ਗਲੀ ਦੇ ਰਸਤੇ ਨੂੰ ਲੈ ਕੇ ਮਹਿਰਾਜ ਨਗਰ ਪੰਚਾਇਤ ਦਾ ਪ੍ਰਧਾਨ ਤੇ ਐੱਮਸੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ
ਅਮਿਤ ਗਰਗ, ਰਾਮਪੁਰਾ ਫੂਲ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਨਗਰ ਪਚਾਇਤ ਦਾ ਪ੍ਰਧਾਨ ਹਰਿੰਦਰ ਹਿੰਦਾ ਐੱਮ ਸੀ ਸਮੇਤ ਇਨਸਾਫ ਲੈਣ ਲਈ ਟੈਂਕੀ ‘ਤੇ ਚੜ੍ਹ ਗਏ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਪੰਚਾਇਤੀ ਗਲੀ ਦੇ ਵਿਵਾਦ ਨੂੰ ਲੈ ਕੇ ਨਗਰ ਪੰਚਾਇਤ ਮਹਿਰਾਜ ਦਾ ਪ੍ਰਧਾਨ ਹਰਿੰਦਰ ਹਿੰਦਾ ਨੇ ਆਪਣੇ ਸਮੱਰਥਕਾਂ ਸਮੇਤ ਧਰਨਾ ਲਾਇਆ ਗਿਆ ਸੀ ਪੰ੍ਰਤੂ ਦੇਰ ਸ਼ਾਮ ਤੱਕ ਪ੍ਰਸ਼ਾਸਨ ਨੇ ਇਹ ਕਹਿ ਕੇ ਧਰਨਾ ਖ਼ਤਮ ਕਰਵਾ ਦਿੱਤਾ ਸੀ ਕਿ ਦੋਵਾਂ ਧਿਰਾਂ ਦੀ ਸਹਿਮਤੀ ਕਰਵਾ ਕੇ ਮਾਮਲਾ ਨਿਬੇੜ ਦਿੱਤਾ ਜਾਵੇਗਾ। ਪ੍ਰੰਤੂ ਅੱਜ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਜਦੋਂ ਸਵੇਰੇ ਕਰੀਬ 6 ਵਜੇ ਕੋਠੇ ਹਿੰਮਤਪੁਰਾ ਦੇ ਸਰਪੰਚ ਪਰਮਿੰਦਰ ਸਿੰਘ ਤੇ ਪੁਲਿਸ ਪ੍ਰਸ਼ਾਸਨ ਨੇ ਗਲੀ ਦੇ ਰਸਤੇ ਦਾ ਨਜਾਇਜ਼ ਕਬਜ਼ਾ ਦੂਰ ਕਰਕੇ ਨਵਾਂ ਰਸਤਾ ਬਣਾ ਦਿੱਤਾ।
ਜਦੋਂ ਇਸ ਦਾ ਪਤਾ ਨਗਰ ਪਚੰਾਇਤ ਦੇ ਪ੍ਰਧਾਨ ਸਮੇਤ ਪਿੰਡ ਵਾਸੀਆਂ ਨੂੰ ਲੱਗਾ ਤਾਂ ਉਨ੍ਹਾਂ ਦਾ ਗੁੱਸਾ ਭੜਕ ਗਿਆ, ਜਿਸ ਨਾਲ ਮਾਹੌਲ ਤਣਾਅ ਪੂਰਨ ਬਣ ਗਿਆ। ਪਹਿਲੀ ਥਾਂ ‘ਤੇ ਬਣੀ ਗਲੀ ਨੂੰ ਚਲਾਉਣ ਦੀ ਜਿੱਦ ‘ਤੇ ਅੜੇ ਅਕਾਲੀ ਦਲ ਆਗੂ ਤੇ ਨਗਰ ਪਚਾਇਤ ਦੇ ਪ੍ਰਧਾਨ ਹਰਿੰਦਰ ਹਿੰਦਾ, ਪੀੜਤ ਪਰਿਵਾਰਾਂ ਦੇ ਮੈਂਬਰ ਗੁਰਮੇਲ ਸਿੰਘ ਗੇਲੀ ਸਰਪੰਚ ਕੋਠੇ ਰੱਥੜੀਆਂ, ਸਰਬਜੀਤ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਕੁਲਦੀਪ ਐਮ ਸੀ, ਜਸਕਰਨ ਜੱਸੀ, ਬਲਕਰਨ ਸਿੰਘ, ਗੁਰਦੀਪ ਸਿੰਘ ਦੀਪਾ ਤੇ ਗੁਰਚਰਨ ਸਿੰਘ ਗੁੱਸੇ ਆ ਕੇ ਹਸਪਤਾਲ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ ਤੇ ਧਰਨਾਕਾਰੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕੋਠੇ ਹਿੰਮਤਪੁਰਾ ਦੇ ਸਰਪੰਚ ਪਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਨਿਸ਼ਾਨਦੇਹੀ ਕੀਤੀ ਗਈ ਸੀ ਤਾਂ ਪਤਾ ਚੱਲਿਆ ਕਿ ਰਸਤਾ ਕਿਸੇ ਹੋਰ ਪਾਸੇ ਦੀ ਲੱਗਿਆ ਹੋਇਆ ਹੈ ਤੇ ਇਹ ਗਲੀ ‘ਤੇ ਹੱਕ ਕੋਠੇ ਹਿੰਮਤਪੁਰਾ ਦੀ ਪੰਚਾਇਤ ਦਾ ਬਣਦਾ ਹੈ।
ਹੁਣ ਪ੍ਰਸ਼ਾਸਨ ਨੇ ਨਕਸ਼ੇ ਦੇ ਅਨੁਸਾਰ ਪੁਰਾਣਾ ਨਜਾਇਜ਼ ਕਬਜ਼ਾ ਦੂਰ ਕਰਕੇ ਘਰਾਂ ਲਈ ਰਿਕਾਰਡ ਦੇ ਮੁਤਾਬਿਕ ਨਵੀਂ ਜਗ੍ਹਾ ਤੇ ਰਸਤਾ ਬਣਾ ਕੇ ਤਿਆਰ ਕਰ ਦਿੱਤਾ ਗਿਆ ਹੈ। ਕੁੱਝ ਅਕਾਲੀ ਵਰਕਰ ਜਾਣਬੁੱਝ ਕੇ ਸਰਕਾਰੀ ਕੰਮ ਵਿੱਚ ਵਿਘਨ ਪਾਉਣਾ ਚਾਹੁੰਦੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਧਰ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਪ੍ਰਧਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਥੱਲੇ ਨਹੀਂ ਉਤਰਨਗੇ ਤੇ ਸੰਘਰਸ਼ ਜਾਰੀ ਰੱਖਣਗੇ। ਗੁਰਤੇਜ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਜੇਕਰ ਇਨਸਾਫ ਲੈਣ ਦੀ ਖਾਤਰ ਮੁੱਖ ਮੰਤਰੀ ਦੇ ਪਿੰਡ ਦਾ ਆ ਹਾਲ ਹੈ ਤਾਂ ਆਮ ਪਿੰਡਾਂ ਦਾ ਕੀ ਹਾਲ ਹੋਵੇਗਾ। ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਤਿੱਖਾ ਸੰਘਰਸ਼ ਵੀ ਕਰਨਗੇ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਤੇ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਮੌਜੂਦ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।