ਗਾਇਕ ਸਿੱਧੂ ਮੂਸੇ ਵਾਲੇ ਮਾਮਲੇ ‘ਚ ਵਿਰੋਧੀ ਧਿਰ ਦੇ ਵਕੀਲਾਂ ਪੁਲਿਸ ਕਾਰਵਾਈ ‘ਤੇ ਜਤਾਇਆ ਸ਼ੱਕ

ਕਿਹਾ, ਪੁਲਿਸ ਦੀ ਸਾਰੀ ਕਾਰਵਾਈ ਸਿੱਧੂ ਮੂਸੇ ਵਾਲੇ ਮੁਤਾਬਿਕ ਚੱਲਦੀ ਹੈ

ਮਾਮਲੇ ‘ਚ 6 ਜਣਿਆਂ ਦੀ ਅੰਤਰਿਮ ਜ਼ਮਾਨਤ ਅਰਜ਼ੀ ਬਰਨਾਲਾ ਅਦਾਲਤ ਵੱਲੋਂ ਰੱਦ

ਬਰਨਾਲਾ, (ਜਸਵੀਰ ਸਿੰਘ) ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਫਾਇਰਿੰਗ ਮਾਮਲੇ ‘ਚ ਬਰਨਾਲਾ ਅਦਾਲਤ ਵਿਖੇ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਪਰਚੇ ਵਿੱਚ ਨਾਮਜਦ ਪੰਜ ਪੁਲਿਸ ਮੁਲਾਜ਼ਮਾਂ ਸਮੇਤ ਡੀਐਸਪੀ ਦੇ ਬੇਟੇ ਵਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ। ਇਸ ਮਾਮਲੇ ‘ਚ ਵਿਰੋਧੀ ਧਿਰ ਦੇ ਵਕੀਲਾਂ ਨੇ ਪੁਲਿਸ ਕਾਰਵਾਈ ‘ਤੇ ਸ਼ੱਕ ਜ਼ਾਹਰ ਕਰਦਿਆਂ ਪੁਲੀਸ ਦੀ ਸਾਰੀ ਕਾਰਵਾਈ ਸਿੱਧੂ ਮੂਸੇ ਵਾਲੇ ਅਨੁਸਾਰ ਚੱਲਣ ਦਾ ਖੁਲਾਸਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸ਼ਲ ਐਕਟੀਵਿਸਟ ਹਾਈ ਕੋਰਟ ਦੇ ਵਕੀਲ ਰਵੀ ਜੋਸ਼ੀ ਅਤੇ ਬਰਨਾਲਾ ਦੇ ਵਕੀਲ ਹਰਿੰਦਰ ਪਾਲ ਸਿੰਘ ਰਾਣੂੰ ਨੇ ਦੱਸਿਆ ਕਿ ਬਰਨਾਲਾ ਦੇ ਪਿੰਡ ਬਡਬਰ ਵਿਖੇ ਫਾਇਰਿੰਗ ਦੇ ਮਾਮਲੇ ਵਿੱਚ ਥਾਣਾ ਧਨੌਲਾ ਵਿਖੇ ਸਿੱਧੂ ਮੂਸੇ ਵਾਲੇ ਸਮੇਤ ਪੁਲਿਸ ਅਧਿਕਾਰੀਆਂ ‘ਤੇ ਲਾਕਡਾਊਨ ਦੌਰਾਨ ਬਡਬਰ ਦੇ ਟਿੱਬਿਆਂ ਵਿੱਚ ਏਕੇ 47 ਨਾਲ ਫਾਇਰਿੰਗ ਕਰਨ ਦੇ ਦੋਸ ਵਜੋਂ ਪਰਚਾ ਦਰਜ ਕੀਤਾ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਡੀਐਸਪੀ ਦੇ ਬੇਟੇ ਜੰਗ ਸ਼ੇਰ ਸਿੰਘ, ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ, ਗਗਨਦੀਪ ਸਿੰਘ ਕਾਂਸਟੇਬਲ, ਬਲਕਾਰ ਸਿੰਘ ਏਐੱਸਆਈ, ਹਰਵਿੰਦਰ ਸਿੰਘ ਕਾਂਸਟੇਬਲ ਅਤੇ ਜਸਵੀਰ ਸਿੰਘ ਕਾਂਸਟੇਬਲ ਵੱਲੋਂ ਅੰਤਰਿਮ ਜ਼ਮਾਨਤ ਅਰਜ਼ੀ ਲਗਾਈ ਗਈ ਸੀ

ਜਿਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਅੱਜ ਅਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਦੀ ਕਾਰਗੁਜ਼ਾਰੀ ਪੂਰੀ ਤਰਾਂ ਸ਼ੱਕੀ ਹੈ। ਆਰਮਜ਼ ਐਕਟ ਵੀ ਅਦਾਲਤ ਰਾਹੀਂ ਲਗਾਇਆ ਗਿਆ ਹੈ

ਜਦਕਿ ਜਿਸ ਮੋਬਾਈਲ ਵਿੱਚ ਇਹ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ, ਉਹ ਮੋਬਾਇਲ ਵੀ ਬਰਾਮਦ ਨਹੀਂ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਆਈਟੀ ਐਕਟ ਵੀ ਨਹੀਂ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ‘ਚ ਸ਼ਾਮਲ ਇਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਜੋ ਸਾਬਤ ਕਰਦੀ ਹੈ ਕਿ ਪੁਲਿਸ ਦੀ ਕਾਰਗੁਜ਼ਾਰੀ ਅਮੀਰਾਂ ਅਤੇ ਗਰੀਬਾਂ ਲਈ ਹੋਰ ਹੈ।

ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲੇ ਗਾਇਕ ‘ਤੇ ਪੁਲਿਸ ਏਨੀ ਮਿਹਰਬਾਨ ਹੈ ਕਿ ਉਸ ਨੂੰ ਜ਼ਮਾਨਤ ਅਰਜ਼ੀ ਲਗਾਉਣ ਦੀ ਵੀ ਅਜੇ ਤੱਕ ਲੋੜ ਨਹੀਂ ਪਈ ਅਤੇ ਪੁਲਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰਨਾ ਚਾਹੁੰਦੀ ਹੈ ਤੇ ਬਚਾ ਰਹੀ ਹੈ। ਪੁਲਿਸ ਦੀ ਸਾਰੀ ਕਾਰਵਾਈ ਗਾਇਕ ਸਿੱਧੂ ਮੂਸੇਵਾਲਾ ਦੇ ਅਨੁਸਾਰ ਹੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਵਿੱਚ ਪੁਲਿਸ ਨੇ ਕੋਈ ਵੀ ਅਣਗਹਿਲੀ ਕੀਤੀ ਤਾਂ ਪੁਲਿਸ ਖ਼ਿਲਾਫ਼ ਵੀ ਕਾਰਵਾਈ ਲਈ ਅਦਾਲਤ ਵਿਚ ਪੈਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here