ਅੰਮ੍ਰਿਤਪਾਲ ‘ਤੇ ਕਾਰਵਾਈ ਨੂੰ ਡਰਾਮਾ ਦੱਸਿਆ
(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਰਸੀ ’ਤੇ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਸੀ। ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ‘ਤੇ ਕਿਸੇ ਹੋਰ ਦਿਨ ਵੀ ਕਾਰਵਾਈ ਕਰ ਸਕਦੀ ਸੀ, ਪਰ ਸਰਕਾਰ ਨੇ ਇਹ ਘਿਨੌਣਾ ਕਾਰਾ ਇਸ ਲਈ ਕੀਤਾ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਲੋਕਾਂ ਦੀ ਗਿਣਤੀ ਘੱਟ ਹੋਵੇ । ਸਰਕਾਰ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਲਾਰੈਂਸ ਦੀ ਇੰਟਰਵਿਊ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਜਿਸ ਦਿਨ ਉਸ ਨੇ ਜੇਲ੍ਹ ਵਿੱਚੋਂ ਲਾਰੈਂਸ ਦੀ ਇੰਟਰਵਿਊ ਹੁੰਦੀ ਵੇਖੀ ਤਾਂ ਉਸ ਨੂੰ ਫਿਰ ਮਹਿਸੂਸ ਹੋਇਆ ਕਿ ਉਸ ਦੇ ਪੁੱਤਰ ਦਾ ਇੱਕ ਵਾਰ ਫਿਰ ਕਤਲ ਹੋ ਗਿਆ ਹੈ। ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਇੰਟਰਨੈੱਟ ਬੰਦ ਕਰ ਦਿੱਤਾ ਹੈ ਪਰ ਗੈਂਗਸਟਰਾਂ ਦਾ ਇੰਟਰਨੈੱਟ ਖੁੱਲ੍ਹੇਆਮ ਚੱਲ ਰਿਹਾ ਹੈ।
ਬਲਕੌਰ ਸਿੰਘ ਨੇ ਪਹਿਲੀ ਵਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ
ਹੁਣ ਹਾਲਾਤ ਇਸ ਹੱਦ ਤੱਕ ਆ ਗਏ ਹਨ ਕਿ ਇਨਸਾਫ਼ ਲੈਣ ਲਈ ਪਤਨੀ ਨੂੰ ਆਪਣੇ ਨਾਲ ਵਿਧਾਨ ਸਭਾ ਦੇ ਦਰਵਾਜ਼ੇ ‘ਤੇ ਬੈਠਣਾ ਪਵੇਗਾ। ਬਲਕੌਰ ਸਿੰਘ ਨੇ ਪਹਿਲੀ ਵਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਗੈਂਗਸਟਰ ਖੁਦ ਸਿੱਧੂ ਦੀ ਮੌਤ ਦੀ ਜ਼ਿੰਮੇਵਾਰੀ ਲੈ ਰਹੇ ਹਨ ਅਤੇ ਪੁਲਿਸ ਉਨ੍ਹਾਂ ਅੱਗੇ ਗੋਡੇ ਟੇਕ ਰਹੀ ਹੈ। ਮੈਂ ਚੀਨ ਬਾਰਡਰ ‘ਤੇ -30 ਡਿਗਰੀ ‘ਚ ਡਿਊਟੀ ਕਰਕੇ ਦੇਸ਼ ਦੀ ਸੇਵਾ ਕੀਤੀ ਹੈ, ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਅੱਜ ਦੇਸ਼ ਲਈ ਜਾਨਾਂ ਦੇਣ ਵਾਲਿਆਂ ਤੋਂ ਉੱਪਰ ਗੈਂਗਸਟਰ ਹਨ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਭਗਵੰਤ ਮਾਨ ਨੇ ਦਿੱਲੀ ਦੇ ਸਾਹਮਣੇ ਗਿਰਵੀ ਰੱਖਿਆ ਹੋਇਆ ਹੈ। ਸੂਬੇ ਦੇ ਕਿਸੇ ਵੀ ਮੰਤਰੀ ਜਾਂ ਮੁੱਖ ਮੰਤਰੀ ਕੋਲ ਖੁੱਲ੍ਹ ਕੇ ਫੈਸਲਾ ਲੈਣ ਦੀ ਤਾਕਤ ਨਹੀਂ ਹੈ। ਅੱਜ ਵੀ ਜਿਹੜੇ ਲੋਕ ਅੰਮ੍ਰਿਤਪਾਲ ‘ਤੇ ਕਾਰਵਾਈ ਕਰ ਰਹੇ ਹਨ, ਉਨ੍ਹਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਮਤ ਦਿੱਤੀ ਹੈ ਤਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਇਹ ਕਾਰਵਾਈ ਕਰਨ ਦੀ ਹਿੰਮਤ ਜੁਟਾ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।