ਢੋਲ ਵਜਾ ਕੇ ਤੇ ਲੱਡੂ ਵੰਡ ਕੇ ਇੱਕ-ਦੂਜੇ ਨੂੰ ਦਿੱਤੀ ਜਿੱਤ ਦੀ ਵਧਾਈ
- ਸੈਮੀਫਾਈਨਲ ਜਿੱਤ ਕੇ ਫਾਈਨਲ ’ਚ ਪੁੱਜਣ ਦੀ ਕੀਤੀ ਅਰਦਾਸ
(ਸੁਖਜੀਤ ਮਾਨ) ਤਰਨਤਾਰਨ। ਟੋਕੀਓ ਓਲੰਪਿਕ ’ਚ ਭਾਰਤੀ ਮਹਿਲਾ ਹਾਕੀ ਟੀਮ ਦੀ ਸੈਮੀਫਾਈਨਲ ’ਚ ਪਹੁੰਚ ਬਣਾਉਣ ਲਈ ਇਕਲੌਤਾ ਗੋਲ ਕਰਨ ਵਾਲੀ ਡਰੈਗ ਫਲਿੱਕਰ ਗੁਰਜੀਤ ਕੌਰ ਦੇ ਪਿੰਡ ਮਹਿਦੀਆਂ ਕਲਾਂ ’ਚ ਜ਼ਸਨ ਦਾ ਮਹੌਲ ਹੈ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਇੱਕ-ਦੂਜੇ ਨੂੰ ਵਧਾਈ ਦੇ ਕੇ ਅਗਲੇ ਮੈਚਾਂ ’ਚ ਜਿੱਤ ਲਈ ਅਰਦਾਸ ਕੀਤੀ ਜਾ ਰਹੀ ਹੈ।
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਗੁਰਜੀਤ ਕੌਰ ਦੇ ਚਾਚਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਗੁਰਜੀਤ ਨੇ ਆਪਣੀ ਖੇਡ ਦੀ ਸ਼ੁਰੂਆਤ ਖੇਡ ਵਿੰਗ ਕੈਰੋਂ ਤੋਂ ਕੀਤੀ ਸੀ। ਉਸਦੇ ਪਹਿਲੇ ਹਾਕੀ ਕੋਚ ਸ਼ਰਨਜੀਤ ਸਿੰਘ ਦੀ ਬਦੌਲਤ ਹੀ ਉਹ ਭਾਰਤੀ ਟੀਮ ’ਚ ਪੁੱਜੀ ਤੇ ਅੱਜ ਭਾਰਤ ਨੂੰ ਮਾਣਮੱਤੀ ਜਿੱਤ ਦਿਵਾਈ। ਉਨ੍ਹਾਂ ਦੱਸਿਆ ਕਿ ਜਦੋਂ ਹੀ ਅੱਜ ਭਾਰਤੀ ਹਾਕੀ ਟੀਮ ਦੀ ਜਿੱਤ ਹੋਈ ਤਾਂ ਘਰ ’ਚ ਢੋਲ ਵਜਾਇਆ ਗਿਆ ਅਤੇ ਲੱਡੂ ਵੰਡੇ ਗਏ। ਬਲਜਿੰਦਰ ਸਿੰਘ ਨੇ ਦੱਸਿਆ ਕਿ ਵਧਾਈਆਂ ਦੇਣ ਲਈ ਨੇੜਲੇ ਪਿੰਡਾਂ ’ਚੋਂ ਵੀ ਵੱਡੀ ਗਿਣਤੀ ’ਚ ਲੋਕ ਆਏ। ਸਿਆਸੀ ਆਗੂਆਂ ਨੇ ਵੀ ਫੋਨ ਕਰਕੇ ਪਰਿਵਾਰ ਨੂੰ ਜਿੱਤ ਦੀ ਵਧਾਈ ਦਿੱਤੀ। ਗੁਰਜੀਤ ਕੌਰ ਦੀ ਭੈਣ ਪ੍ਰਦੀਪ ਕੌਰ ਵੀ ਹਾਕੀ ਦੀ ਖਿਡਾਰਨ ਹੈ ਤੇ ਨੈਸ਼ਨਲ ਪੱਧਰ ਤੱਕ ਮੁਕਾਬਲਿਆਂ ’ਚ ਹਿੱਸਾ ਲੈ ਚੁੱਕੀ ਹੈ।
ਦੱਸਣਯੋਗ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਹਿਦੀਆਂ ਕਲਾਂ ’ਚ ਪਿਤਾ ਸਤਨਾਮ ਸਿੰਘ ਤੇ ਮਾਤਾ ਹਰਜਿੰਦਰ ਕੌਰ ਦੇ ਘਰ ਪੈਦਾ ਹੋਈ ਗੁਰਜੀਤ ਕੌਰ ਨੇ ਆਪਣੀ ਖੇਡ ਦੀ ਸ਼ੁਰੂਆਤ ਦੌੜ ਤੋਂ ਕੀਤੀ ਸੀ ਪਰ ਬਾਅਦ ’ਚ ਹਾਕੀ ਵੱਲ ਮੋੜਾ ਪੈ ਗਿਆ। ਹਾਕੀ ’ਚ 14 ਸਾਲ ਉਮਰ ਵਰਗ ’ਚ ਸ਼ੁਰੂਆਤ ਕਰਨ ’ਤੇ ਗੁਰਜੀਤ ਕੌਰ ਸਾਲ 2009 ’ਚ ਕੌਮੀ ਚੈਂਪੀਅਨ ਬਣੀ ਪੰਜਾਬ ਦੀ ਟੀਮ ’ਚ ਸ਼ਾਮਿਲ ਸੀ।
ਉਮਰ ਵਰਗ 19 ਸਾਲ ’ਚ ਵੀ ਉਸਦੀ ਟੀਮ ਚੈਂਪੀਅਨ ਬਣੀ। 2016 ਦੀਆਂ ਸੈਫ ਖੇਡਾਂ ’ਚ ਗੁਰਜੀਤ ਕੌਰ ਨੇ ਭਾਰਤ ਨੂੰ ਸੋਨੇ ਦਾ ਤਮਗਾ ਜਿਤਾਇਆ ਸੀ। 2017 ’ਚ ਜਦੋਂ ਏਸ਼ੀਆ ਕੱਪ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤ ਹਾਸਿਲ ਕੀਤੀ ਤਾਂ ਗੁਰਜੀਤ ਸਭ ਤੋਂ ਵੱਧ ਗੋਲ ਕਰਨ ਵਾਲੀ ਸੀ। ਸਾਲ 2018 ’ਚ ਭਾਰਤੀ ਟੀਮ ਨੇ ਏਸ਼ੀਆਈ ਚੈਂਪੀਅਨਸ਼ਿਪ ’ਚੋਂ ਚਾਂਦੀ ਤਮਗਾ ਜਿੱਤਿਆ ਤਾਂ ਗੁਰਜੀਤ ਉਸ ਵੇਲੇ ਵੀ ਭਾਰਤੀ ਟੀਮ ’ਚ ਸ਼ਾਮਿਲ ਸੀ। ਗੁਰਜੀਤ ਕੌਰ ਇਸ ਵੇਲੇ ਭਾਰਤੀ ਰੇਲਵੇ ’ਚ ਨੌਕਰੀ ਕਰ ਰਹੀ ਹੈ।
ਗੁਰਜੀਤ ਕੌਰ ਨੂੰ ਮੁਬਾਰਕਾਂ : ਕੈ. ਅਮਰਿੰਦਰ ਸਿੰਘ
ਭਾਰਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ’ਚ ਪੁੱਜਣ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਅੱਜ ਮਹਿਲਾ ਹਾਕੀ ਟੀਮ ਨੇ ਸਾਡੇ ਦੇਸ਼ ਦਾ ਮਾਣ ਪੂਰੀ ਦੁਨੀਆਂ ’ਚ ਵਧਾ ਦਿੱਤਾ ਹੈ। ਮਹਿਲਾ ਹਾਕੀ ਟੀਮ ਨੇ ਤਿੰਨ ਟਾਈਮ ਓਲੰਪਿਕ ਚੈਂਪੀਅਨ ਰਹੀ ਆਸਟ੍ਰੇਲੀਆ ਹਾਕੀ ਟੀਮ ਨੂੰ ਹਰਾ ਕੇ ਸੈਮੀਫਾਈਨਲ ’ਚ ਆਪਣੀ ਜਗ੍ਹਾ ਬਣਾ ਲਈ ਹੈ। ਗੁਰਜੀਤ ਕੌਰ ਨੂੰ ਮੁਬਾਰਕਾਂ, ਜਿੰਨ੍ਹਾਂ ਦੇ ਇਕਲੌਤੇ ਗੋਲ ਨੇ ਸਾਨੂੰ ਇਹ ਸ਼ਾਨਦਾਰ ਜਿੱਤ ਦਿਵਾਈ। ਪੂਰੀ ਟੀਮ ਨੂੰ ਸ਼ੁਭਕਾਮਨਾਵਾਂ, ਜਿੱਤਕੇ ਵਾਪਿਸ ਭਾਰਤ ਆਓ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ