ਸਰਕਾਰੀ ਖਰੀਦ ਸ਼ੁਰੂ, ਦਾਣਾ ਮੰਡੀਆਂ ’ਚ ਨਾ ਸਾਫ਼- ਸਫ਼ਾਈ ਨਾ ਲੋੜੀਂਦੇ ਪ੍ਰਬੰਧ | Government
ਲੁਧਿਆਣਾ (ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਸਰਕਾਰੀ ਹੁਕਮਾਂ ਦੇ ਬਾਵਜੂਦ ਮੰਡੀਆਂ ’ਚ ਮਹਿਕਮੇ ਵੱਲੋਂ ਲੋੜੀਂਦੀ ਸਾਫ਼- ਸਫ਼ਾਈ ਤੇ ਪ੍ਰਬੰਧ ਹਾਲੇ ਤੱਕ ਮੁਕੰਮਲ ਨਹੀਂ ਕੀਤੇ ਗਏ। ਜਦਕਿ ਹੁਕਮਾਂ ਤਹਿਤ ਸਰਕਾਰੀ ਖਰੀਦ 1 ਅਪਰੈਲ ਨੂੰ ਸ਼ੁਰੂ ਹੋ ਚੁੱਕੀ ਹੈ। ਜਿਸ ਦੀ ਮਿਸ਼ਾਲ ਲੁਧਿਆਣਾ ਸ਼ਹਿਰ ’ਚ ਸਥਿਤ ਅਰੋੜਾ ਪੈਲੇਸ ਨੇੜਲੀ ਦਾਣਾ ਮੰਡੀ ਦਾ ਦੌਰਾ ਕਰਨ ਮੌਕੇ ਮਿਲੀ। ਜਿੱਥੇ ਸਾਫ਼- ਸਫਾਈ ਦੇ ਨਾਲ ਆਪਣੀ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ ਵਾਸਤੇ ਆਰਾਮ ਕਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਨਾ ਹੀ ਕਿਸਾਨਾਂ ਤੇ ਮੰਡੀ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਆਦਿ ਲਈ ਪੀਣ ਵਾਲੇ ਪਾਣੀ ਤੇ ਰਫ਼ਾ- ਹਾਜ਼ਤ ਦੇ ਕੋਈ ਪ੍ਰਬੰਧ ਨਜ਼ਰ ਆਏ। (Government)
ਡਿਸਪੋਜ਼ਲ ਤੇ ਕੂੜਾ-ਕਰਕਟ
ਇਸ ਪ੍ਰਤੀਨਿਧ ਵੱਲੋਂ ਮੰਗਲਵਾਰ ਨੂੰ ਜਿਉਂ ਹੀ ਸਬੰਧਿਤ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਮੌਕੇ ’ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਇੱਥੇ ਅਕਸਰ ਹੀ ਨੇੜਲੇ ਵਸਨੀਕ ਡਿਸਪੋਜ਼ਲ ਤੇ ਕੂੜਾ- ਕਰਕਟ ਸੁੱਟਦੇ ਰਹਿੰਦੇ ਹਨ, ਜਿਸ ਵੱਲ ਮੰਡੀ ਬੋਰਡ ਦੇ ਅਧਿਕਾਰੀ ਕੋਈ ਧਿਆਨ ਨਹੀਂ ਦਿੰਦੇ। ਮੰਡੀ ਵਿੱਚ ਸੀਮਿੰਟ ਤੇ ਹੋਰ ਸਮਾਨ ਨਾਲ ਲੱਦੇ ਟਰੱਕ ਆਮ ਹੀ ਖੜੇ੍ਹ ਕਰ ਜਾਂਦੇ ਹਨ ਜੋ ਅੱਜ ਵੀ ਸਰਕਾਰੀ ਖਰੀਦ ਦਾ ਐਲਾਨ ਹੋਣ ਤੋਂ ਬਾਅਦ ਉਥੇ ਹੀ ਖੜੇ੍ਹ ਦਿਖਾਈ ਦਿੱਤੇ। ਅਜੇ ਤੱਕ ਇਸ ਮੰਡੀ ’ਚ ਕੋਈ ਵੀ ਕਿਸਾਨ ਕਣਕ ਲੈ ਕੇ ਨਹੀਂ ਆਇਆ ਤੇ ਨਾ ਹੀ ਕੋਈ ਸਾਫ-ਸਫਾਈ ਕਰਨ ਵਾਲੀ ਲੇਬਰ, ਨਾ ਹੀ ਕੋਈ ਕਣਕ ਦੀਆਂ ਬੋਰੀਆਂ ਭਰਨ ਵਾਲੀ ਲੇਬਰ ਨਜਰ ਆਈ। ਇਸ ਮੌਕੇ ਸਬੰਧਿਤ ਮੰਡੀ ’ਚ ਮਹਿਕਮੇ ਦਾ ਕੋਈ ਅਧਿਕਾਰੀ ਵੀ ਦਿਖਾਈ ਨਹੀਂ ਦਿੱਤਾ।
ਨਿਯਮਾਂ ਮੁਤਾਬਕ ਹਰ ਸਾਲ ਇੱਕ ਅਪਰੈਲ ਨੂੰ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ। ਭਾਵੇਂ ਫ਼ਸਲ ਮੰਡੀਆਂ ’ਚ ਪੰਦਰ੍ਹਾਂ ਤੋਂ ਵੀਹ ਦਿਨ ਦੇਰੀ ਨਾਲ ਪਹੁੰਚਦੀ ਹੈ ਪਰ ਇਸ ਦੇ ਲਈ ਮੰਡੀ ਬੋਰਡ ਵਿਭਾਗ ਵੱਲੋਂ ਇੱਕ ਅਪਰੈਲ ਤੋਂ ਪਹਿਲਾਂ- ਪਹਿਲਾਂ ਸਮੁੱਚੀਆਂ ਮੰਡੀਆਂ ਵਿੱਚ ਸਾਫ਼- ਸਫ਼ਾਈ ਦੇ ਨਾਲ-ਨਾਲ ਕਿਸਾਨਾਂ ਤੇ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸਹੂਲਤ ਵਾਸਤੇ ਲੋੜੀਂਦੇ ਇੰਤਜਾਮ ਮੁਕੰਮਲ ਕਰਨੇ ਹੁੰਦੇ ਹਨ। ਬੇਸ਼ੱਕ ਉਕਤ ਮੰਡੀ ਨਾਲ ਸਬੰਧਿਤ ਅਧਿਕਾਰੀਆਂ ਵੱਲੋਂ ਖੁਦ ਆਪਣੀ ਮੌਜਦੂਗੀ ’ਚ ਸਾਫ਼-ਸਫ਼ਾਈ ਕਰਵਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਖਿੱਚੀਆਂ ਗਈਆਂ ਤਸਵੀਰਾਂ ’ਚ ਮੰਡੀ ਦੇ ਹਾਲਾਤ ਕੁੱਝ ਹੋਰ ਹੀ ਬਿਆਨ ਕਰ ਰਹੇ ਹਨ।
Also Read : Earthquake : 7.5 ਦੀ ਤੀਬਰਤਾ ਨੇ ਹਿਲਾਈ ਧਰਤੀ, ਸੁਨਾਮੀ ਨਾਲ ਧਰਤੀ ’ਚ ਸਮਾ ਸਕਦੀ ਐ ਦੁਨੀਆਂ
ਸੰਪਰਕ ਕੀਤੇ ਜਾਣ ’ਤੇ ਮੰਡੀ ਬੋਰਡ ਦੇ ਅਧਿਕਾਰੀ ਵਿਨੋਦ ਸ਼ਰਮਾ ਨੇ ਦਾਅਵਾ ਕੀਤਾ ਕਿ ਕੱਲ੍ਹ (ਸੋਮਵਾਰ) ਸ਼ਾਮ ਨੂੰ ਉਹਨਾਂ ਖੁਦ ਆਪਣੀ ਮੌਜੂਦਗੀ ’ਚ ਮੰਡੀ ਦੀ ਸਫਾਈ ਕਰਵਾਈ ਸੀ। ਫ਼ਿਰ ਵੀ ਜੇਕਰ ਕਿਧਰੇ ਸਾਫ਼- ਸਫਾਈ ਦੀ ਹੋਰ ਲੋੜ ਹੈ ਤਾਂ ਉਹ ਸਫ਼ਾਈ ਕਰਵਾ ਦਿੰਦੇ ਹਨ।