ਪੰਜਾਬ ਤੇ ਹਰਿਆਣਾ ’ਚ ਵੇਚਣੀ ਸੀ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਐਸਟੀਐਫ ਬਠਿੰਡਾ ਰੇਂਜ ਨੇ ਦੋ ਸਕੇ ਭਰਾਵਾਂ ਨੂੰ 5 ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਬਰਾਮਦ ਕੀਤੀ ਅਫ਼ੀਮ ਝਾਰਖੰਡ ਤੋਂ ਲਿਆਂਦੀ ਸੀ ਜੋ ਅੱਗੇ ਪੰਜਾਬ ਅਤੇ ਹਰਿਆਣਾ ’ਚ ਵੇਚੀ ਜਾਣੀ ਸੀ। ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਡੀਆਈਜੀ ਐਸਟੀਐਫ ਬਠਿੰਡਾ ਰੇਂਜ ਅਜੈ ਮਲੂਜਾ ਦਿੱਤੀ।
ਡੀਆਈਜੀ ਅਜੈ ਮਲੂਜਾ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਐਸਟੀਐਫ ਬਠਿੰਡਾ ਰੇਂਜ ਦੇ ਐਸਆਈ ਬਚਿੱਤਰ ਸਿੰਘ ਤੇ ਪੁਲਿਸ ਪਾਰਟੀ ਨੇ ਪਸ਼ੂ ਹਸਪਤਾਲ ਦਾਣਾ ਮੰਡੀ ਕਿੱਲਿਆਂਵਾਲੀ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਖੇ ਸਕੂਟਰੀ (ਐਚਆਰ 25 ਜੀ-3553) ’ਤੇ ਸਵਾਰ ਰਵਿੰਦਰ ਪਾਸਵਾਨ ਪੁੱਤਰ ਜਗਦੀਸ਼ ਪਾਸਵਾਨ ਵਾਸੀ ਪਿੰਡ ਨੇਭੀ, ਜ਼ਿਲ੍ਹਾ ਚਤਰਾ (ਝਾਰਖੰਡ) ਹਾਲ ਆਬਾਦ ਨਰਸਿੰਗ ਕਲੋਨੀ ਡੂੰਮਵਾਲੀ ਜ਼ਿਲ੍ਹਾ ਬਠਿੰਡਾ ਅਤੇ ਬਾਬੂ ਕੁਮਾਰ ਪੁੱਤਰ ਜਗਦੀਸ਼ ਪਾਸਵਾਨ ਵਾਸੀ ਪਿੰਡ ਨੇਭੀ (ਉਤਰਾਖੰਡ) ਦੇ ਪੈਰਾਂ ’ਚ ਪਈ ਇੱਕ ਪਲਾਸਟਿਕ ਦੀ ਕੈਨੀ ’ਚੋਂ 5 ਕਿੱਲੋ ਅਫ਼ੀਮ ਬਰਾਮਦ ਹੋਈ।
ਝਾਰਖੰਡ ਤੋਂ ਲਿਆ ਕੇ ਪੰਜਾਬ, ਹਰਿਆਣਾ ’ਚ ਵੇਚਦੇ ਸਨ ਅਫੀਮ
ਡੀਆਈਜੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਸਕੇ ਭਰਾ ਹਨ। ਰਵਿੰਦਰ ਪਾਸਵਾਨ ’ਤੇ ਇਸ ਤੋਂ ਪਹਿਲਾਂ ਵੀ 10 ਕਿੱਲੋ ਭੁੱਕੀ ਚੂਰਾ ਪੋਸਤ ਦਾ ਮੁਕੱਦਮਾ ਦਰਜ਼ ਹੋਇਆ ਹੈ। ਰਵਿੰਦਰ 10 ਸਾਲਾਂ ਤੋਂ ਡੱਬਵਾਲੀ ਵਿਖੇ ਸਬਜੀ ਦੀ ਰੇਹੜੀ ਲਗਾਉਂਦਾ ਸੀ ਅਤੇ ਪਿਛਲੇ 2 ਮਹੀਨਿਆਂ ਤੋਂ ਜੱਸੀ ਬਾਗਵਾਲੀ ਵਿਖੇ ਢਾਬੇ ’ਤੇ ਕੰਮ ਕਰ ਰਿਹਾ ਸੀ। ਰਵਿੰਦਰ ਨੇ ਆਪਣੇ ਭਰਾ ਬਾਬੂ ਕੁਮਾਰ ਨੂੰ ਝਾਰਖੰਡ ਤੋਂ ਅਫ਼ੀਮ ਲਿਆਉਣ ਲਈ ਕਿਹਾ।
ਉਨ੍ਹਾਂ ਨੇ ਅਫੀਮ 80 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਝਾਰਖੰਡ ਤੋਂ ਲਿਆ ਕੇ ਅੱਗੇ ਬਠਿੰਡਾ, ਮੁਕਤਸਰ ਅਤੇ ਡੱਬਵਾਲੀ ਵਿਖੇ ਆਪਣੇ ਗ੍ਰਾਹਕਾਂ ਨੂੰ 1 ਲੱਖ 50 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਣੀ ਸੀ। ਇਹ ਅਫੀਮ ਉਹ ਪਹਿਲੀ ਵਾਰ ਲਿਆਏ ਸੀ ਤੇ ਰੇਲ ਰਾਹੀਂ ਲਿਆਏ। ਡੀਆਈਜੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ, ਜਿੰਨ੍ਹਾਂ ਦੀ ਫਰਾਂਸਿਕ ਜਾਂਚ ਕੀਤੀ ਜਾ ਰਹੀ ਹੈ । ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰਾਂ ਨਾਲ ਜੁੜੇ ਹੋਰ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ