ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਇੱਕ ਨਜ਼ਰ ਕੋਰੋਨਾ ਦੀ ਦੂਜ...

    ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਰੋਜ਼ਾਨਾ 3 ਹਜ਼ਾਰ ਕੋਵਿਡ ਟੈਸਟਿੰਗ ਕਰਨ ਦੇ ਆਦੇਸ਼

    Corona India

    ਮੁੱਖ ਸਕੱਤਰ ਨੂੰ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਸਿੱਧੀ ਭਰਤੀ ਲਈ ਨਿਯਮਾਂ ਵਿੱਚ ਸੋਧ ਕਰਨ ਲਈ ਕਿਹਾ

    ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਉਠਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਰੋਜ਼ਾਨਾ 30 ਹਜ਼ਾਰ ਕੋਵਿਡ ਟੈਸਟਿੰਗ ਕਰਵਾਉਣ ਦਾ ਟੀਚਾ ਬਰਕਰਾਰ ਰੱਖਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਲਈ ਨਿਯਮਾਂ ਵਿੱਚ ਸੋਧ ਕਰਨ ਦੇ ਵੀ ਹੁਕਮ ਦਿੱਤੇ।

    ਸੂਬੇ ਵਿੱਚ ਕੋਵਿਡ ਮਹਾਂਮਾਰੀ ਦੀ ਸਥਿਤੀ ਬਾਰੇ ਸਮੀਖਿਆ ਕਰਨ ਲਈ ਸੱਦੀ ਉਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਆਖਿਆ ਕਿ ਸੁਪਰ ਸਪੈਸ਼ਲਿਸਟ ਵਿਭਾਗਾਂ ਵਿੱਚ ਭਰਤੀ ਯਕੀਨੀ ਬਣਾਉਣ ਲਈ ਨਿਯਮਾਂ ਵਿੱਚ ਸੋਧ ਉਤੇ ਕੰਮ ਕੀਤਾ ਜਾਵੇ ਤਾਂ ਕੋਵਿਡ ਖਿਲਾਫ ਜੰਗ ਕਿਸੇ ਵੀ ਪ੍ਰਕਾਰ ਢਿੱਲੀ ਨਾ ਪੈ ਸਕੇ।

    ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਬਿਨਾਂ ਕਿਸੇ ਢਿੱਲ ਦੇ ਰੋਜ਼ਾਨਾ ਘੱਟੋ-ਘੱਟ 25 ਹਜ਼ਾਰ ਆਰ.ਟੀ.-ਪੀ.ਸੀ.ਆਰ. ਅਤੇ 5 ਹਜ਼ਾਰ ਰੈਪਿਡ ਐਂਟੀਜਨ ਟੈਸਟ ਕੀਤੇ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਕੇਸਾਂ ਵਿੱਚ ਆਈ ਮੌਜੂਦਾ ਗਿਰਾਵਟ ਦੇ ਬਾਵਜੂਦ ਸੂਬੇ ਵਿੱਚ ਦੂਜੀ ਲਹਿਰ ਦੇ ਆਉਣ ਦੀ ਸੰਭਾਵਨਾ ਨਾਲ ਸਥਿਤੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕੋਵਿਡ ਸੁਰੱਖਿਆ ਅਤੇ ਵਿਵਹਾਰਕ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਹਦਾਇਤਾਂ ਦਿੱਤੀਆਂ ਕਿ ਮਾਸਕ ਨਾ ਪਹਿਨਣ ਅਤੇ ਸਮਾਜਿਕ ਵਿੱਥ ਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਕੀਤੀ ਜਾਵੇ।

    ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਫੈਲਾਉਣ ਦੀ ਸੰਭਾਵਨਾ ਵਾਲਿਆਂ ਉਤੇ ਖਾਸ ਧਿਆਨ ਕੇਂਦਰਿਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੀ ਨਿਯਮਤ ਤੌਰ ‘ਤੇ ਜਾਂਚ ਹੋਣੀ ਚਾਹੀਦੀ ਹੈ ਅਤੇ ਸਕੂਲਾਂ ਤੇ ਕਾਲਜ ਖੁੱਲ੍ਹਣ ਨਾਲ ਇਹ ਜ਼ਰੂਰੀ ਹੈ ਕਿ ਸਹੀ ਤਰ੍ਹਾਂ ਸਮਾਂ ਸਾਰਣੀ ਬਣਾਈ ਜਾਵੇ ਅਤੇ ਟੈਸਟਿੰਗ ਲਈ ਮੋਬਾਈਲ ਟੀਮਾਂ ਦੀ ਗਿਣਤੀ ਵਧਾ ਦਿੱਤੀ ਜਾਵੇ।

    ਸੂਬੇ ਵਿੱਚ ਉੱਚ ਮੌਤ ਦਰ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਡਾ ਕੇ.ਕੇ. ਤਲਵਾੜ ਦੀ ਅਗਵਾਈ ਵਾਲੀ ਡਾਕਟਰਾਂ ਦੀ ਮਾਹਰ ਟੀਮ ਨੂੰ ਸਮੱਸਿਆ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਨ ਲਈ ਕਿਹਾ ਜੋ ਮੁੱਖ ਤੌਰ ‘ਤੇ ਮਰੀਜ਼ਾਂ ਦੇ ਦੇਰ ਨਾਲ ਦਾਖਲੇ/ਇਲਾਜ, ਸਹਿ-ਰੋਗਾਂ, ਕੁਝ ਹਸਪਤਾਲਾਂ ਵਿੱਚ ਦਵਾਈਆਂ ਦੀ ਵਰਤੋਂ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਘਾਟ, ਮੁਹਾਰਤ ਅਤੇ ਨਿਗਰਾਨੀ ਸਬੰਧੀ ਰੂਪ-ਰੇਖਾ ਦੀ ਘਾਟ ਕਰਕੇ ਹੈ। ਡਾ. ਤਲਵਾੜ ਨੇ ਮੁੱਖ ਮੰਤਰੀ ਨੂੰ ਰਾਜ ਵਿੱਚ ਕੋਵਿਡ ਪ੍ਰਬੰਧਨ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਤੋਂ ਜਾਣੂ ਕਰਵਾਇਆ, ਜਿਸ ਵਿੱਚ ਪੀ.ਜੀ.ਆਈ. ਦੀ ਇੱਕ ਮਾਹਿਰ ਟੀਮ ਦੁਆਰਾ ਐਲ-3 ਸਹੂਲਤਾਂ ਦਾ ਮੁਲਾਂਕਣ ਵੀ ਸ਼ਾਮਲ ਹੈ, ਜੋ ਮੌਜੂਦਾ ਸਮੇਂ ਪ੍ਰਗਤੀ ਅਧੀਨ ਹੈ।

    Corona Active

    ਸਿਹਤ ਸਕੱਤਰ ਹੁਸਨ ਲਾਲ ਨੇ ਮੀਟਿੰਗ ਵਿੱਚ ਦੱਸਿਆ ਕਿ ਕੁਝ ਹਸਪਤਾਲਾਂ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਅਤੇ ਪੀ.ਜੀ.ਆਈ. ਅਤੇ ਏਮਜ਼ ਦੇ ਮਾਹਿਰਾਂ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਵਿੱਚ ਸਹਿ ਰੋਗ ਅਤੇ ਜ਼ਿਆਦਾ ਉਮਰ ਵਾਲੇ ਮਰੀਜ਼ਾਂ ਵਿੱਚ ਜ਼ਿਆਦਾ ਮੌਤ ਦਰ ਦਰਸਾਈ ਗਈ ਸੀ ਪਰ ਇਹ ਅੰਕੜੇ ਹੋਰ ਕਾਰਕਾਂ ਨੂੰ ਸਥਾਪਤ ਕਰਨ ਲਈ ਅਸਪੱਸ਼ਟ ਸਨ।

    ਹਾਲਾਂਕਿ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ, ਜਦਕਿ ਪਿਛਲੇ ਚਾਰ ਹਫ਼ਤਿਆਂ ਵਿੱਚ 11 ਜ਼ਿਲ੍ਹਿਆਂ ਰੂਪਨਗਰ, ਬਠਿੰਡਾ, ਐਸ.ਏ.ਐਸ. ਨਗਰ, ਫਰੀਦਕੋਟ, ਲੁਧਿਆਣਾ, ਜਲੰਧਰ, ਮਾਨਸਾ, ਅੰਮ੍ਰਿਤਸਰ, ਮੋਗਾ, ਸ਼ਹੀਦ ਭਗਤ ਸਿੰਘ ਨਗਰ ਅਤੇ ਸੰਗਰੂਰ ਵਿੱਚ ਪਾਜ਼ਿਟਿਵਿਟੀ ਦਰ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵੇਲੇ ਰਾਜ ਵਿੱਚ 1600 ਮਰੀਜ਼ ਘਰੇਲੂ ਏਕਾਂਤਵਾਸ ਵਿੱਚ ਹਨ। ਹੁਸਨ ਲਾਲ ਨੇ ਦੱਸਿਆ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਵਿਭਾਗ ਨੇ ਆਈ.ਈ.ਸੀ. ਗਤੀਵਿਧੀਆਂ ਵਿਚ ਵਾਧਾ ਕੀਤਾ ਹੈ ਤਾਂ ਜੋ ਜਲਦ ਟੈਸਟਿੰਗ/ਪ੍ਰਬੰਧਨ, ਮਾਸਕ ਪਹਿਨਣ, ਹੱਥ ਦੀ ਸਫ਼ਾਈ ਅਤੇ ਸਮਾਜਿਕ ਵਿੱਥ ਬਣਾਏ ਰੱਖਣ ਸਬੰਧੀ ਜਾਗਰੂਕਤਾ ਫੈਲਾਈ ਜਾ ਸਕੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.