ਉੱਘੀਆਂ ਸ਼ਖਸੀਅਤਾਂ ਸਮੇਤ ਅੰਮ੍ਰਿਤਸਰ ਰੇਲ ਹਾਦਸੇ ‘ਚ ਮਾਰੇ ਗਏ 58 ਵਿਅਕਤੀਆਂ ਨੂੰ ਸ਼ਰਧਾਂਜਲੀ ਭੇਂਟ
ਅਜ਼ਾਦੀ ਘੁਲਾਟੀਆਂ, ਬਹਾਦਰ ਸੈਨਿਕਾਂ ਤੇ ਨਿਰੰਕਾਰੀ ਭਵਨ ਬੰਬ ਧਮਾਕੇ ਦੇ ਮ੍ਰਿਤਕਾਂ ਨੂੰ ਵੀ ਯਾਦ ਕੀਤਾ
ਸਦਨ ਨੇ ਦਸੰਬਰ 2001 ‘ਚ ਅੱਜ ਦੇ ਦਿਨ ਸੰਸਦ ‘ਤੇ ਹੋਏ ਹਮਲੇ ਨੂੰ ਨਾਕਾਮ ਕਰਨ ਵਾਲੇ ਸੈਨਿਕਾਂ ਦੀ ਮਹਾਨ ਕੁਰਬਾਨੀ ਨੂੰ ਵੀ ਚੇਤੇ ਕੀਤਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਅੱਜ ਸ਼ਰਧਾਂਜਲੀਆਂ ਦੇਣ ਨਾਲ ਸ਼ੁਰੂ ਹੋ ਗਿਆ ਹੈ ਹੁਣ ਇਹ ਸੈਸ਼ਨ ਤਿੰਨ ਦਿਨਾਂ ਦੀ ਬਜਾਇ ਦੋ ਦਿਨ ਤੱਕ ਸਿਮਟ ਗਿਆ ਭਲਕੇ ਸ਼ੁੱਕਰਵਾਰ ਨੂੰ ਇਕ ਬੈਠਕ ਨਾਲ ਸਮਾਪਤੀ ਹੋ ਜਾਵੇਗੀ ਪਹਿਲਾਂ ਸ਼ੁੱਕਰਵਾਰ ਨੂੰ ਦੋ ਬੈਠਕਾਂ ਹੋਣੀਆਂ ਸਨ, ਜਿਸ ‘ਚੋਂ ਇੱਕ ਬੈਠਕ ਘਟਾ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਸ਼ਨਿੱਚਰਵਾਰ ਵਾਲੀ ਬੈਠਕ ਵੀ ਖਤਮ ਕਰ ਦਿੱਤੀ ਗਈ ਹੈ ਹੁਣ ਸ਼ੁੱਕਰਵਾਰ ਨੂੰ ਹੀ ਸਮਾਪਤ ਹੋ ਜਾਵੇਗਾ. ਪੰਜਾਬ ਵਿਧਾਨ ਸਭਾ ਨੇ ਅੱਜ ਅੰਮ੍ਰਿਤਸਰ ਰੇਲ ਦੁਰਘਟਨਾ ‘ਚ ਮਾਰੇ ਗਏ 58 ਵਿਅਕਤੀਆਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ ‘ਤੇ ਬੰਬ ਧਮਾਕੇ ‘ਚ ਹਲਾਕ ਹੋਏ ਤਿੰਨ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸੇ ਦੌਰਾਨ ਪਿਛਲੇ ਇਜਲਾਸ ਤੋਂ ਬਾਅਦ ਵਿੱਛੜੀਆਂ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਵੀ ਯਾਦ ਕੀਤਾ।
ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ‘ਚ ਸਦਨ ਨੇ ਸੁਤੰਤਰਤਾ ਸੰਗਰਾਮੀਆਂ, ਰਾਜਸੀ ਤੇ ਹੋਰ ਨਾਮਵਰ ਹਸਤੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਵਿੱਛੜੀਆਂ ਰੂਹਾਂ ਦੇ ਸਤਿਕਾਰ ‘ਚ ਦੋ ਮਿੰਟ ਦਾ ਮੌਨ ਰੱਖਿਆ। ਇਸ ਤੋਂ ਇਲਾਵਾ ਦੋ ਸਾਬਕਾ ਵਿਧਾਇਕਾਂ ਬਿਸ਼ੰਬਰ ਦਾਸ ਤੇ ਰਾਮ ਰਤਨ ਚੌਧਰੀ, ਫੌਜ ਦੀ ਉੱਘੀ ਹਸਤੀ ਤੇ ਲੌਂਗੇਵਾਲ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਤੇ ਫਰੀਦਕੋਟ ਰਿਆਸਤ ਦੀ ਮਹਾਰਾਣੀ ਦੀਪਇੰਦਰ ਕੌਰ ਨੂੰ ਯਾਦ ਕੀਤਾ। ਤਿੰਨ ਸੁਤੰਤਰਤਾ ਸੰਗਰਾਮੀਆਂ ਮੇਲਾ ਸਿੰਘ, ਸੋਹਣ ਸਿੰਘ ਤੇ ਸੁਰਜੀਤ ਸਿੰਘ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ। ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਪਿਛਲੇ ਸਮਾਗਮ ਤੋਂ ਬਾਅਦ ਵਿੱਛੜੀਆਂ ਸਾਰੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਮਤਾ ਪੇਸ਼ ਕੀਤਾ।
ਉੱਘੀਆਂ ਸ਼ਖਸੀਅਤਾਂ ਦਾ ਵਿਵਰਨ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਹਸਤੀਆਂ ਦੇ ਪਰਿਵਾਰਾਂ ਨਾਲ ਸਦਨ ਵੱਲੋਂ ਦੁੱਖ ਪ੍ਰਗਟਾਏ ਜਾਣ ਦਾ ਮਤਾ ਪਾਸ ਕਰ ਦਿੱਤਾ। ਸਪੀਕਰ ਨੇ ਸਾਡੇ ਬਹਾਦਰ ਫੌਜੀਆਂ ਨੂੰ ਵੀ ਚੇਤੇ ਕੀਤਾ ਜਿਨ੍ਹਾਂ ਨੇ ਦਸੰਬਰ, 2001 ਵਿੱਚ ਅੱਜ ਦੇ ਦਿਨ ਅੱਤਵਾਦੀ ਹਮਲੇ ਨੂੰ ਨਾਕਾਮ ਬਣਾਉਂਦਿਆਂ ਸ਼ਹਾਦਤ ਦੇ ਦਿੱਤੀ ਸੀ। ਸਪੀਕਰ ਨੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਵਾਸਤੇ ਆਪਣਾ ਬਲਿਦਾਨ ਦੇਣ ਵਾਲੇ ਫੌਜ ਤੇ ਨੀਮ ਫੌਜੀ ਬਲਾਂ ਦੇ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਬੇਨਤੀ ਨੂੰ ਵੀ ਪ੍ਰਵਾਨ ਕਰ ਲਿਆ। ਇਸ ਤੋਂ ਇਲਾਵਾ ਸਪੀਕਰ ਨੇ ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਥਿੰਦ ਜੋ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਪਿਤਾ ਹਨ, ਦਾ ਨਾਂਅ ਵੀ ਸੂਚੀ ‘ਚ ਸ਼ਾਮਲ ਕਰਨ ਲਈ ਸਹਿਮਤੀ ਦੇ ਦਿੱਤੀ।
ਡੇਂਗੂ ਨਾਲ ਮਰੇ ਲੋਕਾਂ ਲਈ ਮੰਗੀ ਸ਼ਰਧਾਂਜਲੀ, ਸਪੀਕਰ ਨੇ ਕਿਹਾ ਰਾਜਨੀਤੀ ਨਾ ਕਰੋ
ਪੰਜਾਬ ਵਿਧਾਨ ਸਭਾ ਵਿਖੇ ਸ਼ਰਧਾਂਜਲੀ ਦੇਣ ਮੌਕੇ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਖੜ੍ਹੇ ਹੁੰਦੇ ਹੋਏ ਮੰਗ ਕੀਤੀ ਕਿ ਇਸ ਸਾਲ ਡੇਂਗੂ ਨਾਲ ਰਿਕਾਰਡ ਮੌਤਾਂ ਹੋਈਆਂ ਹਨ, ਇਸ ਲਈ ਉਨ੍ਹਾਂ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇ। ਇਸ ‘ਤੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਉਹ ਇਸ ਮੌਕੇ ਰਾਜਨੀਤੀ ਨਾ ਕਰਨ ਤੇ ਆਪਣੀ ਸੀਟ ‘ਤੇ ਬੈਠ ਜਾਣ, ਜਿਸ ਤੋਂ ਬਾਅਦ ਸੁਖਵਿੰਦਰ ਸਿੰਘ ਬੈਠ ਗਏ ਤੇ ਬਿਕਰਮਜੀਤ ਮਜੀਠੀਆ ਨੇ ਉਨ੍ਹਾਂ ਦੇ ਹੱਕ ਵਿੱਚ ਅਵਾਜ਼ ਉਠਾਈ ਪਰ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਅਣਗੌਲਿਆ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।