ਪਿੰਡ ਚੰਨਣਵਾਲ ਵਿਖੇ ਸਰਪੰਚ ਤੇ ਪੰਚਾਂ ਸਬੰਧੀ ਚੱਲ ਰਿਹਾ ਵਿਵਾਦ ਖ਼ਤਮ
ਸਰਪੰਚ ਤੇ ਤਿੰਨੇ ਪੰਚਾਂ ਨੇ ਭਾਜਪਾ ਨੂੰ ਕਿਹਾ ਅਲਵਿਦਾ
(ਰਾਜਿੰਦਰ ਸ਼ਰਮਾ) ਬਰਨਾਲਾ। ਪਿੰਡ ਚੰਨਣਵਾਲ ਵਿਖੇ ਸਰਪੰਚ ਬੂਟਾ ਸਿੰਘ ਅਤੇ ਤਿੰਨ ਪੰਚਾਂ ਦੇ ਲੰਘੇ ਦਿਨੀਂ ਭਾਜਪਾ ਵਿੱਚ ਸ਼ਾਮਲ ਹੋਣ ਕਾਰਨ ਸਰਪੰਚ/ ਪੰਚ ਅਤੇ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਚੱਲ ਰਿਹਾ ਅੱਜ ਉਸ ਸਮੇਂ ਠੱਲ ਗਿਆ ਜਦੋਂ ਸਰਪੰਚ ਤੇ ਤਿੰਨੇ ਪੰਚਾਂ ਨੇ ਭਾਜਪਾ ਨੂੰ ਛੱਡ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨਾਲ ਖੜਨ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਸਰਪੰਚ ਬੂਟਾ ਸਿੰਘ ਅਤੇ ਉਸਦੇ ਸਾਥੀ ਤਿੰਨੇ ਪੰਚਾਂ ਨੇ ਪਿੰਡ ਵਾਸੀਆਂ ਤੇ ਜਥੇਬੰਦੀਆਂ ਦੇ ਭਰਵੇਂ ਇਕੱਠ ਦੌਰਾਨ ਵਿਸ਼ਵਾਸ਼ ਦਿਵਾਇਆ ਕਿ ਉਹ ਭਾਜਪਾ ਤੋਂ ਕਿਨਾਰਾ ਕਰਦੇ ਹੋਏ ਪਿੰਡ ਵਾਸੀਆਂ ਤੋਂ ਇਲਾਵਾ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਉਨ੍ਹਾਂ ਦਾ ਹੈ ਜਿਸ ਵਿੱਚ ਉਹ ਪਹਿਲਾਂ ਦੀ ਤਰ੍ਹਾਂ ਹੀ ਪੂਰਾ ਸਾਥ ਦੇਣਗੇ ਤੇ ਪਿੰਡ ਵਾਸੀਆਂ ਦੇ ਹਰ ਦੁੱਖ-ਸੁੱਖ ’ਚ ਬਰਾਬਰ ਦੇ ਸ਼ਰੀਕ ਹੋਣਗੇ। ਜਿਸ ਪਿੱਛੋਂ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੁਆਰਾ ਸਰਪੰਚ ਤੇ ਤਿੰਨੇ ਪੰਚਾਂ ਦਾ ਕੀਤਾ ਗਿਆ ਬਾਈਕਾਟ ਵਾਪਸ ਲੈਂਦਿਆਂ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਨੂੰ ਪੰਚਾਇਤੀ ਕੰਮ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਹਰ ਤਰੀਕੇ ਪੰਚਾਇਤ ਦੀ ਮੱਦਦ ਕੀਤੀ ਜਾਵੇਗੀ ਤਾਂ ਕਿ ਪਿੰਡ ਦੇ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਆਗੂਆਂ ਇਹ ਵੀ ਭਰੋਸਾ ਦਿੱਤਾ ਕਿ ਪਿੰਡ ਦੇ ਅਧੂਰੇ ਕਾਰਜਾਂ ਸਬੰਧੀ ਸਬੰਧਿਤ ਉਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਵੇਗੀ। ਇਸ ਸਮੇਂ ਜਗਸੀਰ ਸਿੰਘ ਸੀਰਾ (ਜਿਲ੍ਹਾ ਪ੍ਰਧਾਨ ਕਾਦੀਆਂ ), ਪਿੰਡ ਇਕਾਈ ਕਾਦੀਆਂ ਦਾ ਪ੍ਰਧਾਨ ਬਲਵੀਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ (ਕਾਦੀਆਂ), ਜਗਜੀਤ ਸਿੰਘ ਜੱਗੀ ( ਰਾਜੇਵਾਲ) ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ