ਪੁਲਿਸ ਨੇ ਜਖ਼ਮੀ ਦੇ ਪੁੱਤਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਆਰੰਭ
ਬਰਨਾਲਾ, (ਜਸਵੀਰ ਸਿੰਘ ਗਹਿਲ) । ਜ਼ਿਲੇ ਦੇ ਪਿੰਡ ਠੀਕਰੀਵਾਲਾ ਦੀ ਅਨਾਜ਼ ਮੰੰਡੀ ’ਚ ਫੜ ਦੀ ਜਗਾ ਨੂੰ ਲੈ ਕੇ ਹੋਏ ਤਕਰਾਰ ਪਿੱਛੋਂ ਇੱਕ ਨੇ ਤੈਸ ’ਚ ਆ ਕੇ ਦੂਜੇ ਆੜਤੀਏ ’ਤੇ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਗੋਲੀਆਂ ਲੱਗਣ ਕਰਕੇ ਇੱਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਤੋਂ ਅੱਗੇ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ਤੋਂ ਫਾਇਰਿੰਗ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸਤੀਸ਼ ਕੁਮਾਰ ਸੰਘੇੜਾ ‘ਤੇ ਜਗਦੀਸ ਚੰਦ ਵਾਸੀ ਠੀਕਰੀਵਾਲਾ ਹਾਲ ਅਬਾਦ ਬਰਨਾਲਾ ਅਨਾਜ਼ ਮੰਡੀ ਠੀਕਰੀਵਾਲਾ ਵਿਖੇ ਆੜਤ ਦੀ ਦੁਕਾਨ ਚਲਾਉਂਦੇ ਹਨ। ਜਿੱਥੇ ਅੱਜ ਸਵੱਖ਼ਤੇ ਦੋਵਾਂ ਦੀ ਫੜ ਦੀ ਜਗਾ ਨੂੰ ਲੈ ਕੇ ਤੂੰ ਤੂੰ, ਮੈਂ ਮੈਂ ਹੋ ਗਈ। ਗੱਲ ਇੱਥੋਂ ਤੱਕ ਪੁੱਜ ਗਈ ਕਿ ਸਤੀਸ਼ ਕੁਮਾਰ ਨੇ ਜਗਦੀਸ ਚੰਦ ’ਤੇ ਪਿਸਟਲ ਨਾਲ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਇੱਕ ਗੋਲੀ ਜਗਦੀਸ ਚੰਦ ਦੀ ਵੱਖੀ ’ਚ ਅਤੇ ਦੂਜੀ ਗੋਲੀ ਹੱਥ ’ਚ ਜਾ ਲੱਗੀ। ਗੋਲੀਆਂ ਲੱਗਣ ਕਾਰਨ ਜਖ਼ਮੀ ਹੋਏ ਜਗਦੀਸ਼ ਚੰਦ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਜਖਮੀ ਦੀ ਹਾਲਤ ਨੂੰ ਦੇਖਦਿਆਂ ਰੈਫਰ ਕਰ ਦਿੱਤਾ ਗਿਆ।
ਸਥਾਨਕ ਸਿਵਲ ਹਸਪਤਾਲ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਖ਼ਮੀ ਜਗਦੀਸ ਚੰਦ ਦੇ ਪੁੱਤਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਅੱਜ ਆਪਣੇ ਪਿਤਾ ਸਮੇਤ ਠੀਕਰੀਵਾਲਾ ਅਨਾਜ਼ ਮੰਡੀ ’ਚ ਆਪਣੀ ਆੜਤ ਦੀ ਦੁਕਾਨ ਦਾ ਕੰਮ ਦੇਖਣ ਗਏ ਸਨ। ਜਿੱਥੇ ਮਿਲੀ ਜਗਾ ਉਨਾਂ ਵੱਲੋਂ ਆਪਣੀਆਂ ਬੋਰੀਆਂ ਰੱਖੀਆਂ ਹੋਈਆਂ ਹਨ। ਅਚਾਨਕ ਹੀ ਸਤੀਸ ਕੁਮਾਰ ਆ ਕੇ ਉਨਾਂ ਨਾਲ ਬਹਿਸਣ ਲੱਗਿਆ ਤੇ ਚਲਾ ਗਿਆ। ਕੁੱਝ ਸਮੇਂ ਪਿੱਛੋਂ ਆਉਂਦਿਆਂ ਹੀ ਉਸਨੇ ਉਨਾਂ ਦੇ ਪਿਤਾ ਜਗਦੀਸ ਚੰਦ ’ਤੇ ਅੰਨੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਦੋ ਗੋਲੀਆਂ ਉਨਾਂ ਦੇ ਪਿਤਾ ਨੂੰ ਲੱਗੀਆਂ।
ਮਾਮਲੇ ਸਬੰਧੀ ਥਾਣਾ ਸਦਰ ਦੇ ਜਗਜੀਤ ਸਿੰਘ ਨੇ ਦੱਸਿਆ ਕਿ ਸਤੀਸ ਕੁਮਾਰ ਤੇ ਜਗਦੀਸ ਚੰਦ ਦੋਵੇਂ ਠੀਕਰੀਵਾਲਾ ਵਿਖੇ ਆੜਤ ਦਾ ਕੰਮ ਕਰਦੇ ਹਨ। ਜਿੱਥੇ ਦੋਵਾਂ ਦੀ ਫੜ ਨੂੰੂ ਲੈ ਕੇ ਕਹਾੑਸੁਣੀ ਹੋ ਗਈ। ਜਿਸ ਕਾਰਨ ਤੈਸ ’ਚ ਆ ਕੇ ਸਤੀਸ ਕੁਮਾਰ ਨੇ ਜਗਦੀਸ ਚੰਦ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਦੋ ਗੋਲੀਆਂ ਜਗਦੀਸ ਚੰਦ ਦੇ ਲੱਗੀਆਂ ਹਨ। ਉਨਾਂ ਦੱਸਿਆ ਕਿ ਜਖਮੀ ਨੂੰ ਇਲਾਜ਼ ਲਈ ਅੱਗੇ ਰੈਫ਼ਰ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਜਖਮੀ ਦੇ ਪੁੱਤਰ ਵਿਨੋਦ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ