ਕਿਸਾਨ ਜਥੇਬੰਦੀਆਂ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਐਲਾਨ
- ਮਹਿਲਾਵਾਂ ਸਿਲੰਡਰ ਲੈ ਕੇ ਆਉਣਗੇ ਨਾਲ, ਮਹਿੰਗਾਈ ਖ਼ਿਲਾਫ਼ ਕਰਨਗੇ ਪ੍ਰਦਰਸ਼ਨ
ਅਸ਼ਵਨੀ ਚਾਵਲਾ,ਚੰਡੀਗੜ੍ਹ। ਕਿਸਾਨ ਜਥੇਬੰਦੀਆਂ ਹੁਣ ਮੁੜ ਤੋਂ ਸੜਕਾਂ ’ਤੇ ਉੱਤਰਨਗੇ। ਪੰਜਾਬ ਦੇ ਸਾਰੇ ਰਾਜ ਅਤੇ ਕੌਮੀ ਮਾਰਗਾਂ ’ਤੇ ਆਪਣੇ ਵਾਹਣ ਵੀ ਖੜ੍ਹੇ ਕਰਨਗੇ ਪਰ ਇਸ ਵਾਰ ਕੋਈ ਜਾਮ ਨਹੀਂ ਲਗਾਇਆ ਜਾਏਗਾ, ਸਗੋਂ ਵਾਹਣਾ ਰਾਹੀਂ ਤੇਜ਼ ਹਾਰਨ ਵਜਾਏ ਜਾਣਗੇ। ਇਹ ਹਾਰਨ ਇੱਕ ਦੋ ਮਿੰਟ ਨਹੀਂ ਸਗੋਂ 8 ਮਿੰਟ ਤੱਕ ਵਜਾਏ ਜਾਣਗੇ। ਇਸ ਪਿੱਛੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਜਾਏਗਾ ਕਿ ਜਿਥੇ ਉਹ ਕਿਸਾਨਾਂ ਦੇ ਮਾਮਲੇ ਦਾ ਹਲ਼ ਨਹੀਂ ਕੱਢ ਰਹੇ ਹਨ ਤਾਂ ਉਥੇ ਹੀ ਮਹਿੰਗਾਈ ਆਪਣੇ ਚਰਮ ’ਤੇ ਪੁੱਜ ਗਈ ਹੈ। ਇਸੇ ਮਹਿੰਗਾਈ ਦੇ ਖ਼ਿਲਾਫ਼ ਕਿਸਾਨ ਲੀਡਰ ਸੜਕਾਂ ’ਤੇ ਪ੍ਰਦਰਸ਼ਨ ਕਰਨ ਲਈ ਉੱਤਰਨਗੇ। ਕਿਸਾਨਾਂ ਨੂੰ ਬਿਜਲੀ ਦੀ ਘਾਟ ਦੇ ਕਾਰਨ ਡੀਜ਼ਲ ਦੀ ਖਰੀਦ ਕਰਨੀ ਪੈਂਦੀ ਹੈ, ਜਿਸ ਕਾਰਨ ਉਹ ਵੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਇਸ ਨਾਲ ਹੀ ਕਿਸਾਨ ਪਰਿਵਾਰਾਂ ਵਿੱਚੋਂ ਮਹਿਲਾਵਾਂ ਵੀ ਨਾਲ ਆਉਣਗੀਆਂ ਅਤੇ ਮਹਿਲਾਵਾਂ ਆਪਣੇ ਨਾਲ ਸਿਲੰਡਰ ਲੈ ਕੇ ਆਉਣਗੇ, ਕਿਉਂਕਿ ਸਿਲੰਡਰਾਂ ਦੇ ਰੇਟ ਅਸਮਾਨ ’ਤੇ ਪੁੱਜ ਗਏ ਹਨ।
ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਸਾਂਝਾ ਮੋਰਚਾ ਦੇ ਆਗੂ ਬਲਬੀਰ ਰਾਜੇਵਾਲ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਖ਼ਿਲਾਫ਼ 40 ਤੋਂ ਜਿਆਦਾ ਕਿਸਾਨ ਸੰਗਠਨ ਪਿਛਲੇ 8 ਮਹੀਨੇ ਤੋਂ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ ਮਹਿੰਗਾਈ ਦੇ ਖ਼ਿਲਾਫ਼ ਵੀ ਕਿਸਾਨ ਜਥੇਬੰਦੀਆਂ ਵਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਲਈ ਕਿਸਾਨ ਸਾਂਝਾ ਮੋਰਚੇ ਵਲੋਂ ਦੇਸ਼ ਭਰ ਵਿੱਚ ਅੰਦੋਲਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਦੇਸ਼ ਭਰ ਵਿੱਚ ਥਾਲ਼ੀ ਵਜਾਈ ਗਈ ਸੀ, ਇਸੇ ਤਰਜ਼ ’ਤੇ ਕਿਸਾਨ ਹੁਣ 8 ਮਿੰਟ ਹਾਰਨ ਵਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਰਾਜ ਅਤੇ ਕੌਮੀ ਮਾਰਗਾਂ ’ਤੇ ਵਾਹਣ ਇੱਕ ਪਾਸੇ ਲਗਾ ਕੇ ਹਾਰਨ ਵਜਾਏ ਜਾਣਗੇ। ਇਸ ਦੌਰਾਨ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਸੜਕ ’ਤੇ ਜਾਮ ਨਹੀਂ ਲਗਾਇਆ ਜਾਏਗਾ।
ਉਨ੍ਹਾਂ ਅੱਗੇ ਦੱਸਿਆ ਕਿ 17 ਜੁਲਾਈ ਨੂੰ ਸ਼ੁਰੂ ਹੋ ਰਹੇ ਲੋਕ ਸਭਾ ਦੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਕਿਸਾਨਾਂ ਦਾ ਮੁੱਦਾ ਸਦਨ ਅੰਦਰ ਚੁੱਕਣ ਲਈ ਵੀ ਕਹਿਣਗੇ। ਇਸ ਲਈ ਕਿਸਾਨ ਜਥੇਬੰਦੀਆਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਲਗਾਤਾਰ ਮਿਲ ਰਹੇ ਹਨ। ਉਹ ਵਿਰੋਧੀ ਧਿਰਾਂ ਤੋਂ ਮੰਗ ਕਰਨਗੇ ਕਿ ਵਾਕ ਆਉਟ ਕਰਦੇ ਹੋਏ ਸਰਕਾਰ ਨੂੰ ਫਾਇਦਾ ਪਹੁੰਚਾਉਣ ਦੀ ਥਾਂ ‘ਤੇ ਸਦਨ ਦੀ ਕਾਰਵਾਈ ਹੀ ਨਾ ਚਲਣ ਦਿੱਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।