ਬਠਿੰਡਾ ਜੇਲ੍ਹਰ ਨੂੰ ਬਣਾ ਦਿੱਤਾ ਗਿਐ ਸ਼ੋਲ੍ਹੇ ਦਾ ਅਸਰਾਨੀ, ਜੇਲ੍ਹਰ ਖੜ੍ਹਾ ਕਰ ਦਿੱਤੈ ਬਾਹਰ’
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਬਠਿੰਡਾ ਦੇ ਜੇਲ੍ਹਰ ਨੂੰ ਹੀ ਸ਼ੋਲੇ ਦਾ ਅਸਰਾਨੀ ਬਣਾ ਕੇ ਰੱਖ ਦਿੱਤਾ ਹੈ, ਜਿਸ ਤਰੀਕੇ ਨਾਲ ਅਸਰਾਨੀ ਨੂੰ ਪਤਾ ਨਹੀਂ ਹੁੰਦਾ ਸੀ ਕਿ ਉਹਦੀ ਜੇਲ੍ਹ ’ਚ ਕੀ ਚੱਲ ਰਿਹਾ ਹੈ, ਉਸੇ ਤਰ੍ਹਾਂ ਹੀ ਬਠਿੰਡਾ ਜੇਲ੍ਹਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਦੀ ਜੇਲ੍ਹ ’ਚ ਇੱਕ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਇੰਟਰਵਿਊ ਤੱਕ ਹੋ ਗਿਆ ਹੈ। ਜੇਲ੍ਹਰ ਨੂੰ ਪਤਾ ਵੀ ਕਿਵੇਂ ਲੱਗਦਾ, ਕਿਉਂਕਿ ਉਸ ਨੂੰ ਸਫ਼ਾਈ ਦੇਣ ਲਈ ਤਾਂ ਜੇਲ੍ਹ ਤੋਂ ਬਾਹਰ ਖੜ੍ਹਾ ਕਰ ਦਿੱਤਾ ਗਿਆ ਸੀ। ਇਹ ਵੱਡੀ ਟਿੱਪਣੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤੀ ਗਈ ਹੈ। ਪ੍ਰਤਾਪ ਸਿੰਘ ਬਾਜਵਾ (Pratap Bajwa) ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ, ਜਿਸ ਕਾਰਨ ਉਸ ਦੇ ਮਾਤਾ-ਪਿਤਾ ਧਰਨਾ ਦੇਣ ਲਈ ਪੰਜਾਬ ਵਿਧਾਨ ਸਭਾ ਦੇ ਬਾਹਰ ਪੁੱਜ ਗਏ ਸਨ।
ਸਿੱਧੂ ਮੂਸੇਵਾਲਾ ਦਾ ਪਰਿਵਾਰ ਪੁੱਜਿਆ ਸੀ ਵਿਧਾਨ ਸਭਾ ਤਾਂ ਰਚੀ ਗਈ ਬਦਨਾਮ ਕਰਨ ਦੀ ਸਾਜਿਸ਼ : Pratap Bajwa
ਇਸ ਤੋਂ ਹੀ ਨਰਾਜ਼ ਹੋ ਕੇ ਇਹ ਇੰਟਰਵਿਊ ਕਰਵਾਈ ਗਈ ਹੈ। ਇਹ ਇੰਟਰਵਿਊ ਕਰਨ ਵਾਲਾ ਸਾਰਾ ਡਰਾਮਾ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਹੀ ਹੋਇਆ ਹੈ ਤਾਂ ਕਿ ਸਿੱਧੂ ਮੂਸੇਵਾਲਾ ਦੀ ਦਿੱਖ ਨੂੰ ਖ਼ਰਾਬ ਕੀਤਾ ਜਾ ਸਕੇ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪ੍ਰਤਾਪ ਬਾਜਵਾ ਨੇ ਅੱਗੇ ਕਿਹਾ ਕਿ ਸਰਕਾਰਾਂ ਦੇ ਸਿੱਧੇ ਤੌਰ ’ਤੇ ਪੁਲਿਸ ਤੇ ਜੇਲ੍ਹ ’ਤੇ ਕਬਜ਼ਾ ਰਹਿੰਦਾ ਹੈ, ਉੱਥੇ ਕੋਈ ਵੀ ਆਪਣੀ ਚਲਾ ਨਹੀਂ ਸਕਦਾ ਹੈ ਤਾਂ ਇਹ ਸਾਰਾ ਡਰਾਮਾ ਕਿਵੇਂ ਹੋ ਗਿਆ? ਪਹਿਲਾਂ ਅਜਨਾਲਾ ਦੇ ਥਾਣੇ ’ਚ ਕਬਜ਼ਾ ਹੋ ਗਿਆ ਤਾਂ ਹੁਣ ਜੇਲ੍ਹ ’ਚੋਂ ਕਬਜ਼ੇ ਵਾਂਗ ਇੰਟਰਵਿਊ ਹੋ ਗਈ ਹੈ।
ਪੰਜਾਬ ’ਚ ਚੱਲ ਰਹੀ ਐ ਇੰਟਰਵਿਊ ਸਾਜ਼ਿਸ਼ : ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਸ ਸਮੇਂ ਪੰਜਾਬ ’ਚ ਇੰਟਰਵਿਊ ਸਾਜਿਸ਼ ਚੱਲ ਰਹੀ ਹੈ। ਪਹਿਲਾਂ ਅੰਮਿ੍ਰਤਪਾਲ ਸਿੰਘ ਦਾ ਇੰਟਰਵਿਊ ਕਰਵਾਏ ਜਾ ਰਹੇ ਸਨ ਤਾਂ ਹੁਣ ਲਾਰੇਂਸ ਬਿਸ਼ਨੋਈ ਦਾ ਇੰਟਰਵਿਊ ਕਰਵਾਇਆ ਗਿਆ ਹੈ। ਸਿੱਧੂ ਮੂਸੇਵਾਲਾ ਦਾ ਪਹਿਲਾਂ ਕਤਲ ਕਰ ਦਿੱਤਾ ਗਿਆ ਤਾਂ ਹੁਣ ਪਰਿਵਾਰ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਤੋਂ ਹੁਣ ਪਰਦਾ ਹੀ ਉੱਠਦਾ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਇੰਟਰਵਿਊ ਰਾਹੀਂ ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਆਖ ਰਹੇ ਹਨ ਕਿ ਪੰਜਾਬ ਦੀ ਜੇਲ੍ਹ ’ਚ ਇੰਟਰਵਿਊ ਨਹੀਂ ਹੋਈ ਹੈ ਤਾਂ ਲਾਰੇਂਸ ਬਿਸ਼ਨੋਈ ਤਾਂ ਉਨ੍ਹਾਂ ਦੀ ਜੇਲ੍ਹ ’ਚ ਹੀ ਬੈਠਾ ਹੈ। ਉਸ ਤੋਂ ਜਾ ਕੇ ਹੀ ਪੁੱਛਿਆ ਕਿਉਂ ਨਹੀਂ ਜਾਂਦਾ ਹੈ ਕਿ ਆਖ਼ਰਕਾਰ ਇਹ ਸਾਰਾ ਕੁਝ ਕਿੱਥੇ ਤੇ ਕਿਵੇਂ ਹੋਇਆ ਹੈ। ਲਾਰੇਂਸ ਬਿਸ਼ਨੋਈ ਤੋਂ ਪੁੱਛਿਆ ਨਹੀਂ ਜਾ ਰਿਹਾ ਹੈ, ਜਿਸ ਤੋਂ ਸਾਫ਼ ਹੈ ਕਿ ਇਹ ਸਾਰਾ ਕੁਝ ਸਰਕਾਰ ਨੇ ਹੀ ਕਰਵਾਇਆ ਹੈ।