ਦੁਪਹਿਰ ਸਮੇਂ ਬਾਜ਼ਾਰਾਂ ਵਿੱਚ ਪਸਰ ਜਾਂਦਾ ਹੈ ਸੰਨਾਟਾ
ਏ.ਸੀ., ਕੂਲਰਾਂ ਦੀ ਵਿਕਰੀ ਹੋਈ ਤੇਜ਼
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਦੋ ਮਹੀਨੇ ਤੋਂ ਲੋਕਾਂ ਨੂੰ ਕੋਰੋਨਾ ਨੇ ਘਰਾਂ ਵਿੱਚ ਤਾੜ ਰੱਖਿਆ ਹੋਇਆ ਹੈ, ਹੁਣ ਜਦੋਂ ਸਰਕਾਰ ਵੱਲੋਂ ਕਰਫਿਊ ‘ਚ ਢਿੱਲ ਦਿੱਤੀ ਗਈ ਤਾਂ ਕੁਦਰਤ ਨੇ ਇਕਦਮ ਤੇਜ਼ ਗਰਮੀ ਦਾ ਕਹਿਰ ਪਾ ਕੇ ਲੋਕਾਂ ਨੁੰ ਮੁੜ ਘਰਾਂ ਵਿੱਚ ਬੰਦ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਗਰਮੀ ਕਾਰਨ ਦੁਪਹਿਰ ਸਮੇਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੰਨਾਟਾ ਛਾ ਜਾਂਦਾ ਹੈ ਅਤੇ ਲੋਕ ਆਪਣੇ ਕਾਰੋਬਾਰ ਬੰਦ ਕਰਕੇ ਘਰੋਂ ਘਰੀਂ ਚਲੇ ਜਾਂਦੇ ਹਨ
ਅੱਜ ਸੰਗਰੂਰ ਦੇ ਬਾਜ਼ਾਰਾਂ ਵਿੱਚ ਬਾਅਦ ਦੁਪਹਿਰ ਅੱਤ ਦੀ ਗਰਮੀ ਦੌਰਾਨ ਬਾਜ਼ਾਰਾਂ ਵਿੱਚ ਸੁੰਨ ਪਸਰੀ ਵਿਖਾਈ ਦਿੱਤੀ ਪਾਰਾ 44 ਡਿਗਰੀ ਤੇ ਹੋਣ ਕਾਰਨ ਲੋਕਾਂ ਦੇ ਗਰਮੀ ਨੇ ਸਾਹ ਸੂਤ ਰੱਖੇ ਹਨ ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣਗੇ ਅੱਗ ਵਰਾਉਂਦੀ ਗਰਮੀ ਦੀ ਸਭ ਤੋਂ ਵੱਡੀ ਮਾਰ ਰਿਕਸ਼ਾ ਚਾਲਕਾਂ ਨੂੰ ਪੈ ਰਹੀ ਹੈ
ਸ਼ਹਿਰ ਦੇ ਬੱਸ ਸਟੈਂਡ ਦੇ ਲਾਗੇ ਖੜ੍ਹੇ ਰਿਕਸ਼ੇ ਚਾਲਕਾਂ ਨੇ ਦੱਸਿਆ ਕਿ ਲਾਕਡਾਊਨ ਕਾਰਨ ਉਨ੍ਹਾਂ ਦੀ ਰੋਜ਼ੀ ਰੋਟੀ ਨੂੰ ਲਾਲੇ ਪੈ ਗਏ ਸਨ, ਹੁਣ ਕਰਫਿਊ ‘ਚ ਢਿੱਲ ਮਿਲੀ ਤਾਂ ਗਰਮੀ ਨੇ ਰਹਿੰਦੀ ਕਸਰ ਕੱਢ ਕੇ ਰੱਖ ਦਿੱਤੀ ਉਨ੍ਹਾਂ ਦੱਸਿਆ ਕਿ ਇਸ ਅੱਗ ਵਰ੍ਹਾਉਂਦੀ ਗਰਮੀ ਅਤੇ ਕੋਰੋਨਾ ਤੋਂ ਡਰ ਕਾਰਨ ਸਵਾਰੀਆਂ ਬਹੁਤ ਘੱਟ ਰਿਕਸ਼ਿਆਂ ਤੇ ਬਹਿੰਦੀਆਂ ਹਨ, ਜ਼ਿਆਦਾਤਰ ਰਿਕਸ਼ੇ ਵਾਲੇ ਸਮਾਨ ਆਦਿ ਦੀ ਢੁਆਈ ਕਰਕੇ ਆਪਣੇ ਗੇੜੇ ਪੂਰੇ ਕਰਦੇ ਹਨ
ਉਨ੍ਹਾਂ ਦੱਸਿਆ ਕਿ ਹਾਲੇ ਬੱਸਾਂ ਵਿੱਚ ਨਾ ਮਾਤਰ ਹੀ ਚੱਲਣ ਲੱਗੀਆਂ ਹਨ ਜਿਸ ਕਾਰਨ ਬਹੁਤ ਹੀ ਘੱਟ ਸਵਾਰੀਆਂ ਬੱਸ ਸਟੈਂਡ ‘ਚੋਂ ਆਉਂਦੀਆਂ ਹਨ ਸਥਾਨਕ ਲੇਬਰ ਚੌਕ ਵਿੱਚ ਖੜ੍ਹੇ ਮਜ਼ਦੂਰ ਗੋਬਿੰਦ ਸਿੰਘ ਨੇ ਦੱਸਿਆ ਕਿ ਉਹ ਅੱਜ ਦਿਹਾੜੀ ਲਈ ਘਰੋਂ ਆਇਆ ਸੀ ਪਰ ਦਿਹਾੜੀ ਨਾ ਲੱਗਣ ਕਾਰਨ ਉਸ ਨੂੰ ਵਾਪਿਸ ਸ਼ਾਮ ਨੂੰ ਘਰ ਪਰਤਣਾ ਪਵੇਗਾ ਉਸ ਨੇ ਦੱਸਿਆ ਦੁਪਹਿਰ ਸਮੇਂ ਧੁੱਪ ਜ਼ਿਆਦਾ ਤੇਜ਼ ਹੋਣ ਕਾਰਨ ਉਹ ਚੌਕ ਦੇ ਸੈੱਡ ਹੇਠ ਹੀ ਦੁਪਹਿਰਾ ਕੱਟਣ ਤੋਂ ਬਾਅਦ ਧੁੱਪ ਢਲ਼ੇ ਤੋਂ ਪਿੰਡ ਤੋਂ ਵਾਪਿਸ ਪਰਤੇਗਾ
ਸ਼ਹਿਰ ਦੇ ਕਰਿਆਨਾ ਦੁਕਾਨਦਾਰ ਸ਼ਾਮ ਲਾਲ ਨੇ ਦੱਸਿਆ ਕਿ ਪਹਿਲਾਂ ਤਾਂ ਕੋਰੋਨਾ ਕਾਰਨ ਸਮੁੱਚਾ ਧੰਦਾ ਹੀ ਉੱਥਲ ਪੁੱਥਲ ਹੋ ਗਿਆ ਅਤੇ ਹੁਣ ਗਰਮੀ ਨੇ ਰਹਿੰਦੀ ਕਸਰ ਕੱਢ ਦਿੱਤੀ ਹੈ ਉਨ੍ਹਾਂ ਕਿਹਾ ਕਿ ਸ਼ਾਮ 7 ਵਜੇ ਦੇ ਕਰੀਬ ਹੀ ਮੌਸਮ ਥੋੜ੍ਹਾ ਠੀਕ ਹੁੰਦਾ ਹੈ ਪਰ ਉਦੋਂ ਦੁਕਾਨਾਂ ਬੰਦ ਕਰਨ ਦਾ ਆਰਡਰ ਹੋ ਜਾਂਦਾ ਹੈ ਜਿਸ ਕਾਰਨ ਸਾਰਾ ਦਿਨ ਦੁਕਾਨ ‘ਤੇ ਵਿਹਲੇ ਬੈਠਣਾ ਪੈ ਰਿਹਾ ਹੈ
ਗਰਮੀ ਕਾਰਨ ਏ.ਸੀ. ਤੇ ਕੂਲਰਾਂ ਦੀ ਵਿਕਰੀ ਹੋਈ ਤੇਜ਼
ਗਰਮੀ ਦੇ ਇੱਕਦਮ ਵਧਣ ਕਾਰਨ ਕੂਲਰਾਂ ਅਤੇ ਏਅਰ ਕੰਡੀਸ਼ਨਡਾਂ ਦੀ ਵਿਕਰੀ ਵਿੱਚ ਇਕਦਮ ਉਛਾਲ ਆਇਆ ਹੈ ਸਥਾਨਕ ਵੱਡਾ ਚੌਕ ਸਥਿਤ ਇੱਕ ਇਲੈਕਟਰੋਨਿਕਸ ਦੀ ਦੁਕਾਨ ਤੇ ਕੂਲਰ ਖਰੀਦਣ ਆਏ ਵਿਅਕਤੀ ਰਾਜ ਸਿੰਘ ਨੇ ਦੱਸਿਆ ਕਿ ਉਸ ਨੇ 6 ਹਜ਼ਾਰ ਰੁਪਏ ਵਿੱਚ ਵੱਡਾ ਕੂਲਰ ਖਰੀਦਿਆ ਹੈ ਉਸ ਨੇ ਦੱਸਿਆ ਕਿ ਭਾਵੇਂ ਲਾਕਡਾਊਨ ਕਾਰਨ ਪੈਸਿਆਂ ਦੀ ਤੰਗੀ ਸੀ ਪਰ ਬੱÎਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਉਸ ਨੂੰ ਇਹ ਕੂਲਰ ਖਰੀਦਣਾ ਪਿਆ
ਇਲੈਕਟਰੋਨਿਕਸ ਦੀ ਦੁਕਾਨ ਕਰਦੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਜ਼ਿਆਦਾਤਰ ਕੂਲਰਾਂ ਦੀ ਵਿਕਰੀ ਵਿੱਚ ਤੇਜ਼ੀ ਆਈ ਹੈ ਉਨ੍ਹਾਂ ਦੱਸਿਆ ਕਿ ਸਰਦੇ ਪੁੱਜਦੇ ਘਰ ਏਅਰ ਕੰਡੀਸ਼ਨਡ ਵੀ ਲਗਵਾ ਰਹੇ ਹਨ ਪਰ ਜ਼ਿਆਦਾਤਰ ਲੋਕ ਕੂਲਰ ਖਰੀਦ ਰਹੇ ਉਸ ਨੇ ਦੱÎਸਿਆ ਕਿ ਵੱਖ ਵੱਖ ਕੰਪਨੀਆਂ ਵੱਲੋਂ ਗ੍ਰਾਹਕਾਂ ਨੂੰ ਲੁਭਾਉਣ ਵਾਸਤੇ ਵਿਸ਼ੇਸ਼ ਕਰ ਕੂਲਰਾਂ ਤੇ ਸਕੀਮਾਂ ਦਿੱਤੀਆਂ ਹਨ ਵਧੀਆ ਕੰਪਨੀਆਂ ਦੇ ਕੂਲਰ 50 ਫੀਸਦੀ ਤੱਕ ਸਸਤੇ ਦਿੱਤੇ ਜਾ ਰਹੇ ਹਨ 12 ਹਜ਼ਾਰ ਦੀ ਐਮ.ਆਰ.ਪੀ. ਵਾਲੇ ਕੂਲਰ 6 ਹਜ਼ਾਰ ਰੁਪਏ ‘ਚ ਵੇਚੇ ਜਾ ਰਹੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।