ਸਰਕਾਰ ਦੀਆਂ ਗਲਤੀਆਂ ਕਾਰਨ ਇਸ ਤੋਂ ਪਹਿਲਾਂ 50 ਸੀਵਰਮੈਨ ਗੁਆ ਚੁੱਕੇ ਹਨ ਆਪਣੀ ਜਾਨ : ਗੁਜਰਾਤ ਚੌਹਾਨ (Bathinda News)
(ਅਸ਼ੋਕ ਗਰਗ) ਬਠਿੰਡਾ। ਬਠਿੰਡਾ ’ਚ ਖੇਤਾ ਸਿੰਘ ਬਸਤੀ ’ਚ ਸੀਵਰੇਜ਼ ਦੀ ਸਫਾਈ ਕਰਦੇ ਸਮੇਂ ਇੱਕ ਸੀਵਰੇਜ ਮੈਨ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਮਲੋਟ ਰੋਡ ’ਤੇ ਸੀਵੀਆਂ ਰੋਡ ਸਥਿੱਤ ਖੇਤਾ ਸਿੰਘ ਬਸਤੀ ਵਿੱਚ ਅਧਿਕਾਰੀਆਂ ਦੇ ਕਹਿਣ ਤੇ ਸੀਵਰੇਜ਼ ਦੀ ਸਫਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਕਰਮਚਾਰੀ ਜਦੋਂ ਸੀਵਰੇਜ ਵਿੱਚ ਹੇਠਾਂ ਉਤਰਿਆ ਤਾਂ ਗੈਸ ਚੜ੍ਹਨ ਨਾਲ ਉਸ ਦੀ ਸਥਿਤੀ ਗੰਭੀਰ ਹੋ ਗਈ। ਇਸ ਦੌਰਾਨ ਜਲਦੀ ਜਲਦੀ ਉਸ ਨੂੰ ਬਚਾਉਣ ਲਈ ਇੱਕ ਹੋਰ ਸੀਵਰਮੈਨ ਨੂੰ ਥੱਲੇ ਉਤਾਰ ਦਿੱਤਾ ਅਤੇ ਉਸ ਦੀ ਵੀ ਹਾਲਤ ਵਿਗੜ ਗਈ। ਉਥੇ ਖੜ੍ਹੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਬਾਹਰ ਕੱਢਿਆ ਅਤੇ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੇ ਵਲੰਟੀਅਰ ਵੀ ਮੌਕੇ ’ਤੇ ਪਹੁੰਚ ਗਏ। Bathinda News
ਸਹਾਰਾ ਵਰਕਰਾਂ ਨੇ ਤੁਰੰਤ ਦੋਵੇਂ ਕਰਮਚਾਰੀਆਂ ਨੂੰ ਹਸਪਤਾਲ ਦੇ ਐਂਮਰਜੰਸੀ ਵਾਰਡ ਵਿਖੇ ਪਹੁੰਚਾ ਦਿੱਤਾ। ਡਾਕਟਰਾਂ ਨੇ ਦੋਵਾਂ ਵਿੱਚੋਂ ਇੱਕ ਕਰਮਚਾਰੀ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਦੂਜੇ ਨੂੰ ਪ੍ਰਾਈਵੇਟ ਹਸਪਤਾਲ ਨੂੰ ਰੈਫਰ ਕਰ ਦਿੱਤਾ। ਮ੍ਰਿਤਕ ਕਰਮਚਾਰੀ ਦੀ ਪਛਾਣ ਸੂਰਜ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਲੱਗਣ ’’ਤੇ ਨਗਰ ਨਿਗਮ ਦੇ ਸੀਵਰਮੈਨ ਇਕੱਠੇ ਹੋ ਗਏ ਅਤੇ ਸਰਕਾਰ ਅਤੇ ਪ੍ਰਸਾਸ਼ਨ ਦੀਆਂ ਨਾਕਾਮੀਆਂ ਨੂੰ ਕੋਸਣ ਲੱਗੇ। Bathinda News
ਇਹ ਵੀ ਪੜ੍ਹੋ: ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਸਬੰਧੀ ਮਾਂ ਨੇ ਦਿੱਤਾ ਬਿਆਨ, ਜਾਣੋ ਕੀ ਕਿਹਾ..
ਇਸ ਮੌਕੇ ਸੀਵਰੇਜ਼ ਵਰਕਰ ਯੂਨੀਅਨ ਦੇ ਆਗੂ ਗੁਜਰਾਤ ਚੌਹਾਨ ਨੇ ਕਿਹਾ ਕਿ ਇਹ ਜੋ ਹਾਦਸਾ ਵਾਪਰਿਆ ਹੈ ਉਹ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਲਾਹਪ੍ਰਵਾਹੀ ਦਾ ਨਤੀਜਾ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਸੇਫਟੀ ਕਿੱਟਾਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਧੱਕੇ ਨਾਲ ਸੀਵਰੇਜ਼ ਅੰੰਦਰ ਉਤਾਰਿਆ ਜਾਂਦਾ ਹੈ ਅਤੇ ਜਦੋਂ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਅਧਿਕਾਰੀ ਸੇਫਟੀ ਕਿੱਟਾਂ ਜਾਰੀ ਕਰਨ ਦੀ ਗੱਲ ਕਹਿ ਟਾਲ ਦਿੰਦੇ ਹਨ ਬਾਅਦ ਵਿੱਚ ਕੋਈ ਸੇਫਟੀ ਕਿੱਟਾਂ ਨਹੀਂ ਦਿੱਤੀਆਂ ਜਾਂਦੀਆਂ।
ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਚੈੱਕ ਅਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ
ਉਨ੍ਹਾਂ ਕਿਹਾ ਕਿ ਮ੍ਰਿਤਕ ਸੂਰਜ ਦੇ ਪੰਜ ਛੋਟੀਆਂ ਛੋਟੀਆਂ ਲੜਕੀਆਂ ਹਨ ਅਤੇ ਸੀਵਰੇਜ਼ ਵਰਕਰ ਯੂਨੀਅਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਚੈੱਕ ਅਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਮਾਸੂਮ ਲੜਕੀਆਂ ਦੀ ਪੈਨਸ਼ਨ ਲਗਾਈ ਜਾਵੇ ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਨਗਰ ਨਿਗਮ ਦੇ ਸਮੂਹ ਸੀਵਰਮੈਨ, ਸਫਾਈ ਸੇਵਕ ਸੜਕਾਂ ਜਾਮ ਕਰ ਦੇਣਗੇ।
ਓਧਰ ਨਗਰ ਨਿਗਮ ਦੇ ਐਕਸੀਅਨ ਬਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ ਉਨ੍ਹਾਂ ਸੇਫਟੀ ਕਿੱਟਾਂ ਬਾਰੇ ਕਿਹਾ ਕਿ ਕਰਮਚਾਰੀਆਂ ਨੂੰ ਸੇਫਟੀ ਕਿੱਟਾਂ ਜਾਰੀ ਕੀਤੀਆਂ ਜਾਣਗੀਆਂ।