ਸੂਬੇ ਦੀ ਤਰੱਕੀ ਲਈ ਮਿਆਰੀ ਸਿੱਖਿਆ ਦੀ ਸਖ਼ਤ ਲੋੜ ਹੁੰਦੀ ਹੈ : OP Soni
ਭਵਾਨੀਗੜ੍ਹ(ਵਿਜੈ ਸਿੰਗਲਾ) ਸਥਾਨਕ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂੰ ਸਮਾਰਟ ਸਕੂਲ ਬਣਾਉਣ ਦਾ ਉਦਘਾਟਨ ਬੀਤੇ ਦਿਨੀਂ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ (OP Soni) ਵੱਲੋਂ ਕੀਤਾ ਗਿਆ। ਇਸ ਮੌਕੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਦੇਸ਼ ਤੇ ਸੂਬੇ ਦੀ ਤਰੱਕੀ ਲਈ ਮਿਆਰੀ ਸਿੱਖਿਆ ਦੇਣ ਦੀ ਸਖਤ ਲੋੜ ਹੁੰਦੀ ਹੈ ,ਪਰ ਜਦੋਂ ਤਿੰਨ ਸਾਲ ਪਹਿਲਾਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣੀ ਤਾਂ ਪੰਜਾਬ ਵਿੱਚ ਪੜਾਈ ਦਾ ਬੁਰਾ ਹਾਲ ਸੀ।
ਪੜ੍ਹਾਈ ਪੱਖੋਂ ਪੰਜਾਬ ਦੇਸ਼ ਦੇ ਦੂਜਿਆਂ ਰਾਜਾਂ ਨਾਲੋਂ ਬਹੁਤ ਪਿਛੇ ਰਹਿ ਗਿਆ ਸੀ। ਉਨ੍ਹਾਂ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵੱਲ ਧਿਆਨ ਦਿੱਤਾ। ਇਸ ਦੀ ਲੜੀ ਵਜੋਂ 3500 ਨਵੇਂ ਅਧਿਆਪਕ ਭਰਤੀ ਕੀਤੇ, ਸ਼ਹਿਰਾਂ ਵਿਚੋਂ ਬਦਲਕੇ ਕਈ ਪਿੰਡਾਂ ਵਿਚ ਅਧਿਆਪਕ ਭੇਜੇ ਗਏ, ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਕੀਤੀ ਗਈ। ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਨਕਲ ਖਤਮ ਕੀਤੀ। ਜਿਸ ਦੇ ਸਿੱਟੇ ਵੱਜੋਂ ਪਿਛਲੇ ਸਾਲ ਸਰਕਾਰੀ ਸਕੂਲਾਂ ਦੇ ਨਤੀਜੇ 86 ਫੀਸਦੀ ਆਏ ਅਤੇ ਸਰਕਾਰੀ ਸਕੂਲਾਂ ਅੰਦਰ ਬੱਚਿਆਂ ਦੀ ਗਿਣਤੀ ਵਧਣ ਲੱਗ ਪਈ ਹੈ।
ਉਨਾਂ ਕਿਹਾ ਕਿ ਸਮਾਰਟ ਕਲਾਸਾਂ ਲੱਗਣ ਨਾਲ ਸਰਕਾਰੀ ਸਕੂਲਾਂ ਵਿਚ ਪੜ ਰਹੇ ਬੱਚਿਆਂ ਨੂੰ ਹੋਰ ਵੀ ਤਕਨੀਕੀ ਸਹੂਲਤ ਪ੍ਰਾਪਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਵਿਚ ਪੜਾਈ ਨੂੰ ਲੈਕੇ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਜੇਕਰ ਮਾਪੇ, ਅਧਿਆਪਕ ਤੇ ਸਰਕਾਰ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਸਰਕਾਰੀ ਸਕੂਲਾਂ ਦਾ ਨਿੱਜੀ ਸਕੂਲ ਕੋਈ ਮੁਕਾਬਲਾ ਨਹੀਂ ਕਰ ਸਕਦੇ।
ਸਕੂਲ ਦੀ ਪ੍ਰਿੰਸੀਪਲ ਮੈਡਮ ਤਰਵਿੰਦਰ ਕੌਰ ਨੇ ਕੈਬਨਿਟ ਮੰਤਰੀ ਦਾ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਜਿੱਥੇ ਧੰਨਵਾਦ ਕੀਤਾ ਉੱਥੇ ਸਕੂਲ ਦੀ ਰਿਪੋਰਟ ਵੀ ਪੜ੍ਹਕੇ ਸੁਣਾਈ ਗਈ। ਇਸ ਮੌਕੇ ਘਣਸ਼ਿਆਮ ਥੋਰੀ ਡਿਪਟੀ ਕਮਿਸ਼ਨਰ ਸੰਗਰੂਰ, ਡਾ. ਸੰਦੀਪ ਗਰਗ ਐਸਐਸਪੀ ਸੰਗਰੂਰ, ਰਾਜੇਸ਼ ਤ੍ਰਿਪਾਠੀ ਏਡੀਸੀ ਸੰਗਰੂਰ, ਡਾ. ਅੰਕੁਰ ਮਹਿੰਦਰੂ ਐਸਡੀਐਮ ਭਵਾਨੀਗੜ, ਕਪਿਲ ਦੇਵ ਗਰਗ ਡਾਇਰੈਕਟਰ ਪੀਆਰਟੀਸੀ, ਵਿਪਨ ਸ਼ਰਮਾ ਪ੍ਰਧਾਨ ਟਰੱਕ ਯੂਨੀਅਨ, ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਪ੍ਰਦੀਪ ਕੱਦ ਚੇਅਰਮੈਨ ਮਾਰਕੀਟ ਕਮੇਟੀ, ਸੁਖਮਹਿੰਦਰਪਾਲ ਸਿੰਘ ਤੂਰ, ਮਹੇਸ਼ ਕੁਮਾਰ, ਫਕੀਰ ਚੰਦ ਸਿੰਗਲਾ, ਗੁਰਪ੍ਰੀਤ ਸਿੰਘ ਕੰਧੋਲਾ, ਦਰਸ਼ਨ ਜੱਜ ਸਰਪੰਚ ਬਾਲਦ ਖੁਰਦ ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।