… ਜੀਅ ਕਰਦੈ ਘਰ ਦੇ ਵਿਹੜੇ ਬਹਿ ਕੇ ਚਰਖਾ ਕੱਤਾਂ’

Heritage Fair
ਵਿਰਾਸਤੀ ਮੇਲੇ ’ਚ ਚਰਖਾ ਕੱਤਦੀਆਂ ਬਿਰਧ ਮਹਿਲਾਵਾਂ। ਤਸਵੀਰ : ਸੁਖਜੀਤ ਮਾਨ

ਵਿਰਾਸਤੀ ਮੇਲੇ ’ਚ ਬਜ਼ੁਰਗ ਮਹਿਲਾਵਾਂ ਨੂੰ ਚੇਤੇ ਆਇਆ ਆਪਣਾ ਵੇਲਾ | Heritage Fair

ਬਠਿੰਡਾ (ਸੁਖਜੀਤ ਮਾਨ)। ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਚੱਲ ਰਹੇ ਵਿਰਾਸਤੀ ਮੇਲੇ ਦੇ ਦੂਜੇ ਦਿਨ ਦਰਸ਼ਕਾਂ ਨੇ ਮੇਲੇ ਵਿੱਚ ਪਹੁੰਚ ਕੇ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਦਾ ਅਨੰਦ ਮਾਣਿਆ। ਹਾਲਾਂਕਿ ਪਿਛਲੇ ਮੇਲਿਆਂ ਨਾਲੋਂ ਇਸ ਵਾਰ ਮੇਲੇ ਵਿੱਚ ਭੀੜ ਕਾਫੀ ਘੱਟ ਹੈ ਪਰ ਵਿਰਾਸਤੀ ਸਟਾਲਾਂ ਲਗਾ ਕੇ ਵਿਰਾਸਤ ਦੀ ਪ੍ਰਦਰਸ਼ਨੀ ਕਰਨ ਵਾਲੇ ਪੂਰੇ ਜੋਸ਼ ਨਾਲ ਬੈਠੇ ਹਨ। ਮੇਲੇ ਵਿੱਚ ਵਿਰਾਸਤ ’ਚੋਂ ਵਿਸਰ ਰਹੀਆਂ ਚੀਜ਼ਾਂ ’ਚੋਂ ਖਾਸ ਕਰਕੇ ਜਿਸ ਤਰ੍ਹਾਂ ਪੁਰਾਤਨ ਖੇਤੀ ਸੰਦ, ਹੱਥਾਂ ਨਾਲ ਫੁਲਕਾਰੀ ਕੱਢਣਾ, ਚਰਖੇ ਚਲਾਉਣਾ, ਚੱਕ ਚਲਾ ਕੇ ਦੀਵੇ, ਘੜੇ ਬਣਾਉਣਾ ਆਦਿ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਮੇਲੇ ਵਿੱਚ ਪਹੁੰਚ ਰਹੇ ਮੇਲੀ ਇਹਨਾਂ ਦ੍ਰਿਸ਼ਾਂ ਨੂੰ ਆਪਣੇ ਮੋਬਾਇਲਾਂ ਵਿੱਚ ਕੈਦ ਕਰ ਰਹੇ ਹਨ ਤਾਂ ਕਿ ਬੱਚਿਆਂ ਨੂੰ ਇਹਨਾਂ ਵਿਰਾਸਤੀ ਚੀਜ਼ਾਂ ਤੋਂ ਫੋਟੋਆਂ ਤੇ ਵੀਡੀਓ ਜਰੀਏ ਜਾਣੂ ਕਰਵਾਇਆ ਜਾ ਸਕੇ।

ਗਾਇਕ ਬੂਟਾ ਪ੍ਰਦੇਸੀ ਦਾ ਦੇਹਾਂਤ, ਕਲਾਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮੇਲੇ ਵਿਚਲੀ ਮੁੱਖ ਸਟੇਜ ਤੋਂ ਢਾਡੀ, ਕਵੀਸ਼ਰੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਉਹਨਾਂ ਨੂੰ ਦਾਦ ਦਿੱਤੀ ਜਾ ਰਹੀ ਹੈ ਕਿ ਅਜਿਹੀਆਂ ਚੀਜ਼ਾਂ ਖਤਮ ਹੋ ਰਹੀਆਂ ਹਨ ਜੋ ਅੱਜ ਉਹਨਾਂ ਨੂੰ ਸਿਰਫ ਮੇਲੇ ਵਿੱਚ ਹੀ ਦਿਖਾਈ ਦਿੱਤੀਆਂ ਹਨ। ਮੇਲੇ ਵਿੱਚ ਸਥਿਤ ਚਾਚੀ ਅਤਰੋ ਦੇ ਘਰ ’ਚ ‘ਵਿਹੜਾ ਸ਼ਗਨਾਂ ਦਾ’ ਮੇਲੀਆਂ ਨੂੰ ਆਪਣੇ ਵੱਲ ਖਿੱਚਣ ’ਚ ਸਫ਼ਲ ਹੋ ਰਿਹਾ ਹੈ । ਇਸ ਘਰ ਵਿੱਚ ਚਰਖੇ ਡਾਹ ਕੇ ਬੈਠੀਆਂ ਪਿੰਡ ਮਹਿਮਾ ਭਗਵਾਨਾਂ ਦੀਆਂ ਗੁਰਦੇਵ ਕੌਰ, ਹਰਪਾਲ ਕੌਰ ਅਤੇ ਪਰਮਜੀਤ ਕੌਰ ਜਿੰਨੇ ਲੰਬੇ ਤੰਦ ਪਾਉਂਦੀਆਂ ਨੇ ਓਨੀਆਂ ਹੀ ਲੰਬੀ ਹੇਕ ਨਾਲ ਬੋਲੀਆਂ ਪਾਉਂਦੀਆਂ ਹਨ। ਬਜ਼ੁਰਗ ਹਰਪਾਲ ਕੌਰ ਆਖਦੀ ਹੈ ਕਿ ਪਹਿਲਾਂ ਘਰਾਂ ਵਿੱਚ ਬਣਾਏ ਖੇਸ, ਦਰੀਆਂ ਹੰਢਾਉਂਦੇ ਸੀ ਪਰ ਹੁਣ ਨਾ ਨਰਮਾ ਹੁੰਦਾ ਨਾ ਕਪਾਹ, ਫਿਰ ਕੱਤਾਂਗੇ ਕਿੱਥੋਂ। (Heritage Fair)

ਮਿਸਾਲ : ਸਤਿਗੁਰੂ ਦੀ ਦਾਤ ਦਾ ਸਤਿਕਾਰ ਤੇ ਪਿਆਰ

ਆਪਣੀ ਜਿੰਦਗੀ ਵਿੱਚ ਕਰੀਬ 55 ਵਰ੍ਹੇ ਚਰਖਾ ਕੱਤਣ ਵਾਲੀ ਹਰਪਾਲ ਕੌਰ ਦਿਲ ਦੀ ਰੀਝ ਦੱਸਦੀ ਹੋਈ ਕਹਿੰਦੀ ਹੈ ਕਿ ‘ਜੀਅ ਕਰਦੈ ਘਰ ਦੇ ਵਿਹੜੇ ’ਚ ਛਾਵੇਂ ਬਹਿ ਕੇ ਚਰਖਾ ਕੱਤਾਂ ਪਰ ਹੁਣ ਤਾਂ ਚਰਖੇ ਹੀ ਨਹੀਂ। ਮੇਲੇ ਵਿੱਚ ਲਿਆਂਦੇ ਚਰਖਿਆਂ ਬਾਰੇ ਪੁੱਛਣ ’ਤੇ ਉਹਨਾਂ ਦੱਸਿਆ ਕਿ ‘ਇਹ ਤਾਂ ਇਧਰੋਂ-ਉਧਰੋਂ ਇਕੱਠੇ ਕਰਕੇ ਲਿਆਂਦੇ ਨੇ’। ਘਰਾਂ ’ਚ ਚਰਖਾ ਕੱਤਣ ਵਾਲੇ ਵੇਲੇ ਨੂੰ ਚੇਤੇ ਕਰਦਿਆਂ ਇਹਨਾਂ ਮਹਿਲਾਵਾਂ ਨੇ ਦੱਸਿਆ ਕਿ ਦਿਨ ਚੜ੍ਹਦਿਆਂ ਹੀ ਘਰ ਦੇ ਕੰਮ-ਕਾਰ ਨਿਬੇੜ ਕੇ ਇੱਕ-ਦੂਜੀ ਨਾਲੋਂ ਪਹਿਲਾਂ ਚਰਖਾ ਡਾਹੁਦੀਆਂ। ਉਹਨਾਂ ਦੱਸਿਆ ਕਿ ਕੱਤਣ ਵੇਲੇ ਵੀ ਇੱਕ-ਦੂਜੀ ਨਾਲ ਮੁਕਾਬਲਾ ਕਰਦੀਆਂ ਕਿ ਪਹਿਲਾਂ ਕੌਣ ਕੱਤੂ। ਚਰਖਾ ਕੱਤਦੀਆਂ ਉਕਤ ਮਹਿਲਾਵਾਂ ਨੇ ਬੋਲੀਆਂ ਪਾ ਕੇ ਵੀ ਚੰਗਾ ਰੰਗ ਬੰਨਿਆਂ। ਚੁੱਲ੍ਹੇ ’ਤੇ ਸਾਗ ਰਿੰਨ ਰਹੀ ਬਿਰਧ ਅਮਰਜੀਤ ਕੌਰ ਨੇ ਵੀ ਮੱਕੀ ਦੀ ਰੋਟੀ। (Heritage Fair)

ਸਾਗ ਤੇ ਲੱਸੀ ਦਾ ਸਵਾਦ ਮੇਲੀਆਂ ਨੂੰ ਚਖਾਇਆ। ਉਹਨਾਂ ਦੱਸਿਆ ਕਿ ਉਹਨਾਂ ਦੇ ਤਾਂ ਘਰ ਵਿੱਚ ਵੀ ਇਸੇ ਤਰ੍ਹਾਂ ਖਾਣਾ-ਦਾਣਾ ਬਣਦਾ ਹੈ। ਇਸ ਤੋਂ ਇਲਾਵਾ ਅੱਜ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਟੀਮਾਂ ਵੱਲੋਂ ਆਪੋ-ਆਪਣੇ ਰਾਜ ਦਾ ਲੋਕ ਨਾਚ ਪੇਸ਼ ਕੀਤਾ ਗਿਆ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਮਾਂ ਬੋਲੀ ਨੂੰ ਸਮਰਪਿਤ ਗੀਤ, ਕੋਰੀਓਗ੍ਰਾਫ਼ੀ, ਭੰਗੜਾ, ਮਲਵਈ ਗਿੱਧਾ ਆਦਿ ਪੇਸ਼ ਕੀਤਾ ਗਿਆ। ਇਸ ਉਪਰੰਤ ਪੰਜਾਬੀ ਦੇ ਪ੍ਰਸਿੱਧ ਗਾਇਕਾਂ ਨੇ ਗਾਇਕੀ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮੇਲੇ ਦੌਰਾਨ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। (Heritage Fair)

ਅੱਜ ਹੋਵੇਗਾ ਮੇਲੇ ਦਾ ਆਖਰੀ ਦਿਨ : ਡੀਸੀ | Heritage Fair

ਡਿਪਟੀ ਕਮਿਸ਼ਨਰ ਬਠਿੰਡਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਿਰਾਸਤੀ ਮੇਲੇ ਦੇ ਭਲਕੇ ਆਖਰੀ ਦਿਨ ਸੂਫ਼ੀ ਗਾਇਕੀ ਹੋਵੇਗੀ । ਇਸ ਤੋਂ ਪਹਿਲਾਂ ਕਵੀਸਰੀ, ਕਵੀ ਦਰਬਾਰ, ਦੇਸ਼ੀ ਖੇਡਾਂ, ਰੱਸਾ-ਕਸੀ, ਮੁਗਦਰ ਚੁੱਕਣਾ, ਘੋਲ ਤੇ ਬਾਜ਼ੀ ਤੋਂ ਇਲਾਵਾ ਮਲਵਈ ਗਿੱਧਾ ਵੀ ਪੇਸ਼ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਵਿਰਾਸਤੀ ਮੇਲੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਮੇਲੇ ਦਾ ਆਨੰਦ ਮਾਨਣ ਦੀ ਅਪੀਲ ਕੀਤੀ। (Heritage Fair)