ਤਲਵੰਡੀ ਸਾਬੋ ਥਰਮਲ ਪਲਾਂਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ ਅੱਧੇ ਤੋਂ ਡੇਢ ਦਿਨ ਦਾ ਕੋਲਾ ਬਚਿਆ
-
ਸਰਕਾਰੀ ਥਰਮਲ ਪਲਾਂਟਾਂ ਦੇ 7 ਯੂਨਿਟ ਚਾਲੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਰਾਜਪੁਰਾ ਥਰਮਲ ਪਲਾਂਟ (Thermal Plant) ਦਾ ਇੱਕ ਯੂਨਿਟ ਅੱਜ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ। ਇਹ ਯੂਨਿਟ ਪਿਛਲੇ ਦੋ ਸਾਲ ਤੋਂ ਲਗਾਤਾਰ ਬਿਜਲੀ ਪੈਦਾ ਕਰ ਰਿਹਾ ਸੀ। ਇਧਰ ਸਰਕਾਰੀ ਥਰਮਲਾਂ ਦੇ ਅੱਠਾਂ ਵਿੱਚੋਂ 7 ਸੱਤ ਯੂਨਿਟ ਚਾਲੂ ਹਨ । ਸੂਬੇ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਘਾਟ ਲਗਾਤਾਰ ਪੈਦਾ ਹੋ ਰਹੀ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਅੱਧੇ ਦਿਨ ਦਾ ਹੀ ਕੋਲਾ ਬਚਿਆ ਹੈ ਜਦਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ ਡੇਢ ਦਿਨ ਦਾ ਕੋਲਾ ਬਾਕੀ ਹੈ।
ਇਕੱਤਰ ਜਾਣਕਾਰੀ ਅਨੁਸਾਰ ਰਾਜਪੁਰਾ ਥਰਮਲ ਪਲਾਂਟ (Thermal Plant) ਪਿਛਲੇ ਸਮੇਂ ਤੋਂ ਲਗਾਤਾਰ ਬਿਜਲੀ ਉਤਪਾਦਨ ਕਰ ਰਿਹਾ ਸੀ। ਇਸ ਥਰਮਲ ਪਲਾਂਟ ਦਾ ਨੰਬਰ ਇੱਕ ਯੂਨਿਟ ਅੱਜ ਸਵੇਰੇ ਤਕਨੀਕੀ ਖਰਾਬੀ ਆ ਜਾਣ ਕਾਰਨ ਬੰਦ ਹੋ ਗਿਆ । ਇਹ ਯੂਨਿਟ 600 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਉਤਪਾਦਨ ਕਰ ਰਿਹਾ ਸੀ । ਇਸ ਥਰਮਲ ਪਲਾਂਟ ਦਾ ਹੁਣ ਇੱਕ ਯੂਨਿਟ ਹੀ ਚਾਲੂ ਹੈ ਅਤੇ ਇਸ ਯੂਨਿਟ ਤੋਂ 670 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਰਾਜਪੁਰਾ ਥਰਮਲ ਪਲਾਂਟ ਕੋਲ ਛੇ ਦਿਨਾਂ ਦਾ ਕੋਲਾ ਬਾਕੀ ਹੈ ।
ਮੌਜੂਦਾ ਸਮੇਂ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੇ ਯੂਨਿਟ ਭਖੇ ਹੋਏ ਹਨ ਇਨ੍ਹਾਂ ਤਿੰਨਾਂ ਯੂਨਿਟਾਂ ਤੋਂ 1100 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਉਤਪਾਦਨ ਹੋ ਰਿਹਾ ਹੈ । ਇਸ ਥਰਮਲ ਪਲਾਂਟ ਕੋਲ ਅੱਧੇ ਦਿਨ ਦਾ ਕੋਲਾ ਹੀ ਬਾਕੀ ਰਹਿ ਗਿਆ ਹੈ। ਇਸੇ ਤਰ੍ਹਾਂ ਹੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ (Thermal Plant) ਦਾ ਇੱਕ ਯੂਨਿਟ ਹੀ ਭਖਿਆ ਹੋਇਆ ਹੈ ਜਦਕਿ ਇੱਕ ਯੂਨਿਟ ਕੋਲੇ ਦੀ ਘਾਟ ਕਾਰਨ ਬੰਦ ਹੈ। ਪਾਵਰਕੌਮ ਵੱਲੋਂ ਹੁਣ ਆਪਣੇ ਸਰਕਾਰੀ ਥਰਮਲ ਪਲਾਂਟਾਂ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਯੂਨਿਟ ਚਾਲੂ ਹਨ, ਇਸ ਥਰਮਲ ਪਲਾਂਟ ਤੋਂ 830 ਮੈਗਾਵਾਟ ਬਿਜਲੀ ਉਤਪਾਦਨ ਹਾਸਲ ਕੀਤਾ ਜਾ ਰਿਹਾ ਹੈ ।
ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਜਦਕਿ ਇੱਕ ਯੂਨਿਟ ਬੰਦ ਹੈ ਇਸ ਥਰਮਲ ਪਲਾਂਟ ਤੋਂ 530 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਸਰਕਾਰੀ ਥਰਮਲ ਪਲਾਂਟਾਂ ਕੋਲ 14 ਤੋਂ 15 ਦਿਨਾਂ ਦਾ ਕੋਲਾ ਹੈ । ਸਰਕਾਰੀ ਥਰਮਲ ਪਲਾਂਟਾਂ ਦੇ ਲਗਾਤਾਰ ਭਖਣ ਕਾਰਨ ਇਨ੍ਹਾਂ ਕੋਲ ਵੀ ਕੋਲੇ ਦੀ ਘਾਟ ਪੈਦਾ ਹੋ ਜਾਵੇਗੀ।
ਬਿਜਲੀ ਕੱਟਾਂ ਦਾ ਕਰਨਾ ਪੈ ਸਕਦੈ ਸਾਹਮਣਾ
ਮੌਜੂਦਾ ਸਮੇਂ ਬਿਜਲੀ ਦੀ ਮੰਗ ਅੱਠ ਹਜਾਰ ਮੈਗਾਵਾਟ ਦੇ ਨੇੜੇ ਤੇੜੇ ਚੱਲ ਰਹੀ ਹੈ। ਇਸ ਵਾਰ ਝੋਨੇ ਅਤੇ ਗਰਮੀ ਦੇ ਸੀਜਨ ਦੌਰਾਨ ਬਿਜਲੀ ਦੀ ਮੰਗ 16 ਹਜਾਰ ਮੈਗਾਵਾਟ ਨੂੰ ਪਾਰ ਕਰਨ ਦੇ ਅੰਦਾਜ਼ੇ ਹਨ। ਪਿਛਲੀ ਵਾਰ ਪੰਜਾਬ ਦੇ ਲੋਕਾਂ ਨੂੰ ਛੇ ਤੋਂ ਅੱਠ ਘੰਟਿਆਂ ਦੇ ਕੱਟਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਵਾਰ ਵੀ ਕੋਲੇ ਦੀ ਘਾਟ ਆਉਣ ਕਾਰਨ ਵੱਡੇ ਬਿਜਲੀ ਕੱਟਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਾਵਰਕੌਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਕੋਲੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੋਲ ਇੰਡੀਆ ਸਮੇਤ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ