ਆਹ ਵੀ ਦਿਨ ਵੇਖਣੇ ਸੀ…!
ਨਿੱਕੇ ਹੁੰਦਿਆਂ ਮੈਨੂੰ ਮਾਮਿਆਂ ਦੇ ਪਿੰਡ ਜਾ ਕੇ ਰਹਿਣ ਦਾ ਬੜਾ ਸੌਂਕ ਹੁੰਦਾ ਸੀ ਮੇਰੇ ਵੱਡੇ ਮਾਮੇ ਨੇ ਪੱਠਿਆਂ ਲਈ ਜਦੋਂ ਗੱਡਾ ਖੇਤਾਂ ਵੱਲ ਲੈ ਕੇ ਜਾਣਾ, ਅਸੀਂ ਸਾਰੇ ਜੁਆਕਾਂ ਨੇ ਗੱਡੇ ’ਤੇ ਚੜ੍ਹ ਜਾਣਾ ਘਰਦਿਆਂ ਨੇ ਮਗਰੋਂ ’ਵਾਜਾਂ ਮਾਰਨੀਆਂ ਕਿ ਇਨ੍ਹਾਂ ਜੁਆਕਾਂ ਨੂੰ ਥੱਲੇ ਉਤਾਰ ਦਿਉ, ਕਿੱਧਰੇ ਡਿੱਗ ਹੀ ਨਾ ਪੈਣ ਅਸੀਂ ਸਗੋਂ ਗੱਡੇ ਦਿਆ ਮੁੰਨਿਆਂ ਨੂੰ ਹੱਥ ਪਾ ਲੈਣੇ ਗੱਡੇ ਦੇ ਅਗੇ ਇੱਕ ਝੋਟਾ ਤੇ ਇੱਕ ਬਲਦ ਜੋੜਿਆ ਹੁੰਦਾ ਸੀ ਮਾਮੇ ਨੇ ਦੋਵਾਂ ਦੀਆਂ ਨੱਥਾਂ ਵਾਲੀਆਂ ਰੱਸੀਆਂ ਆਪਣੇ ਹੱਥ ਵਿਚ ਫੜੀਆਂ ਹੋਣੀਆਂ ਜਿੰਨਾ ਚਿਰ ਉਹ ਪੱਠੇ ਵੱਢਦੇ ਹੁੰਦੇ ਉਨਾ ਚਿਰ ਅਸੀਂ ਕਦੇ ਦਰੱਖਤਾਂ ’ਤੇ ਚੜ੍ਹਦੇ-ਉੱਤਰਦੇ ਰਹਿਣਾ ਕਦੇ ਕਿੱਲਾ ਬਾਂਦਰੀ ਖੇਡਣ ਲੱਗ ਜਾਣਾ ਕਦੇ ਪਾਣੀ ਵਿੱਚ ਛਾਲਾਂ ਮਾਰਨ ਲੱਗ ਜਾਣਾ ਜਦੋਂ ਘਰ ਨੂੰ ਵਾਪਸੀ ਹੋਣੀ ਉਸ ਵਕਤ ਸਾਡੇ ਲੀੜੇ ਲਿੱਬੜ ਜਾਣੇ ਮਾਮਿਆਂ ਦੇ ਮੁੰਡਿਆਂ ਨੂੰ ਛਿੱਤਰ ਵੱਜ ਵੀ ਜਾਣੇ ਤੇ ਕਦੇ ਬਚ ਵੀ ਜਾਂਦੇ ਪਰ ਮੈਨੂੰ ਕਦੇ ਕਿਸੇ ਕੁਝ ਨਾ ਆਖਣਾ ਕਿ ਇਹ ਦੋ- ਚਾਰ ਦਿਨ ਪ੍ਰਾਹੁਣਾ ਆਇਆ ਹੈ ਜੇ ਕਿਸੇ ਬੋਲਣਾ ਵੀ ਤੇ ਨਾਨੀ ਨੇ ਕੋਲੋਂ ਬੋਲ ਪੈਣਾ, ਕੁੜੇ ਇਸ ਨੂੰ ਕੁੱਝ ਨਾ ਕਿਹਾ ਜੇ ਸਾਰੇ ਟੱਬਰ ਨੇ ਚਾਹ ਪੀਣੀ ਤੇ ਮੈਨੂੰ ਉਹਨਾਂ ਦੁੱਧ ਦਾ ਛੰਨਾ ਭਰ ਕੇ ਦੇਣਾ ਕੋਈ ਕੱਲ੍ਹ ਨੂੰ ਇਹ ਨਾ ਆਖੇ ਕਿ ਮੁੰਡਾ ਨਾਨਕੇ ਗਿਆ ਸੀ ਤੇ ਉਨ੍ਹਾਂ ਭੁੱਖਾ ਹੀ ਰੱਖੀ ਰੱਖਿਆ ਏ ਨਾਲੇ ਇਹ ਦਿਨ ਫਿਰ ਕਿਹੜੇ ਵਾਰ-ਵਾਰ ਆਉਣੇ ਨੇ।
ਉਹ ਗੱਲਾਂ ਸੱਚ ਜਾਣਿਓ ਅੱਜ ਵੀ ਯਾਦ ਆਉਂਦੀਆਂ ਨੇ ਜਦੋਂ ਕਦੇ ਮੈਂ ਦੁੱਧ ਪੀਣ ਲੱਗਣਾ ਤਾਂ ਨਿੱਕੇ ਮਾਮੇ ਦੁੱਧ ਵਾਲਾ ਛੰਨਾ ਖੋਹ ਲੈਣਾ ਤੇ ਲੱਸੀ ਵਾਲਾ ਛੰਨਾ ਫੜਾ ਦੇਣਾ ਭਾਵੇਂ ਹਾਸੇ-ਹਾਸੇ ਨਾਲ ਹੀ ਕਰਦਾ ਸੀ ਪਰ ਪੂਰੇ ਟੱਬਰ ਨੇ ਉਸ ਨੂੰ ਕਹਿਣਾ, ਤੂੰ ਕਿਉਂ ਜਵਾਕ ਨੂੰ ਤੰਗ ਕਰਦਾ ਏਂ ਉਸ ਨੇ ਅੱਗੋਂ ਕਹਿਣਾ, ਇਹ ਦੁੱਧ ਪੀਣ ਦਾ ਢੇਕਾ ਲੱਗਦਾ ਏ, ਪੱਠੇ ਅਸੀਂ ਪਾਈਏ ਤੇ ਦੁੱਧ ਇਹ ਵੱਡਾ ਨਾਢੂ ਖਾਂ ਪੀਵੇ! ਇਸ ਤਰ੍ਹਾਂ ਕਈ-ਕਈ ਦਿਨ ਲੰਘ ਜਾਣੇ ਪਤਾ ਹੀ ਨਾ ਲੱਗਣਾ ਕਿ ਸਕੂਲ ਦੀਆਂ ਛੁੱਟੀਆਂ ਖਤਮ ਕਦੋਂ ਹੋ ਜਾਣੀਆਂ ਫਿਰ ਉੱਥੇ ਅਸੀਂ ਇਕੱਲੇ ਮਾਮਿਆਂ ਘਰ ਤੱਕ ਸੀਮਤ ਨਹੀਂ ਰਹਿੰਦੇ ਸਗੋਂ ਉਨ੍ਹਾਂ ਦੇ ਆਂਢ-ਗੁਆਂਢ ਵੀ ਖੇਡਣ ਚਲੇ ਜਾਣਾ ਉੱਥੇ ਹੀ ਮਾਮਿਆਂ ਦੇ ਗੁਆਂਢ ਸਰੀਕੇ ਵਿੱਚ ਇੱਕ ਬੜੀ ਰੋਹਬ ਵਾਲੀ ਬੀਬੀ ਰਹਿੰਦੀ ਸੀ ਜਿਸ ਤੋਂ ਸਾਰੇ ਡਰਦੇ ਹੁੰਦੇ ਸੀ, ਕੀ ਮਜ਼ਾਲ ਕਿਸੇ ਦੀ ਕਿ ਉਹਦੇ ਮੂਹਰੇ ਕੋਈ ਕੁਸਕ ਵੀ ਜਾਵੇ ਸਾਰਾ ਟੱਬਰ ਉਸ ਨੇ ਅੱਗੇ ਲਾਇਆ ਹੋਇਆ ਸੀ ਕਹਿੰਦੇ ਹੁੰਦੇ ਸੀ ਕਿ ਇਹ ਸਾਲ-ਛਿਮਾਹੀ ਹੱਸਦੀ ਹੈ।
ਹਮੇਸ਼ਾ ਹੀ ਆਪਣੇ ਗਰੂਰ ਵਿੱਚ ਰਹਿਣਾ ਤੇ ਨੱਕ ’ਤੇ ਮੱਖੀ ਵੀ ਨਹੀਂ ਬਹਿਣ ਦਿੰਦੀ ਸੀ ਉਹਨਾਂ ਵੇਲਿਆਂ ਵਿੱਚ ਉਸ ਨੇ ਇੱਕ ਪੁੱਤਰ ਹੀ ਰੱਖਿਆ ਸੀ ਜੇ ਕਿਸੇ ਨੇ ਕਹਿਣਾ ਕਿ ਤੁਹਾਡਾ ਇੱਕ ਪੁੱਤਰ ਹੈ, ਉਸ ਨੇ ਮੂੰਹ ਮਰੋੜ ਕੇ ਜਬਾਬ ਦੇਣਾ ਕਿ ਸ਼ੇਰ ਦਾ ਬੱਚਾ ਇੱਕ ਹੀ ਹੁੰਦਾ ਹੈ, ਬਹੁਤਿਆਂ ਦੀ ਕੀ ਮਿਹੜ ਪਾਉਣੀ ਏ ਭਾਵੇਂ ਅਗਲੇ ਨੇ ਇਹ ਜ਼ਰੂਰ ਕਹਿ ਦੇਣਾ ਕਿ ਇੱਕਲਾ ਤਾਂ ਵਣਾਂ ਵਿੱਚ ਰੁੱਖ ਵੀ ਨਹੀਂ ਹੋਣਾ ਚਾਹੀਦਾ.ਖੈਰ! ਸਾਡਾ ਬਚਪਨ ਬੀਤ ਗਿਆ ਮੇਰਾ ਪਿੰਡ ਬਾਰਡਰ ’ਤੇ ਹੋਣ ਕਰਕੇ ਅਸੀਂ ਦਿਨ-ਰਾਤ ਫੌਜੀਆਂ ਨੂੰ ਲੰਘਦੇ-ਟੱਪਦੇ ਤੇ ਦੇਸ਼ ਦੀ ਸੇਵਾ ਕਰਦੇ ਵੇਖਣਾ ਪਰਮਾਤਮਾ ਨੇ ਕੁੱਝ ਸਥਿਤੀ ਵੀ ਇਹੋ-ਜਿਹੀ ਬਣਾ ਦਿੱਤੀ ਕਿ ਮੈਂ ਵੀ ਦੇਸ਼ ਦੀ ਸੇਵਾ ਵਾਸਤੇ ਫੌਜ ਵਿੱਚ ਭਰਤੀ ਹੋ ਗਿਆ ਪਤਾ ਹੀ ਨਾ ਲੱਗਾ ਕਿ ਕਦੋਂ 28-30 ਸਾਲ ਲੰਘ ਗਏ ਡਿਊਟੀ ’ਤੇ ਰਹਿੰਦਿਆਂ ਫਿਰ ਕਦੇ ਮਾਮਿਆਂ ਦੇ ਪਿੰਡ ਗੇੜਾ ਹੀ ਨਾ ਲੱਗਾ ਜੇ ਕਿੱਧਰੇ ਆਉਂਦੇ-ਜਾਂਦੇ ਮਿਲਣਾ ਤੇ ਉਹ ਵੀ ਬੱਸ ਥੋੜ੍ਹਾ ਹੀ ਚਿਰ ਮਿਲ ਕੇ ਆ ਜਾਣਾ ਪਰ ਜਦੋਂ ਮੈਂ ਰਿਟਾਇਰਮੈਂਟ ਹੋਣ ਤੋਂ ਬਾਅਦ ਵਿਹਲਾ ਹੋ ਕੇ ਮਾਮਿਆਂ ਦੇ ਪਿੰਡ ਗਿਆ ਤਾਂ ਹੁਣ ਸਭ ਕੁੱਝ ਬਦਲ ਚੁੱਕਾ ਸੀ ਪਰ ਜੇ ਨਹੀਂ ਬਦਲਿਆ ਤਾਂ ਉਹ ਸੀ ਮਾਮਿਆਂ ਦੇ ਗੁਆਂਢ ਰਹਿੰਦੀ ਉਸ ਬੀਬੀ ਦੇ ਘਰ ਦਾ ਨਕਸ਼ਾ ਨਹੀਂ ਬਦਲਿਆ ਸੀ ਜਿਹੜੀ ਸਾਰੇ ਟੱਬਰ ਦੇ ਨੱਕ ਵਿੱਚ ਦਮ ਕਰਕੇ ਰੱਖਦੀ ਸੀ ਮੈਂ ਬੜਾ ਹੈਰਾਨ ਹੋਇਆ ਕਿ ਉਹ ਤੁਹਾਡੀ ਗੁਆਂਢਣ ਇੱਥੋਂ ਚਲੀ ਗਈ ਹੈ ਘਰ ਬਾਹਰ ਛੱਡ ਕੇ?? ਮਾਮੀ ਇੱਕਦਮ ਬੋਲ ਪਈ, ਨਹੀਂ ਤੈਨੂੰ ਕੀਹਨੇ ਕਿਹਾ?
ਉਹ ਤਾਂ ਵਿਚਾਰੀ ਮੰਜੇ ’ਤੇ ਪਈ ਘਸੀਟਦੀ ਏ ਜਿਸ ਨੂੰ ਕਦੇ ਰੱਬ ਵੀ ਯਾਦ ਨਹੀਂ ਸੀ ਹੁੰਦਾ, ਅੱਜ ਰੱਬ ਵੀ ਉਹਨੂੰ ਭੁੱਲ ਚੁੱਕਾ ਹੈ ਕਿ ਇਹਨੂੰ ਉੱਪਰ ਵੀ ਲੈ ਕੇ ਜਾਣਾ ਹੈ ਮਾਮੀ ਤੁਸੀਂ ਕੀ ਕਹਿ ਰਹੇ ਹੋ ਇੰਝ ਨਹੀਂ ਹੋ ਸਕਦਾ ਜੇਕਰ ਪੁੱਤ ਨਹੀਂ ਹੋ ਸਕਦਾ ਤੇ ਤੂੰ ਆਪ ਹੀ ਜਾ ਕੇ ਵੇਖ ਆ ਮੈਂ ਝੱਟ ਨਾ ਲਾਇਆ ਤੇ ਉੱਧਰ ਪਹੁੰਚ ਗਿਆ ਵੇਖ ਕੇ ਮੇਰਾ ਸਿਰ ਹੀ ਚਕਰਾ ਗਿਆ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਜੋ ਸਾਹਮਣੇ ਮੰਜੀ ’ਤੇ ਹੱਡੀਆਂ ਦੀ ਮੁੱਠ ਪਈ ਹੈ ਇਹ ਉਹੀ ਔਰਤ ਹੈ ਜਿਹੜੀ ਨੱਕ ’ਤੇ ਮੱਖੀ ਨਹੀਂ ਸੀ ਬਹਿਣ ਦਿੰਦੀ ਤੇ ਅੱਜ ਹਾਲਤ ਇਹ ਖੈਰ! ਮੈਂ ਉਸ ਦੇ ਪੈਰੀਂ ਹੱਥ ਲਾਏ ਤੇ ਆਪਣੇ ਬਾਰੇ ਦੱਸਿਆ ਕਿ ਮੈਂ ਜੀਤੋ ਦਾ ਮੁੰਡਾ ਹਾਂ ਉਸ ਨੇ ਹੂੰਗਦੀ-ਹੂੰਗਦੀ ਨੇ ਮੈਨੂੰ ਪਿਆਰ ਦਿੱਤਾ।
ਮੈਂ ਜਦੋਂ ਇਹ ਪੁੱਛਣ ਲੱਗਾ ਕਿ ਮਾਮੀ ਤੇਰੀ ਇਹ ਹਾਲਤ…? ਉਸ ਨੇ ਮੇਰੇ ਮੂੰਹ ਅੱਗੇ ਹੱਥ ਰੱਖ ਦਿੱਤਾ ਬੱਸ ਪੁੱਤ ਇਸ ਤੋਂ ਅੱਗੇ ਨਾ ਬੋਲੀਂ ਉਹਦੀਆਂ ਅੱਖਾਂ ਵਿੱਚੋਂ ਪਾਣੀ ਦੀ ਝਲਾਰ ਵਗ ਪਈ ਫਿਰ ਮੈਂ ਵੀ ਗੱਲ ਅੱਗੇ ਨਾ ਤੋਰੀ ਥੋੜ੍ਹਾ ਚਿਰ ਬੈਠਣ ਤੋਂ ਬਾਅਦ ਮੈ ਉੱਠ ਕੇ ਆ ਗਿਆ ਜਦੋਂ ਘਰ ਆ ਕੇ ਮੈਂ ਉਸ ਬਾਰੇ ਪੁੱਛਿਆ ਤਾਂ ਉਹਨਾਂ ਸਾਰੀ ਹਕੀਕਤ ਖੋਲ੍ਹ ਕੇ ਮੇਰੇ ਅੱਗੇ ਰੱਖ ਦਿੱਤੀ ਪਤਾ ਲੱਗਾ ਕਿ ਇਸ ਦਾ ਪੁੱਤਰ ਸ਼ਮਸ਼ੇਰ, ਜਿਸ ਨੂੰ ਪਿਆਰ ਨਾਲ ਸ਼ੇਰਾ ਕਹਿੰਦੀ ਸੀ, ਉਹ ਬਹੁਤ ਚਿਰ ਪਹਿਲਾਂ ਬਾਹਰਲੇ ਦੇਸ਼ ਕੈਨੇਡਾ ਚਲਾ ਗਿਆ ਸੀ ਕਈ ਸਾਲਾਂ ਬਾਅਦ ਪਿੰਡ ਆਇਆ ਤੇ ਇਸ ਨੇ ਬੜੇ ਚਾਵਾਂ ਨਾਲ ਚੰਗੇ ਤੇ ਵੱਡੇ ਘਰ ਉਸ ਨੂੰ ਵਿਆਹ ਦਿੱਤਾ ਪਰ ਚੰਦਰੇ ਨੇ ਮਾਂ ਕੋਲੋਂ ਇਸ ਗੱਲ ਦਾ ਲੁਕਾ ਰੱਖਿਆ ਕਿ ਉਸ ਨੇ ਪਹਿਲਾਂ ਹੀ ਉੱਥੇ ਕਿਸੇ ਗੋਰੀ ਨਾਲ ਵਿਆਹ ਕਰਵਾਇਆ ਹੋਇਆ ਸੀ ਫਿਰ ਕੀ ਉਹ ਵਿਆਹ ਕਰਵਾਉਣ ਤੋਂ ਬਾਅਦ ਦੋ-ਤਿੰਨ ਮਹੀਨੇ ਇੱਥੇ ਰਿਹਾ ਉਸ ਤੋਂ ਬਾਅਦ ਉਹ ਵਾਪਿਸ ਕੈਨੇਡਾ ਚਲਾ ਗਿਆ ਮੁੜ ਕੇ ਉਸ ਨੇ ਪਿੰਡ ਵੱਲ ਵੇਖਿਆ ਹੀ ਨਹੀਂ ਜਿਹੜੀ ਉਸ ਦੀ ਵਹੁਟੀ ਸੀ ਉਸਨੇ ਇਸ ਵਿਚਾਰੀ ਦਾ ਇਹੋ-ਜਿਹਾ ਜਨਾਜ਼ਾ ਕੱਢਿਆ ਕਿ ਇੱਕ ਮਰੀ ਨਹੀਂ, ਬਾਕੀ ਕਸਰ ਕੋਈ ਨਹੀਂ ਛੱਡੀ ਸਾਰੀ ਜ਼ਮੀਨ-ਜਾਇਦਾਦ ’ਤੇ ਕਬਜ਼ਾ ਕਰ ਲਿਆ ਤੇ ਉਲਟਾ ਕੇਸ ਵੀ ਪਾ ਦਿੱਤਾ ਇਸ ਦਾ ਘਰਵਾਲਾ ਵੀ ਮਰ ਗਿਆ, ਇਹ ਰਹਿ ਗਈ ਇਕੱਲੀ ਹੁਣ ਬੱਸ ਇਸ ਦੇ ਕੋਲ ਇਕੱਲੀ ਘਰ ਵਾਲੀ ਥਾਂ ਹੀ ਰਹਿ ਗਈ ਏ ਸਾਰੇ ਰਿਸ਼ਤੇਦਾਰ ਤੇ ਸਾਕ- ਸਬੰਧੀ ਇਸ ਤੋਂ ਮੁੱਖ ਮੋੜ ਗਏ ਹਨ ਹੁਣ ਪਿੰਡ ਦੀ ਪੰਚਾਇਤ ਆਪਣੇ ਖਰਚੇ ’ਤੇ ਇੱਕ ਬੀਬੀ ਨੂੰ ਇਸ ਦੀ ਸੇਵਾ-ਸੰਭਾਲ ’ਤੇ ਰੱਖਿਆ ਹੈ ਹੁਣ ਉਹ ਹੀ ਇਸ ਦੀ ਦੇਖ-ਰੇਖ ਕਰਦੀ ਹੈ ਜਦੋਂ ਵੀ ਕੋਈ ਭੁੱਲਿਆ-ਚੁੱਕਿਆ ਉਸ ਦੇ ਕੋਲ ਹਾਲ-ਚਾਲ ਪੁੱਛਣ ਲਈ ਚਲਾ ਜਾਂਦਾ ਹੈ ਤਾਂ ਉਹ ਅੱਗੋਂ ਇਹੋ ਹੀ ਕਹਿੰਦੀ ਹੈ ਕਿ ਮੇਰੀ ਰੱਬ ਅੱਗੇ ਅਰਦਾਸ ਕਰੋ ਕਿ ਮੈਂ ਇਸ ਜੀਵਨ ਤੋਂ ਛੁੱਟ ਜਾਵਾਂ ਪਤਾ ਨਹੀਂ ਮੇਰੇ ਕੋਲੋਂ ਕਿਹੜੀ ਜਿੰਦਗੀ ਵਿੱਚ ਏਡੀ ਵੱਡੀ ਭੁੱਲ ਹੋ ਗਈ ਹੈ ਜਿਸ ਕਰਕੇ ਅੱਜ ਮੈਂ ਆਹ ਵੀ ਦਿਨ ਵੇਖਣੇ ਸੀ।
ਮਮਦੋਟ, ਫਿਰੋਜ਼ਪੁਰ
ਮੋ. 75891-55501
ਸੂਬੇਦਾਰ ਜਸਵਿੰਦਰ ਭੁਲੇਰੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ