ਮੁੱਖ ਮੰਤਰੀ ਪੰਜਾਬ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਐਲਾਨ
ਕਿਹਾ, ਘਰੇਲੂ ਬਿਜਲੀ ਦਰਾਂ ਹੋਣਗੀਆਂ ਤਰਕਸੰਗਤ
ਲੋਕਪਾਲ ਤੇ ਲਾਲ ਫੀਤਾਸ਼ਾਹੀ ਵਿਰੋਧੀ ਕਾਨੂੰਨ ਪਾਰਦਰਸ਼ਤਾ ਨੂੰ ਮਜ਼ਬੂਤ ਕਰੇਗਾ
ਸਰਕਾਰ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਕਾਨੂੰਨ ਲਿਆਏਗੀ
ਚੰਡੀਗੜ,(ਅਸ਼ਵਨੀ ਚਾਵਲਾ) ਪੰਜਾਬ ਦੇ ਬੇਰੁਜ਼ਗਾਰਾਂ ਲਈ ਜਲਦ ਹੀ ਸਰਕਾਰੀ ਨੌਕਰੀਆਂ ਨੂੰ ਖੋਲ੍ਹਦੇ ਹੋਏ 1 ਲੱਖ ਤੋਂ ਜਿਆਦਾ ਅਸਾਮੀਆਂ ‘ਤੇ ਭਰਤੀ ਕੀਤਾ ਜਾਵੇਗਾ। ਇਹ ਸਾਰੀ ਭਰਤੀ ਪ੍ਰੀਕ੍ਰਿਆ ਅਗਲੇ 2 ਸਾਲਾਂ ਦੌਰਾਨ ਮੁਕੰਮਲ ਕਰ ਲਈ ਜਾਵੇਗੀ। ਇੱਥੇ ਹੀ ਬਿਜਲੀ ਦੇ ਰੇਟ ਨੂੰ ਵੀ ਤਰਕਸੰਗਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਪੰਜਾਬ ਦੇ ਆਮ ਲੋਕਾਂ ਨੂੰ ਘੱਟ ਰੇਟ ‘ਤੇ ਬਿਜਲੀ ਮਿਲ ਸਕੇ। ਇਹ ਐਲਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।
ਇੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਆਮ ਬੱਸਾਂ ‘ਤੇ ਰੋਡ ਟੈਕਸ ‘ਤੇ ਲੱਗਣ ਵਾਲਾ ਸੈਸ 3.08 ਰੁਪਏ ਤੋਂ ਘਟਾ ਕੇ 2.96 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਹੀ ਟਰਾਂਸਪੋਰਟਰਾਂ ਵੱਲੋਂ ਸਰਕਾਰੀ ਬਕਾਏ ਦੀ ਅਦਾਇਗੀ ‘ਤੇ ਜੁਰਮਾਨੇ ਦੇ ਵਿਆਜ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਯਕਮੁਸ਼ਤ ਸਕੀਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਛੋਟੀਆਂ ਬੱਸਾਂ ਲਈ 5000 ਨਵੇਂ ਪਰਮਿਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਵਪਾਰਕ ਤੌਰ ‘ਤੇ ਵਿਵਹਾਰਕ ਰੂਟਾਂ ‘ਤੇ 2000 ਵੱਡੀਆਂ ਬੱਸਾਂ ਲਈ ਪਰਮਿਟ ਦਿੱਤੇ ਜਾਣਗੇ।
ਦਿੱਲੀ ਹਵਾਈ ਅੱਡੇ ਤੋਂ ਪੰਜਾਬ ਤੱਕ ਰੂਟ ‘ਤੇ ਇਕੋ ਪਰਿਵਾਰ ਦੀਆਂ ਬੱਸਾਂ ਦੀ ਅਜਾਰੇਦਾਰੀ ਬਾਰੇ ਪੁੱਛਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ ਪਰ ਦਿੱਲੀ ਸਰਕਾਰ ਨੂੰ ਵੀ ਕੋਈ ਫੈਸਲਾ ਲੈਣਾ ਹੋਵੇਗਾ।
ਰੇਤੇ ਦੀ ਨਜਾਇਜ਼ ਖਣਨ ਜਾਰੀ ਰਹਿਣ ਦੀਆਂ ਸ਼ਿਕਾਇਤਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਜਲ ਸਰੋਤ ਮੰਤਰੀ ਨੂੰ ਚੰਗੀ ਤਰ੍ਹਾਂ ਪੜਤਾਲ ਕਰਨ ਅਤੇ ਇਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਠੇਕੇਦਾਰਾਂ ਤੇ ਗੈਰ ਕਾਨੂੰਨੀ ਮਾਈਨਰਾਂ ਵੱਲੋਂ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਤਕਨਾਲੋਜੀ ਦੀ ਵਰਤੋਂ ਨਾਲ ਰੋਕਣਾ ਅਤੇ ਸਸਤੀਆਂ ਦਰਾਂ ‘ਤੇ ਰੇਤੇ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਉਂਦੇ 2-3 ਹਫਤਿਆਂ ਵਿੱਚ ਖਣਨ ਦੀਆਂ ਨਵੀਆਂ ਤਜਵੀਜ਼ਾਂ ਐਲਾਨੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਰੇਤੇ ਦੀਆਂ ਖਾਨਾਂ ਨਿਲਾਮੀ ਰਾਹੀਂ ਵੇਚਣ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ ਅਤੇ ਇਸ ਸਾਲ 120 ਕਰੋੜ ਰੁਪਏ ਦੀ ਆਮਦਨ ਹੋਈ ਹੈ ਅਤੇ ਰੇਤੇ ਦੀਆਂ ਕੀਮਤਾਂ ਵੀ ਘਟੀਆਂ ਹਨ।
Government Posts | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਸ਼ਾਸਨ ਵਿੱਚ ਪੂਰੀ ਪਾਰਦਰਸ਼ਤਾ ਲਿਆਉਣ ਲਈ ਵਚਨਬੱਧ ਹੈ ਅਤੇ ਇਸ ਸਦਕਾ ਜਲਦ ਹੀ ਨਵੇਂ ਲੋਕਪਾਲ ਬਿੱਲ (ਜੋ ਮੁੱਖ ਮੰਤਰੀ ਸਣੇ ਸਾਰੇ ਸਰਕਾਰੀ ਕਾਰਜਕਰਤਾਵਾਂ ਨੂੰ ਕਵਰ ਕਰਦਾ ਹੈ) ਦੇ ਨਾਲ-ਨਾਲ ਪੰਜਾਬ ਐਂਟੀ ਰੈਡ ਟੇਪ ਲੈਜੀਸਲੇਸ਼ਨ ਅਤੇ ਇੱਕ ਲੈਂਡ ਲੀਜਿੰਗ ਐਂਡ ਟੈਨੈਂਸੀ ਐਕਟ ਲਿਆਂਦਾ ਜਾਵੇਗਾ। ਘਰੇਲੂ ਖਪਤਕਾਰਾਂ ਲਈ ਕਿਫਾਇਤੀ ਬਿਜਲੀ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਅੰਤਿਮ ਵੇਰਵੇ ਰੈਗੂਲੇਟਰੀ ਅਥਾਰਟੀ ਦੀ ਮਨਜ਼ੂਰੀ ਤੋਂ ਬਾਅਦ ਹੀ ਸਾਂਝੇ ਕੀਤੇ ਜਾਣਗੇ ਪਰ ਉਨ੍ਹਾਂ ਦੀ ਸਰਕਾਰ ਨੇ ਬਿਜਲੀ ਦੇ ਰੇਟਾਂ ਨੂੰ ਇਸ ਤਰੀਕੇ ਨਾਲ ਤਰਕਸੰਗਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਆਮ ਆਦਮੀ ਦਾ ਬੋਝ ਘੱਟ ਹੋਵੇਗਾ ਅਤੇ ਬਿਜਲੀ ਹੋਰ ਕਿਫਾਇਤੀ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਬਿਜਲੀ ਖੇਤਰ ਵਿੱਚ ਵਾÂ੍ਹੀਟ ਪੇਪਰ ਜਲਦ ਹੀ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨਾਂ ਦੀ ਸਿਹਤ ਵਿੱਚ ਸੁਧਾਰ ਲਈ ਤਰਨਤਾਰਨ ਵਿੱਚ ਇੱਕ ਵਿਸ਼ਵ ਪੱਧਰੀ ਲਾਅ ਯੂਨੀਵਰਸਿਟੀ ਸਥਾਪਤ ਕਰਨ ਲਈ 750 ਪੇਂਡੂ ਖੇਡ ਸਟੇਡੀਅਮ ਸਥਾਪਤ ਕਰਨ ਦਾ ਐਲਾਨ ਵੀ ਕੀਤਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਲਦ ਹੀ ਸੂਬੇ ਭਰ ਵਿੱਚ ਮਾਰਕੀਟ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਜ਼ਿਲ੍ਹਾ ਪੱਧਰੀ ਵਰਕਰ ਇਨ੍ਹਾਂ ਕਮੇਟੀਆਂ ਦੇ ਗਠਨ ਲਈ ਜ਼ਮੀਨੀ ਕੰਮ ਵਿੱਚ ਲੱਗੇ ਹੋਏ ਹਨ। ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਪਣੀ ਸਰਕਾਰ ਦੁਆਰਾ ਸੂਬੇ ਵਿੱਚ ਪੰਜਾਬੀ ਨੂੰ ਉਤਸ਼ਾਹਤ ਕਰਨ ਲਈ ਹਰ ਸੰਭਵ ਉਪਰਾਲਾ ਕਰਨ ਦਾ ਵਾਅਦਾ ਕੀਤਾ ਪਰ ਅਜੋਕੇ ਸਮੇਂ ਵਿੱਚ ਸੰਸਾਰ ਭਰ ਵਿੱਚ ਅੰਗਰੇਜ਼ੀ ‘ਤੇ ਧਿਆਨ ਕੇਂਦਰਿਤ ਕਰਨ ਦੀ ਜਰੂਰਤ ‘ਤੇ ਵੀ ਜ਼ੋਰ ਦਿੱਤਾ।
Government Posts | ਮੁੱਖ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਹੱਦਬੰਦੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਿਉਂਸਪਲ ਇਕਾਈਆਂ ਦੀਆਂ ਚੋਣਾਂ ਜਲਦ ਹੀ ਕਰਵਾਈਆਂ ਜਾਣਗੀਆਂ। ਉਨ੍ਹਾਂ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਖਤਮ ਕਰਨਾ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਕੇਂਦਰ ਨੂੰ ਅਜਿਹੇ ਕਿਸੇ ਵੀ ਕਦਮ ‘ਤੇ ਵਿਚਾਰ ਨਾ ਕਰਨ ਦੀ ਅਪੀਲ ਕੀਤੀ।
ਬੇਰੁਜ਼ਗਾਰ ਅਧਿਆਪਕਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਘਿਰਾਓ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਅਤੇ ਉਨ੍ਹਾਂ ਦੀ ਸਰਕਾਰ ਸਮੱਸਿਆ ਦੇ ਹੱਲ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ, ”ਅਸੀਂ ਕਿਸੇ ਦਬਾਅ ਵਿੱਚ ਨਹੀਂ ਆਵਾਂਗੇ।” ਆਪਣੀ ਕੈਬਨਿਟ ਸਹਿਯੋਗੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਅਤੇ ਉਪਰਾਲਿਆਂ ‘ਤੇ ਤਸੱਲੀ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਚੋਣ ਮੈਨੀਫੈਸਟੋ ਵਿਚਲੇ 424 ਵਾਅਦਿਆਂ ਵਿੱਚੋਂ 225 ਪਹਿਲਾਂ ਹੀ ਪੂਰੇ ਕਰ ਦਿੱਤੇ ਗਏ ਹਨ, 96 ਨੂੰ ਅੰਸ਼ਿਕ ਰੂਪ ਵਿੱਚ ਲਾਗੂ ਕੀਤਾ ਗਿਆ ਹੈ। ਉਨ੍ਹਾਂ ਵਿਸ਼ਵਾਸ ਜ਼ਾਹਰ ਕਰਦਿਆਂ ਕਿਹਾ ਕਿ ਬਾਕੀ 103 ਅਗਲੇ ਦੋ ਸਾਲਾਂ ਵਿੱਚ ਲਾਗੂ ਕਰ ਦਿੱਤੇ ਜਾਣਗੇ।
Government Posts | ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਅਤੇ ਵਿਵਸਥਾ, ਨਸ਼ਿਆਂ, ਖੇਤੀਬਾੜੀ, ਉਦਯੋਗ, ਸਿਹਤ, ਸਿੱਖਿਆ ਆਦਿ ਸਮੇਤ ਸਾਰੇ ਪ੍ਰਮੁੱਖ ਖੇਤਰਾਂ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਨਾਂ ਦੀ ਸਰਕਾਰ ਐਨ.ਐਸ.ਜੀ. ਦੀ ਮਦਦ ਲਏ ਬਗੈਰ ਵਿਸ਼ੇਸ਼ ਆਪ੍ਰੇਸ਼ਨ ਸਮੂਹਾਂ ਦੀ ਸਹਾਇਤਾ ਨਾਲ ਆਈ.ਐਸ.ਆਈ. ਨਾਲ ਸਬੰਧਿਤ ਅਤਿਵਾਦੀਆਂ ਦੇ ਵੱਧ ਰਹੇ ਖਤਰੇ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸ਼ੁਰੂ ਕੀਤੀ ‘ਵਨ ਵਿਲੇਜ ਵਨ ਪੁਲਿਸ ਅਫਸਰ’ ਯੋਜਨਾ ਸਰਹੱਦੀ ਇਲਾਕਿਆਂ ਨੂੰ ਸੁਰੱਖਿਅਤ ਕਰਨ ਲਈ ਵਧੀਆ ਕੰਮ ਕਰ ਰਹੀ ਹੈ।
ਨਸ਼ਿਆਂ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਡਰੱਗ ਮਾਫੀਆ ਦਾ ਲੱਕ ਪਹਿਲਾਂ ਹੀ ਤੋੜ ਦਿੱਤਾ ਹੈ। ਨਾਰਕੋ ਅੱਤਵਾਦੀ ਡਰੋਨ ਅਤੇ ਨਵੇਂ ਰਸਤਿਆਂ ਰਾਹੀਂ ਨਸ਼ਿਆਂ ਨੂੰ ਰਾਜ ਵਿੱਚ ਧੱਕਣ ਲਈ ਨਵੇਂ ਢੰਗ ਤਰੀਕੇ ਵਰਤ ਰਹੇ ਸਨ ਪਰ ਅਸੀਂ ਉਨ੍ਹਾਂ ਨਾਲ ਨਜਿੱਠਣ ਲਈ ਤਿਆਰ ਹਾਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਪਾਕਿਸਤਾਨ ਦੀ ਸਰਹੱਦ ਤੋਂ ਇਲਾਵਾ ਗੁਜਰਾਤ ਦੀ ਬੰਦਰਗਾਹ ਤੋਂ ਸਮੁੰਦਰੀ ਰਸਤੇ ਦੇ ਨਾਲ-ਨਾਲ ਨੇਪਾਲ, ਬਰਮਾ, ਉੜੀ (ਕਸ਼ਮੀਰ), ਚੰਬਾ (ਹਿਮਾਚਲ ਪ੍ਰਦੇਸ਼) ਅਤੇ ਇੱਥੋਂ ਤੱਕ ਕਿ ਦਿੱਲੀ ਦੇ ਰਸਤਿਆਂ ਦੀ ਵਰਤੋਂ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਐਸ.ਟੀ.ਐਫ. ਅਤੇ ਪੰਜਾਬ ਪੁਲਿਸ ਨੂੰ ਇਸ ਸਮੱਸਿਆ ਨਾਲ ਨਜਿੱਠਣ ਵਾਸਤੇ ਹੋਰ ਅਧਿਕਾਰ ਅਤੇ ਸ਼ਕਤੀਆਂ ਦੇਣ ਲਈ ਸਟੇਟ ਡਰੱਗ ਕਾਨੂੰਨ ਲਿਆਵੇਗੀ। ਪਿਛਲੀਆਂ 6 ਫ਼ਸਲਾਂ ਦੀ ਨਿਰਵਿਘਨ ਖਰੀਦ ‘ਤੇ ਤਸੱਲੀ ਜ਼ਾਹਰ ਕਰਦਿਆਂ ਉਨ੍ਹਾਂ ਨੇ ਭੰਡਾਰਨ ਨੂੰ ਇੱਕ ਵੱਡੀ ਸਮੱਸਿਆ ਕਰਾਰ ਦਿੱਤਾ ਜਿਸ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਨੂੰ ਕੇਂਦਰ ਕੋਲ ਜ਼ੋਰ-ਸ਼ੋਰ ਨਾਲ ਉਠਾ ਰਹੀ ਹੈ ਕਰਜ਼ਾ ਮੁਆਫੀ ‘ਤੇ ਉਨਾਂ ਕਿਹਾ ਕਿ ਬੇਜ਼ਮੀਨੇ ਮਜ਼ਦੂਰਾਂ ਲਈ ਕਰਜ਼ਾ ਮੁਆਫ਼ੀ ਯੋਜਨਾ ਜਿਸ ਨੂੰ ਕਰੋਨਾ ਬਿਮਾਰੀ ਦੇ ਪ੍ਰਕੋਪ ਕਰਕੇ ਮੁਲਤਵੀ ਕਰਨਾ ਪਿਆ, ਜਲਦ ਹੀ ਸ਼ੁਰੂ ਕੀਤੀ ਜਾਏਗੀ
ਨਿਵੇਸ਼ ਦੇ ਖੇਤਰ ਵਿੱਚ ਹੋਈ ਵੱਡੀ ਪ੍ਰਗਤੀ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕਾਰੋਬਾਰ-ਪੱਖੀ ਰਾਈਟ ਟੂ ਬਿਜ਼ਨਸ ਐਕਟ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ ਸੂਬੇ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਹੋਣ ਦੇ ਸੰਕੇਤਾਂ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਖੁਰਾਕ ਖਾਤੇ ‘ਚ 31,000 ਕਰੋੜ ਰੁਪਏ ਦਾ ਕਰਜ਼ਾ ਲੈਣ ਨੂੰ ਲੋਕਾਂ ਨਾਲ ਕੋਝਾ ਮਜ਼ਾਕ ਦੱÎਸਿਆ ਕਿਉਂਕਿ ਇਸ ਵਿੱਚ 20 ਸਾਲਾਂ ਲਈ ਸਲਾਨਾ 3240 ਕਰੋੜ ਰੁਪਏ ਦੀ ਅਦਾਇਗੀ ਕਰਨੀ ਹੋਵੇਗੀ। ਕੈਪਟਨ ਅਮਰਿੰਦਰ ਨੇ ਸਰਬੱਤ ਸਿਹਤ ਬੀਮਾ ਯੋਜਨਾ, ਨਵੇਂ ਮੈਡੀਕਲ ਕਾਲਜਾਂ ਅਤੇ ਹੈਲਥ ਐਂਡ ਵੈਲਨੈੱਸ ਕਲੀਨਿਕਾਂ ਸਮੇਤ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਮਹੱਤਵਪੂਰਨ ਉਪਰਾਲਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।