍ਹਣ ਦੀ ਹਦਾਇਤ ਕਰਦੇ ਸਨ ਤਾਂ ਜੋ ਮਾਸ ਨਰਮ ਹੋ ਕੇ ਕੰਡਾ ਉੱਪਰ ਆ ਜਾਵੇ ਤੇ ਅਸਾਨੀ ਨਾਲ ਕੱਢਿਆ ਜਾ ਸਕੇ।

    ਦੂਰਦਰਸ਼ਨ ਦੇ ਸੀਰੀਅਲ ਜਿਵੇਂ ਸ਼ਕਤੀਮਾਨ, ਜੂਨੀਅਰ ਜੀ, ਟਿੰਬਾ ਰੂਚਾ, ਮਾਲਗੁਡੀ ਡੇਜ਼, ਸ੍ਰੀ ਕ੍ਰਿਸ਼ਨਾ ਆਦਿ ਮਨਭਾਉਂਦੇ ਸਨ ਜਿਨ੍ਹਾਂ ਦੀ ਬੇਸਬਰੀ ਨਾਲ ਉਡੀਕ ਹੁੰਦੀ ਸੀ, ਪ੍ਰਸਾਰਿਤ ਹੋਣ ਵੇਲੇ ਅਕਸਰ ਬੱਤੀ ਦਾ ਗੁੱਲ ਹੋ ਜਾਣਾ ਸਾਡੇ ਬਾਲ ਮਨਾਂ ਨੂੰ ਠੇਸ ਪਹੁੰਚਾਉਦਾ ਸੀ। ਸਕੂਲ, ਰਿਸ਼ਤੇਦਾਰੀਆਂ ‘ਚ ਜਾ ਕੇ ਵੀ ਹਾਣ ਦੇ ਬੱਚਿਆਂ ਨਾਲ ਸੀਰੀਅਲਾਂ ਬਾਰੇ ਚਰਚਾ ਕਰਨੀ ਜਾਂ ਫਿਰ ਉਨ੍ਹਾਂ ਦੇ ਪਾਤਰਾਂ ਦੀ ਨਕਲ ਕਰਨੀ।

    ਲੱਕੜ ਦੇ ਨਿੱਕੇ ਜਿਹੇ ਡੰਡੇ ਨਾਲ ਸਾਈਕਲ ਦੇ ਪੁਰਾਣੇ ਟਾਇਰ ਨੂੰ ਭਜਾਈ ਫਿਰਨਾ ਤੇ ਅਹਿਸਾਸ ਚੇਤਕ ਸਕੂਟਰ ਜਾਂ ਰਾਜਦੂਤ ਮੋਟਰ ਸਾਈਕਲ ਲੈ ਕੇ ਮੂੰਹ ਨਾਲ ਅਵਾਜ਼ਾਂ ਕੱਢਦੇ ਰਹਿਣਾ। ਮੇਰਾ ਅਜ਼ੀਜ਼ ਦੋਸਤ ਗੁਰਦੀਪ ਸਿੰਘ (ਪੰਜਾਬ ਪੁਲੀਸ) ਉਹ ਮੂੰਹ ਖੋਲ੍ਹੇ ਬਗੈਰ ਮੂੰ-ਮੂੰ ਤੇ ਹੋਰ ਵੀ ਕਈ ਤਰ੍ਹਾਂ ਦੀ ਅਵਾਜ਼ ਕੱਢਦਾ ਹੁੰਦਾ ਸੀ।

    ਗਰਮੀ ਦੀਆਂ ਛੁੱਟੀਆਂ ਅਸੀਂ ਸਾਡੇ ਘਰ ਤੇ ਉਹਦੇ ਨਾਨਕੇ ਘਰ ਦੇ ਸਾਹਮਣੇ ਜੋ ਦਰੱਖਤ ਸਨ, ਬੋਹੜ ਦੀ ਠੰਢੀ ਛਾਵੇਂ ਬੈਠਣਾ ਕਾਗਜ਼ ਦੇ ਜਹਾਜ਼ ਬਣਾ ਕੇ ਉਡਾਉਣੇ, ਕਾਗਜਾਂ ਦੀਆਂ ਟਿਕਟਾਂ ਬਣਾ ਬੋਹੜ ਨੂੰ ਬੱਸ ਬਣਾ ਕੇ ਟਿਕਟਾਂ ਕੱਟਣੀਆਂ ਜਾਂ ਫਿਰ ਬੋਹੜ ਤੋਂ ਲਮਕੇ ਛੱਡ ਕੇ ਛਾਲਾਂ ਮਾਰੀ ਜਾਣੀਆਂ। ਮਾਪੇ ਡਾਂਟਦੇ ਰਹਿੰਦੇ ਪਰ ਅਸੀਂ ਸਾਰਾ ਦਿਨ ਲੂਤ-ਲੂਤ ਕਰੀ ਜਾਣਾ, ਜਾਂ ਫਿਰ ਸਾਰਾ ਦਿਨ ਘਰ ਨੇੜੇ ਵਗਦੀ ਕੱਸੀ ‘ਚ ਨਹਾਈ ਜਾਣਾ ਤੇ ਘਰ ਆ ਕੇ ਨਿੰਬੂ, ਅੰਬ ਦੇ ਅਚਾਰ ਨਾਲ ਰੋਟੀਆਂ ਖਾਣੀਆਂ, ਜੋ ਬੇਹੱਦ ਸੁਆਦਲਾ ਪਕਵਾਨ ਸੀ।

    ਰਾਸ਼ਨ ਡਿੱਪੂ ‘ਚੋ ਮਿਲੀ ਜਾਂ ਮਹਿਮਾਨਾਂ ਲਈ ਉਚੇਚੇ ਤੌਰ ‘ਤੇ ਲਿਆਂਦੀ ਖੰਡ ਨਾਲ ਰੋਟੀ ਖਾਣ ਦਾ ਆਪਣਾ ਸਵਾਦ ਸੀ। ਬਾਰਿਸ਼ ਆਉਣੀ ਉਸ ਵਿੱਚ ਸ਼ੁਦਾਈਆਂ ਵਾਂਗ ਨਹਾਈ ਜਾਣਾ, ਮੀਂਹ ਦੇ ਪਾਣੀ ਨਾਲ ਨਹਾ ਕੇ ਗਰਮੀ ਨਾਲ ਹੋਈ ਪਿੱਤ ਵੀ ਹਟ ਜਾਂਦੀ ਸੀ, ਬੱਸ ਮੀਂਹ ਦਾ ਪਾਣੀ ਹੀ ਸਾਡੇ ਲਈ ਸਾਬਣ, ਡਰਮੀਕੂਲ ਜਾਂ ਨਾਈਸਲ ਪਾਊਡਰ ਸੀ।

    ਵਾਣ ਦੇ ਮੰਜੇ ‘ਤੇ ਪਿੱਤ ਵਾਲਾ ਪਿੰਡਾ (ਸਰੀਰ) ਰਗੜ ਕੇ ਬੜੀ ਸ਼ਾਂਤੀ ਮਿਲਦੀ ਸੀ। ਜ਼ਿਆਦਾ ਬਾਰਿਸ਼ ਹੋਣ ਤੋਂ ਬਾਅਦ ਅਕਸਰ ਮੈਂ ਤੇ ਗੁਰਦੀਪ ਡੂੰਘੀ ਵਿਚਾਰ ਕਰਦੇ, ਜੇ ਆਪਾਂ ਡੁੱਬਣ ਲੱਗੇ ਤਾਂ ਕੀ ਕਰਾਂਗੇ। ਬੱਸ ਨੈਣਾ ਦੇਵੀ ਦੀਆਂ ਪਹਾੜੀਆਂ ਹੀ ਉਸ ਵੇਲੇ ਸਾਡੇ ਲਈ ਸੰਸਾਰ ਦੀ ਸਭ ਤੋਂ ਉੱਚੀ ਜਗ੍ਹਾ ਸੀ ਜਿੱਥੇ ਪਾਣੀ ਦਾ ਪੁੱਜਣਾ ਨਾਮੁਮਕਿਨ ਸੀ।

    ਸਾਡੀ ਯੋਜਨਾ ਹੁੰਦੀ ਸੀ ਜੇਕਰ ਹੜ ਆ ਗਏ ਤੇ ਅਸੀਂ ਡੁੱਬਣ ਲੱਗੇ ਤਾਂ ਉੱਥੇ ਪਹਾੜੀਆਂ ‘ਤੇ ਜਾ ਡੇਰੇ ਲਾ ਲਵਾਂਗੇ, ਪਰ ਉੱਥੇ ਪਹੁੰਚਣ ਦੇ ਸਾਧਨ ਤੋਂ ਅਸੀਂ ਅਣਜਾਣ ਸਾਂ। ਸਮੁੰਦਰ ਸਬੰਧੀ ਵੀ ਸਾਨੂੰ ਲੱਗਦਾ ਸੀ ਕਿ ਬੰਬੇ (ਮੁੰਬਈ) ਤੋਂ ਅੱਗੇ ਧਰਤੀ ਖਤਮ ਆ ਤੇ ਬੱਸ ਪਾਣੀ ਹੀ ਪਾਣੀ ਆ। ਬਚਪਨ ‘ਚ ਸਾਡੇ ਇਸ ਭੂਗੋਲਿਕ ਗਿਆਨ ਨੂੰ ਯਾਦ ਕਰ ਅਸੀਂ ਅਕਸਰ ਹੱਸਦੇ ਹਾਂ ਤੇ ਮੇਰਾ ਅਜੇ ਤੱਕ ਨੈਣਾ ਦੇਵੀ ਨਾ ਜਾਣ ਦਾ ਕਾਰਨ ਸ਼ਾਇਦ ਸਾਡੇ ਖਿੱਤੇ ‘ਚ ਅਜੇ ਤੱਕ ਹੜ੍ਹਾਂ ਦਾ ਨਾ ਆਉਣਾ ਹੈ।
    ਚੱਕ ਬਖਤੂ, ਬਠਿੰਡਾ
    ਮੋ. 94641-72783
    ਲੇਖਕ ਰੈਜ਼ੀਡੈਂਟ ਮੈਡੀਕਲ ਅਫਸਰ ਹੈ।
    ਡਾ. ਗੁਰਤੇਜ ਸਿੰਘ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here