ਓਡੀਐਲ ਅਧਿਆਪਕਾਂ ਨੂੰ ਨਹੀਂ ਮਿਲ ਰਿਹਾ ਇਨਸਾਫ਼, ਸ਼ਿਮਲਾ ਜਾ ਕੇ ਖੋਲ੍ਹੀ ਪੰਜਾਬ ਸਰਕਾਰ ਦੀ ਪੋਲ

ਹਰਜੋਤ ਬੈਂਸ ਖ਼ਿਲਾਫ਼ ਗਰਜ਼ੇ ਅਧਿਆਪਕ, ਅਧਿਆਪਕਾਂ ਦਾ ਗੁੱਸਾ ਦੇਖਣ ਲਈ ਤਿਆਰ ਰਹਿਣ ਮੰਤਰੀ

  •  ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼ ਦਾ 6 ਨਵੰਬਰ ਨੂੰ ਹੋਵੇਗਾ ਘਿਰਾਓ : ਅਧਿਆਪਕ

(ਅਸ਼ਵਨੀ ਚਾਵਲਾ) ਸ਼ਿਮਲਾ/ਚੰਡੀਗੜ੍ਹ। ਪੰਜਾਬ ਦੇ ਓ.ਡੀ.ਐਲ. ਅਧਿਆਪਕਾਂ ਤੋਂ ਲੈ ਕੇ 6505 ਅਧਿਆਪਕਾਂ ਦੇ ਭਵਿੱਖ ਸਬੰਧੀ ਫੈਸਲਾ ਕਰਨ ਦੀ ਥਾਂ ’ਤੇ ਅਧਿਆਪਕਾਂ ਨੂੰ ਹੀ ਧਰਨਾ ਦੇਣ ’ਤੇ ਮੰਗਾਂ ਨਹੀਂ ਮੰਨਣ ਦੀ ਧਮਕੀ ਦੇਣ ਵਾਲੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਖ਼ਿਲਾਫ਼ ਸ਼ਿਮਲਾ ਵਿਖੇ ਜੰਮ ਕੇ ਪ੍ਰਦਰਸ਼ਨ ਹੋਇਆ। (ODL Teachers Punjab) ਪੰਜਾਬ ਤੋਂ ਦੋਵੇਂ ਯੂਨੀਅਨ ਦੇ ਸੈਂਕੜੇ ਅਧਿਆਪਕ ਸ਼ਿਮਲਾ ਦੇ ਰਿਜ ਮੈਦਾਨ ਵਿਖੇ ਗਰਜ਼ੇ ਤਾਂ ਹਿਮਾਚਲ ਆਮ ਆਦਮੀ ਪਾਰਟੀ ਦੇ ਹੱਥ ਪੈਰ ਫੁੱਲ ਗਏ। ਮਾਮਲਾ ਸ਼ਿਮਲਾ ਪੁਲਿਸ ਤੱਕ ਪੁੱਜਿਆ ਤਾਂ ਸੈਂਕੜੇ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਥਾਣੇ ਲਿਜਾਇਆ ਗਿਆ ਤਾਂ ਫਿਰ ਕੁਝ ਹੀ ਘੰਟੇ ਵਿੱਚ ਜ਼ਮਾਨਤ ਦਿੰਦੇ ਹੋਏ ਰਿਹਾਅ ਕਰ ਦਿੱਤਾ ਗਿਆ। ਹੁਣ ਇਹ ਅਧਿਆਪਕ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਠੀ ਦੇ ਬਾਹਰ 6 ਨਵੰਬਰ ਨੂੰ ਧਰਨਾ ਪ੍ਰਦਰਸ਼ਨ ਕਰਨਗੇ।

ਪੰਜਾਬ ਦੀਆਂ ਤਿੰਨ ਜਥੇਬੰਦੀਆਂ ਨੇ ਸ਼ਿਮਲਾ ’ਚ ਦਿੱਤਾ ਧਰਨਾ

ਪੰਜਾਬ ਦੀਆਂ ਤਿੰਨ ਪ੍ਰਮੁੱਖ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ, ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਅਗਵਾਈ ਵਿੱਚ ਸ਼ਿਮਲਾ ਵਿਖੇ ਦਿੱਤੇ ਗਏ ਧਰਨੇ ਅਤੇ ਪ੍ਰਦਰਸ਼ਨ ਤੋਂ ਬਾਅਦ ਤਿੰਨੇ ਯੂਨੀਅਨਾਂ ਦੇ ਪ੍ਰਧਾਨ ਕ੍ਰਮਵਾਰ ਵਿਕਰਮ ਦੇਵ ਸਿੰਘ, ਬਲਜਿੰਦਰ ਗਰੇਵਾਲ ਅਤੇ ਕਮਲ ਠਾਕੁਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ ਵਿੱਚ ’ਆਪ’ ਦੇ ਚੋਣ ਇਨਚਾਰਜ ਹਰਜੋਤ ਬੈਂਸ ਵੱਲੋਂ ਪੰਜਾਬ ਵਿੱਚ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਪਹਿਲੀਆਂ ਕਾਂਗਰਸ-ਅਕਾਲੀ-ਬੀ.ਜੇ.ਪੀ. ਸਰਕਾਰਾਂ ਵਾਂਗ ਹੀ ਧਮਕਾਉਣ ਦੀ ਨੀਤੀ ਤੋਂ ਕੰਮ ਲਿਆ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਹੀ ਨਰਮ ਰਹਿਣ ਵਾਲੇ ਅਧਿਆਪਕਾਂ ਦਾ ਗੁੱਸਾ ਵੀ ਸਤਵੇਂ ਆਸਮਾਨ ’ਤੇ ਹੈ। ਉਨਾਂ ਕਿਹਾ ਕਿ ਸਾਡੀ ਮੰਗਾਂ ਨੂੰ ਸੁਣਨ ਦੀ ਥਾਂ ’ਤੇ ਸਿੱਖਿਆ ਮੰਤਰੀ ਧਮਕੀਆਂ ਦੇਣ ’ਤੇ ਉਤਾਰੂ ਹੋਏ ਬੈਠੇ ਹਨ।

ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਸਰਵਿਸ ਨੂੰ ਜਬਰੀ ਖਤਮ ਕੀਤਾ ਗਿਆ

ਉਨਾਂ ਅੱਗੇ ਦੱਸਿਆ ਗਿਆ ਕਿ ਪੰਜਾਬ ਦੇ ਸਿੱਖਿਆ ਵਿਭਾਗ ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਏ 180 ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ, ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਦੋ ਸਾਲਾਂ ਦਾ ਪਰਖ ਸਮਾਂ ਸਫ਼ਲਤਾ ਨਾਲ ਪਾਰ ਕਰ ਚੁੱਕੇ ਹੋਣ ਦੇ ਬਾਵਜੂਦ ਮਈ 2021 ਵਿੱਚ ਨਿਯਮਾਂ ਤੋਂ ਉਲਟ ਨਵੇਂ ਨਿਯੁਕਤ ਪੱਤਰ ਜਾਰੀ ਕਰਕੇ ਨਵੇਂ ਸਿਰੇ ਤੋਂ ਪਰਖ ਸਮਾਂ ਅਤੇ ਤਨਖਾਹ ਘਟਾ ਕੇ ਨਵੇਂ ਤਨਖਾਹ ਸਕੇਲ ਲਾਗੂ ਕਰ ਦਿੱਤੇ ਗਏ ਹਨ।

ਇਸੇ ਤਰਾਂ ਅਧਿਆਪਕਾਂ ਦੀਆਂ 7654, 3442 ਅਤੇ 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕ ਤਿੰਨ ਸਾਲ ਦੀ ਠੇਕਾ ਅਧਾਰਿਤ ਨੌਕਰੀ ਪੂਰੀ ਹੋਣ ਉਪਰੰਤ ਇਸ਼ਤਿਹਾਰ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਤਹਿਤ ਰੈਗੂਲਰ ਹੋ ਚੁੱਕੇ ਹਨ, ਪਰੰਤੂ 125 ਦੇ ਕਰੀਬ ਓਪਨ ਡਿਸਟੈਂਸ ਲਰਨਿੰਗ ਵਾਲੇ ਅਧਿਆਪਕਾਂ ਨਾਲ ਪੱਖਪਾਤ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਦੇ ਹਵਾਲੇ ਨਾਲ ਰੈਗੂਲਰ ਨਹੀਂ ਕੀਤਾ ਗਿਆ। ਜਦੋਂ ਕਿ ਇਨਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਕਈ ਭਰਤੀਆਂ ਦੇ ਹਜ਼ਾਰਾਂ ਓ.ਡੀ.ਅੇੈੱਲ. ਅਧਿਆਪਕ ਰੈਗੂਲਰ ਅਤੇ ਪਰਮੋਟ ਵੀ ਕੀਤੇ ਗਏ ਹਨ।

ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ’ਤੇ ਖਰਚੇ ਜਾ ਰਹੇ ਹਨ ਕਰੋੜਾਂ ਰੁਪਏ

ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਗੁਜਰਾਤ, ਹਿਮਾਚਲ ਅਤੇ ਹੋਰਨਾਂ ਰਾਜਾਂ ਵਿੱਚ ਕਰੋੜਾਂ ਰੁਪਏ ਦੀ ਫੋਕੀ ਇਸ਼ਤਿਹਾਰਬਾਜ਼ੀ ਰਾਹੀਂ, ਪਹਿਲਾਂ ਤੋਂ ਹੀ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬੇ ਹੋਏ ਪੰਜਾਬ ਦੇ ਖਜਾਨੇ ਨੂੰ ਹੋਰ ਰਗੜੇ ਲਗਾਏ ਜਾ ਰਹੇ ਹਨ। ਸਿੱਖਿਆ ਦੇ ਖੇਤਰ ਨੂੰ ਪ੍ਰਮੁਖਤਾ ਦੱਸਣ ਵਾਲੇ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਸਟਾਫ ਦੀਆਂ 25000 ਤੋਂ ਵਧੇਰੇ ਅਸਾਮੀਆਂ ਅਤੇ ਸਿੱਖਿਆ ਅਧਿਕਾਰੀਆਂ ਦੀਆਂ ਵੀ 40 ਫੀਸਦੀ ਪੋਸਟਾਂ ਖਾਲੀ ਹਨ। ਇਸ ਤੋਂ ਇਲਾਵਾ ‘ਆਪ‘ ਸਰਕਾਰ ਵਲੋਂ ਨਿੱਜੀਕਰਨ ਅਤੇ ਕੇਂਦਰੀਕਰਨ ਪੱਖੀ ਨਵੀਂ ਸਿੱਖਿਆ ਨੀਤੀ-2020 ਤਹਿਤ ਸਿੱਖਿਆ ਦੇ ਨਿਜੀਕਰਨ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਗੁਰਪਿਆਰ ਕੋਟਲੀ, ਕੁਲਵਿੰਦਰ ਜੋਸ਼ਨ, ਹਰਦੀਪ ਟੋਡਰਪੁਰ, ਲਖਵਿੰਦਰ ਸਿੰਘ, ਪਰਮਿੰਦਰ ਮਾਨਸਾ, ਮਨਜੀਤ ਬਾਬਾ, ਸੋਹਣ ਸਿੰਘ, ਰਾਕੇਸ ਕੁਮਾਰ, ਜਸਵਿੰਦਰ ਸਿੰਘ, ਅਮਨ ਬਰਨਾਲਾ, ਸੰਦੀਪ ਮੋਗਾ, ਪਰਮਜੀਤ ਸਿੰਘ, ਜਤਿੰਦਰ ਸਿੰਘ , ਅਮਨਦੀਪ ਕੌਰ, ਪ੍ਰਭਜੋਤ ਸਿੰਘ, ਮੋਹਨ ਸਿੰਘ ਅਤੇ ਪਰਮਜੀਤ ਕੌਰ ਆਦਿ ਵੀ ਸ਼ਾਮਿਲ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ