4 ਪਿਸਟਲ, 70 ਹਜ਼ਾਰ ਦੀ ਡਰੱਗ ਮਨੀ, ਹੈਰੋਇਨ ਤੇ 14 ਰੌਂਦ ਬਰਾਮਦ | Police
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ 6 ਜਣਿਆਂ ਨੂੰ 4 ਪਿਸਟਲਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗਿ੍ਰਫ਼ਤਾਰ ਵਿਅਕਤੀ ਬਾਹਰਲੇ ਰਾਜਾਂ ਤੋਂ ਅਸਲਾ ਤੇ ਹੈਰੋਇਨ ਖ੍ਰੀਦ ਕੇ ਪੰਜਾਬ ’ਚ ਵੇਚਣ ਦਾ ਧੰਦਾ ਕਰਦੇ ਹਨ। ਜਿੰਨਾਂ ਦੇ ਕਬਜ਼ੇ ’ਚ ਹੈਰੋਇਨ ਸਮੇਤ ਡਰੱਗ ਮਨੀ ਵੀ ਬਰਾਮਦ ਹੋਈ ਹੈ। (Police)
ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਚੈਕਿੰਗ ਦੇ ਮੱਦੇਨਜਰ ਸਫ਼ੈਦਾ ਚੌਂਕ ਮਾਡਲ ਟਾਊਨ ’ਚ ਤਾਇਨਾਤ ਸੀ। ਜਿਸ ਦੌਰਾਨ ਖਾਸ ਮੁਖ਼ਬਰ ਪਾਸੋਂ ਇਤਲਾਹ ਮਿਲੀ ਕਿ ਕੁੱਝ ਵਿਅਕਤੀ ਜੋ ਪਿਛਲੇ ਲੰਮੇ ਸਮੇਂ ਤੋਂ ਬਾਹਰਲੇ ਸੂਬਿਆਂ ਤੋਂ ਅਸਲਾ ਤੇ ਹੈਰੋਇਨ ਵੇਚ ਕੇ ਇੱਧਰ ਪੰਜਾਬ ’ਚ ਵੇਚਣ ਦਾ ਧੰਦਾ ਕਰਦੇ ਹਨ, ਅੱਜ ਵੀ ਸਪਲਾਈ ਦੇਣ ਵਾਲੇ ਹਨ। (Police)
ਉਨਾਂ ਦੱਸਿਆ ਕਿ ਇਤਲਾਹ ਮੁਤਾਬਕ ਪੁਲਿਸ ਨੇ ਅਨਿਕੇਤ ਤਲਵਾੜਾ, ਕਾਰਤਿਕ, ਚਿੰਕੀ, ਵਰੁਣ, ਸੁਖ਼ਮਨਦੀਪ ਸਿੰਘ, ਗੁਰਕੀਰਤ ਸਿੰਘ ਤੇ ਵਿਕਰਮਜੀਤ ਸਿੰਘ ਨੂੰ ਸਥਾਨਕ ਚਤਰ ਸਿੰਘ ਪਾਰਕ ਲਾਗਿਓਂ ਕਾਬੂ ਕੀਤਾ। ਜਿੰਨਾਂ ਦੇ ਕਬਜ਼ੇ ’ਚ ਪੁਲਿਸ ਪਾਰਟੀ ਨੂੰ 51 ਗ੍ਰਾਮ ਹੈਰੋਇਨ, 70 ਹਜ਼ਾਰ ਰੁਪਏ ਦੀ ਡਰੱਗ ਮਨੀ ਤੋਂ ਇਲਾਵਾ 4 ਪਿਸਟਲ ਅਤੇ 14 ਰੌਂਦ ਜਿੰਦਾ ਬਰਾਮਦ ਹੋਏ ਹਨ। ਅਨਿਕੇਤ ਤਲਵਾੜਾ ਵਾਸੀ ਧੱਕਾ ਕਲੋਨੀ ਲੁਧਿਆਣਾ, ਕਾਰਤਿਕ ਚਿੰਕੀ ਤੇ ਵਰੁਣ ਵਾਸੀਆਨ ਜਵਾਹਰ ਨਗਰ ਕੈਂਪ ਲੁਧਿਆਣਾ, ਸੁਖ਼ਮਨਦੀਪ ਸਿੰਘ ਵਾਸੀ ਪਿੰਡ ਪਾਖਰਪੁਰਾ (ਅੰਮਿ੍ਰਤਸਰ), ਗੁਰਕੀਰਤ ਸਿੰਘ ਵਾਸੀ ਲਹਿਰਕਾ (ਅੰਮਿ੍ਰਤਸਰ) ਤੇ ਵਿਕਰਮਜੀਤ ਸਿੰਘ ਵਾਸੀ ਬਜੂਮਾਣ (ਗੁਰਦਾਸਪੁਰ) ਆਦਿ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।














