ਓਮੀਕਰੋਨ ਵੇਰੀਐਂਟ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲੱਬਧਤਾ ਸਬੰਧੀ ਸਮੀਖਿਆ ਕਰਨ ਦੇ ਨਿਰਦੇਸ਼
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕੌਮੀ ਪੱਧਰ ’ਤੇ ਓਮੀਕਰੋਨ ਦੇ ਵਧ ਰਹੇ ਮਾਮਲਿਆਂ ਦਰਮਿਆਨ ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ. ਸੋਨੀ, ਜਿਨਾਂ ਕੋਲ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਦਾ ਚਾਰਜ ਵੀ ਹੈ, ਨੇ ਅੱਜ ਸਾਰੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀ.ਐਚ.ਸੀਜ਼), ਕਮਿਊਨਿਟੀ ਹੈਲਥ ਸੈਂਟਰਾਂ (ਸੀ.ਐਚ.ਸੀਜ਼) ਅਤੇ ਆਕਸੀਜਨ ਪਲਾਂਟਾਂ ਨੂੰ ਚਲਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਮਰੀਜ਼ਾਂ ਦੀ ਗਿਣਤੀ ਵਿੱਚ ਸੰਭਾਵੀ ਵਾਧੇ ਨਾਲ ਕਾਰਗਰ ਢੰਗ ਨਾਲ ਨਜਿੱਠਿਆ ਜਾ ਸਕੇ।
ਰੋਕਥਾਮ ਉਪਾਵਾਂ ਦੀ ਸਥਿਤੀ ਦਾ ਜਾਇਜਾ ਲੈਂਦਿਆਂ ਸ੍ਰੀ ਸੋਨੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲਬਧਤਾ ਬਾਰੇ ਨਿਯਮਤ ਤੌਰ ’ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਉਨਾਂ ਨੂੰ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਬਾਰੀਕੀ ਨਾਲ ਸਮੀਖਿਆ ਕਰਨ ਲਈ ਕਿਹਾ। ਉਨਾਂ ਪੀਐਚਸੀਜ਼ ਨੂੰ ਸੀਐਚਸੀਜ਼, ਸੀਐਚਸੀਜ਼ ਨੂੰ ਐਸਡੀਐਚ (ਸਬ ਡਵੀਜਨਲ ਹਸਪਤਾਲਾਂ) ਵਿੱਚ ਅਪਗ੍ਰੇਡ ਕਰਨ ਦੇ ਵੀ ਨਿਰਦੇਸ਼ ਦਿੱਤੇ। ਏ.ਐਨ.ਐਮਜ, ਐਨ.ਐਚ.ਐਮ ਸਟਾਫ ਅਤੇ ਆਸਾ ਵਰਕਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਮੁੱਦੇ ’ਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਉੱਚ ਤਾਕਤੀ ਕਮੇਟੀ ਦੀ ਮੀਟਿੰਗ ਇਹ ਮਾਮਲਾ ਮੁੱਖ ਮੰਤਰੀ ਕੋਲ ਉਠਾਉਣਗੇ।
ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਹੋਈ ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਭਾਵੇਂ ਇਸ ਵੇਲੇ ਕੇਸਾਂ ਦੀ ਗਿਣਤੀ ਘੱਟ ਹੈ ਪਰ ਦਵਾਈਆਂ, ਆਕਸੀਜਨ ਟੈਂਕਰ, ਆਕਸੀਮੀਟਰ ਅਤੇ ਹੋਰ ਲੋੜੀਂਦੇ ਸਮਾਨ ਸਮੇਤ ਸਾਰੀਆਂ ਤਿਆਰੀਆਂ ਜਲਦ ਤੋਂ ਜਲਦ ਪੂਰੀਆਂ ਕਰ ਲਈਆਂ ਜਾਣ। ਉਨਾਂ ਨੇ ਮੀਟਿੰਗ ਵਿੱਚ ਦੱਸਿਆ ਕਿ ਵਾਇਰਸ ਦੀ ਨਵੀਂ ਲਹਿਰ ਵਿੱਚ ਹਲਕੇ ਲੱਛਣ ਪਾਏ ਜਾ ਰਹੇ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਨਹੀਂ ਹੈ। ਇਸ ਲਈ ਘਰੇਲੂ ਇਕਾਂਤਵਾਸ ਵਿੱਚ ਹੀ ਲੋਕਾਂ ਦੇ ਇਲਾਜ ਸਬੰਧੀ ਤਿਆਰੀਆਂ ਨੂੰ ਤਰਜੀਹ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਰਾਜ ਕਮਲ ਚੌਧਰੀ, ਮਿਸਨ ਡਾਇਰੈਕਟਰ ਨੈਸਨਲ ਹੈਲਥ ਮਿਸਨ ਸ੍ਰੀ ਕੁਮਾਰ ਰਾਹੁਲ, ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸਨ ਸ੍ਰੀ ਭੁਪਿੰਦਰ ਸਿੰਘ ਅਤੇ ਡਾ. ਓ ਪੀ ਗੋਜਰਾ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ