ਡੇਢ ਤੋਲੇ ਸੋਨਾ, 7 ਤੋਲੇ ਚਾਂਦੀ ਤੇ ਨਗਦੀ ਚੋਰੀ

Theft Sachkahoon

ਡੇਢ ਤੋਲੇ ਸੋਨਾ, 7 ਤੋਲੇ ਚਾਂਦੀ ਤੇ ਨਗਦੀ ਚੋਰੀ

(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਬਰਨਾਲਾ ਸ਼ਹਿਰ ’ਚ ਰਾਤਾਂ ਦੇ ਹਨ੍ਹੇਰੇ ਦਾ ਫਾਇਦਾ ਉਠਾਉਣ ਤੋਂ ਬਾਅਦ ਹੁਣ ਚੋਰਾਂ ਨੇ ਦਿਨ- ਦਿਹਾੜੇ ਵੀ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਤਾਜਾ ਮਿਸਾਲ ਅੱਜ ਉਸ ਸਮੇਂ ਮਿਲੀ ਜਦੋਂ ਸਥਾਨਕ ਨਾਨਕਸਰ ਗੁਰਦੁਆਰਾ ਦੇ ਲਾਗੇ ਹੀ ਸਿਖਰ ਦੁਪਿਹਰੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਤੇ ਡੇਢ ਤੋਲੇ ਸੋਨਾ, 7 ਤੋਲੇ ਚਾਂਦੀ ਤੇ ਹਜ਼ਾਰਾਂ ਰੁਪਏ ਦੀ ਨਗਦੀ ਸਮੇਤ ਹੋਰ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਫੌਜੀ ਭੋਲਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਤਕਰੀਬਨ ਅੱਠ ਸੌ ਮੀਟਰ ਦੀ ਦੂਰੀ ’ਤੇ ਹੀ ਲੱਗੇ ਲੰਗਰ ’ਚ ਸੇਵਾ ਕਰਨ ਲਈ ਗਿਆ ਹੋਇਆ ਸੀ, ਜਦਕਿ ਉਸ ਦੀ ਘਰਵਾਲੀ ਕੰਮ ’ਤੇ ਗਈ ਹੋਈ ਸੀ। ਇਸ ਪਿੱਛੋਂ ਦੁਪਿਹਰ ਵਕਤ ਕਰੀਬ 12 ਤੋਂ 3 ਦੇ ਦਰਮਿਆਨ ਕੰਧ ਟੱਪ ਕੇ ਘਰ ’ਚ ਦਾਖਲ ਹੋਏ ਚੋਰਾਂ ਨੇ ਅਲਮਾਰੀ ਦਾ ਜਿੰਦਰਾ ਤੋੜ ਕੇ ਉਸ ਵਿੱਚੋਂ ਡੇਢ ਤੋਲੇ ਸੋਨਾ, 7 ਤੋਲੇ ਚਾਂਦੀ, 8 ਹਜ਼ਾਰ ਰੁਪਏ ਦੀ ਨਗਦੀ ਤੇ ਇੱਕ ਕੀਮਤੀ ਮੋਬਾਇਲ ਚੋਰੀ ਕਰ ਲਿਆ। ਇਸ ਤੋਂ ਇਲਾਵਾ ਚੋਰਾਂ ਨੇ ਘਰ ਅੰਦਰ ਹੀ ਖੜ੍ਹਾ ਮੋਟਰਸਾਇਕਲ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਕਰਨ ਲਈ ਸਮਾਨ ਵੀ ਘਰ ਅੰਦਰੋਂ ਹੀ ਚੁੱਕਿਆ ਗਿਆ।

ਇਸ ਦੇ ਨਾਲ ਹੀ ਥਾਣਾ ਸਿਟੀ-1 ਦੇ ਖੇਤਰ ਅਧੀਨ ਆਉਂਦੇ ਸ਼ਹਿਰ ਦੇ ਐਸਡੀ ਕਾਲਜ਼ ਨਜ਼ਦੀਕ ਵੀ ਚੋਰਾਂ ਨੇ ਓਵਰ ਬਰਿੱਜ ਹੇਠਾਂ ਖੜ੍ਹੀ ਇੱਕ ਸਵਿਫ਼ਟ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਗੱਡੀ ਦੇ ਚਾਰੇ ਟਾਇਰ ਚੋਰੀ ਕਰ ਲਏ। ਗੱਡੀ ਮਾਲਕ ਨਿਤਿਨ ਕੁਮਾਰ ਪੁੱਤਰ ਨਰੇਸ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੀਬੀ-19- ਐੱਲ-5271 ਨੰਬਰ ਗੱਡੀ ਉਨ੍ਹਾਂ ਦੀ ਆਪਣੀ ਦੁਕਾਨ ਦੇ ਸਾਹਮਣੇ ਪੁਲ ਦੇ ਹੇਠਾਂ ਖੜ੍ਹੀ ਸੀ ਜਿਸ ਦੇ ਬੀਤੀ ਰਾਤ ਕਿਸੇ ਨੇ ਚਾਰੇ ਟਾਇਰ ਚੋਰੀ ਕਰ ਲਏ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਦੇ ਲਾਗੇ ਹੀ ਗਲੀ ਨੰਬਰ ਚਾਰ ’ਚ ਕੁੱਝ ਕਾਰਾਂ ਦੀ ਤੋੜਭੰਨ ਹੋਈ ਹੈ।

ਇਸ ਸਬੰਧੀ ਥਾਣਾ ਸਿਟੀ -2 ਦੇ ਐਸਐਚਓ ਮਨੀਸ਼ ਗਰਗ ਨੇ ਦੱਸਿਆ ਕਿ ਵਾਪਰੀ ਘਟਨਾ ਸਬੰਧੀ ਪੜਤਾਲ ਤਹਿਤ ਲਾਗਲੇ ਸੀਸੀਟੀਵੀ ਕੈਮਰੀ ਦੇ ਫੁਟੇਜ਼ ਪ੍ਰਾਪਤ ਕਰ ਲਈ ਗਈ ਹੈ। ਜਿਸ ਦੇ ਅਧਾਰ ’ਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਥਾਣਾ ਸਿਟੀ -1 ਦੇ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਲਾਗਲੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਪ੍ਰਾਪਤ ਕਰਕੇ ਜਾਂਚ ਕੀਤੀ ਜਾ ਰਹੀ ਹੈ। ਫੁਟੇਜ਼ ’ਚ ਤਿੰਨ ਵਿਅਕਤੀ ਨਜ਼ਰ ਆ ਰਹੇ ਹਨ, ਜਿਸ ਦੀ ਪਛਾਣ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕਾਰਾਂ ਦੀ ਭੰਨਤੋੜ ਦੇ ਮਾਮਲੇ ’ਚ ਵੀ ਪੜਤਾਲ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ