ਪਾਵਰਕੌਮ ਨੇ ਆਪਣੇ ਸਰਕਾਰੀ ਥਰਮਲ ਭਖਾਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਕੋਲੇ ਦੀ ਪੈਦਾ ਹੋਈ ਘਾਟ ਕਾਰਨ ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੋ ਗਿਆ ਹੈ ਜਦਕਿ ਦੂਜੇ ਯੂਨਿਟ ਕੋਲ ਵੀ ਕੋਲਾ ਨਾ ਮਾਤਰ ਰਹਿ ਗਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦਾ ਚਾਲੂ ਇੱਕੋ ਇੱਕ ਯੂਨਿਟ ਕਦੇ ਵੀ ਬੰਦ ਹੋ ਸਕਦਾ ਹੈ। ਪ੍ਰਾਈਵੇਟ ਥਰਮਲਾਂ ਦੇ ਬੰਦ ਹੋਣ ਕਾਰਨ ਪਾਰਵਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ ਯੂਨਿਟ ਭਖਾਏ ਗਏ ਹਨ। ਸਰਕਾਰੀ ਥਰਮਲਾਂ ਕੋਲ ਵੀ ਕੁਝ ਦਿਨਾਂ ਦਾ ਹੀ ਕੋਲਾ ਬਚਿਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅੱਜ ਮੁੜ ਫਿਰ ਪੰਜਾਬ ਦੀਆਂ ਜਥੇਬੰਦੀਆਂ ਨੂੰ ਰੇਲ ਲਾਈਨਾਂ ਤੋਂ ਧਰਨੇ ਚੁੱਕਣ ਦੀ ਅਪੀਲ ਕੀਤੀ ਹੈ ਤਾਂ ਜੋ ਕੋਲੇ ਸਮੇਤ ਹੋਰ ਸਾਮਾਨ ਦੀ ਪੈਦਾ ਹੋਈ ਘਾਟ ਨੂੰ ਪੂਰ ਕੀਤਾ ਜਾ ਸਕੇ।
ਜਾਣਕਾਰੀ ਅਨੁਸਾਰ ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਕੋਲੇ ਦੀ ਘਾਟ ਕਾਰਨ ਲੰਘੀ ਦੇਰ ਰਾਤ ਬੰਦ ਹੋ ਗਿਆ। ਦੂਜਾ ਯੂਨਿਟ ਵੀ ਅੱਧੀ ਮਾਤਰਾ ਦੀ ਬਿਜਲੀ ਪੈਦਾ ਕਰ ਰਿਹਾ ਹੈ। ਇਸ ਯੂਨਿਟ ਕੋਲ ਵੀ 0.38 ਦਿਨ ਦਾ ਕੋਲਾ ਬਾਕੀ ਹੈ। ਉਕਤ ਯੂਨਿਟ ਆਉਂਦੇ ਦਿਨਾਂ ‘ਚ ਕਦੇ ਵੀ ਠੱਪ ਹੋ ਸਕਦਾ ਹੈ। ਜੇਕਰ ਪ੍ਰਾਈਵੇਟ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਵੀ 0.133 ਦਿਨ ਦਾ ਕੋਲਾ ਬਾਕੀ ਰਹਿ ਗਿਆ ਹੈ। ਪ੍ਰਾਈਵੇਟ ਥਰਮਲਾਂ ਦੇ ਬੰਦ ਹੋ ਰਹੇ ਯੂਨਿਟਾਂ ਨੂੰ ਦੇਖਦਿਆਂ ਪਾਰਵਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ ਯੂਨਿਟ ਚਲਾਏ ਗਏ ਹਨ ਤਾਂ ਜੋ ਸੂਬੇ ਅੰਦਰ ਬਿਜਲੀ ਦੀ ਕਿੱਲਤ ਨੂੰ ਰੋਕਿਆ ਜਾ ਸਕੇ।
ਪਾਵਰਕੌਮ ਨੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ 6 ਅਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਚਾਲੂ ਕਰ ਦਿੱਤਾ ਹੈ। ਰੋਪੜ ਪਲਾਂਟ ਵਿੱਚ 6.16 ਦਿਨ ਅਤੇ ਲਹਿਰਾ ਮੁਹਬੱਤ ਵਿੱਚ 4.22 ਦਿਨ ਦਾ ਕੋਲਾ ਪਿਆ ਹੈ। ਦੋਵੇਂ ਥਰਮਲ ਪਲਾਂਟ ਸਤੰਬਰ ਦੇ ਆਖਰੀ ਹਫਤੇ ਤੋਂ ਬੰਦ ਪਏ ਸਨ। ਉਂਜ ਪੰਜਾਬ ਅੰਦਰ ਸਰਕਾਰੀ ਤੇ ਪ੍ਰਾਈਵੇਟ ਦੋਵੇਂ ਥਰਮਲ ਪਲਾਂਟਾਂ ਵੱਲੋਂ ਕੇਂਦਰੀ ਬਿਜਲੀ ਅਥਾਰਟੀ (ਸੀ ਈ ਏ) ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਹੀ ਕੋਲਾ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ।
ਬਿਜਲੀ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਨਿਯਮਾਂ ਦੀ ਪਾਲਣਾ ਕੀਤੀ ਹੁੰਦੀ ਤਾਂ ਫਿਰ ਇਹ ਦਿਨ ਨਾ ਵੇਖਣਾ ਪੈਂਦਾ। ਅਸਲ ਵਿੱਚ ਨਿਯਮ ਇਹ ਹੈ ਕਿ ਜੋ ਥਰਮਲ ਪਲਾਂਟ ਪਿਟ ਹੈਡ ‘ਤੇ ਸਥਿਤ ਹਨ, ਉਹਨਾਂ ਲਈ 15 ਦਿਨ ਦਾ ਕੋਲਾ ਸਟਾਕ ਰੱਖਣਾ ਲਾਜ਼ਮੀ ਹੈ, ਜੋ ਕੋਲਾ ਖਾਣ ਤੋਂ 500 ਕਿਲੋਮੀਟਰ ਦੂਰ ਹਨ ਉਹਨਾਂ ਲਈ 20, ਜੋ 1000 ਕਿਲੋਮੀਟਰ ਤੱਕ ਦੀ ਦੂਰੀ ‘ਤੇ ਹਨ, ਉਹਨਾਂ ਲਈ 25 ਅਤੇ 1000 ਤੋਂ ਜ਼ਿਆਦਾ ਦੂਰੀ ‘ਤੇ ਸਥਿਤ ਥਰਮਲ ਪਲਾਟਾਂ ਲਈ 30 ਦਿਨ ਦਾ ਕੋਲਾ ਰੱਖਣਾ ਲਾਜ਼ਮੀ ਹੈ।
ਜਦੋਂ 27 ਸਤੰਬਰ ਨੂੰ ਕਿਸਾਨਾਂ ਨੇ ਰੇਲ ਲਾਈਨਾਂ ਰੋਕੀਆਂ ਤਾਂ ਉਸ ਵੇਲੇ ਨਾ ਤਾਂ ਸਰਕਾਰੀ ਤੇ ਨਾ ਹੀ ਪ੍ਰਾਈਵੇਟ ਥਰਮਲਾਂ ਵਿੱਚ 30-30 ਦਿਨ ਦਾ ਕੋਲਾ ਸੀ। ਜੇਕਰ ਨਿਯਮਾਂ ਮੁਤਾਬਕ ਪੂਰਾ ਸਟਾਕ ਰੱਖਿਆ ਹੁੰਦਾ ਤਾਂ ਸ਼ਾਇਦ ਕੋਲਾ ਸੰਕਟ ਦਾ ਸਾਹਮਣਾ ਨਾ ਕਰਨਾ ਪੈਂਦਾ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅੱਜ ਮੁੜ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉੁਹ ਕੋਲਾ ਅਤੇ ਹੋਰ ਸਮਾਨ ਦੀ ਆਈ ਥੁੜ ਲਈ ਰੇਲ ਲਾਈਨਾਂ ਖਾਲੀ ਕਰ ਦੇਣ। ਉਨ੍ਹਾਂ ਅਨੁਸਾਰ ਤਾਂ ਸਿਰਫ਼ ਇੱਕ ਦਿਨ ਦਾ ਹੀ ਕੋਲਾ ਬਚਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.