ਸੁਰੱਖਿਆ ਬਲਾਂ ਦੀ ਤਾਇਨਾਤੀ ਨਾਲ ਅਕਾਲੀਆਂ ਨੂੰ ਨਹੀਂ ਮਿਲੇਗਾ ਆਪਣੀ ਹਾਰ ਹੋਣ ‘ਤੇ ਝੂਠੀ ਬਹਾਨੇਬਾਜ਼ੀ ਦਾ ਮੌਕਾ : ਅਮਰਿੰਦਰ ਸਿੰਘ | Amarinder Singh
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਜ਼ਿਮਨੀ ਚੋਣ ਲਈ ਨੀਮ ਫੌਜੀ ਬਲਾਂ ਦੀ ਤਾਇਨਾਤੀ ਦੇ ਸੁਝਾਅ ਦਾ ਸਵਾਗਤ ਕਰਦਿਆਂ ਆਖਿਆ ਕਿ ਇਸ ਨਾਲ ਵਿਰੋਧੀ ਧਿਰਾਂ ਖਾਸ ਕਰਕੇ ਅਕਾਲੀਆਂ ਨੂੰ ਚੋਣ ਵਿੱਚ ਆਪਣੀ ਸਪੱਸ਼ਟ ਹਾਰ ਹੋਣ ਦੇ ਮੱਦੇਨਜ਼ਰ ਸੂਬਾ ਸਰਕਾਰ ਦੀ ਦਖਲਅੰਦਾਜ਼ੀ ਦੇ ਦੋਸ਼ ਲਾਉਣ ਦਾ ਮੌਕਾ ਵੀ ਹਾਸਲ ਨਹੀਂ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸ਼ੋਮਣੀ ਅਕਾਲੀ ਦਲ ਦੀ ਮੰਗ ਮੁਤਾਬਕ ਜ਼ਿਮਨੀ ਚੋਣ ਦੌਰਾਨ ਅਮਨ-ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਨੀਮ ਫੌਜੀ ਬਲ ਤਾਇਨਾਤ ਕਰਨ ਬਾਰੇ ਉਨ੍ਹਾਂ ਨੂੰ ਚੋਣ ਕਮਿਸ਼ਨ ‘ਤੇ ਕੋਈ ਇਤਰਾਜ਼ ਨਹੀਂ ਹੈ। (Amarinder Singh)
ਮੁੱਖ ਮੰਤਰੀ ਨੇ ਆਖਿਆ ਕਿ ਉਹ ਅਜਿਹੇ ਕਿਸੇ ਵੀ ਕਦਮ ਦਾ ਸਵਾਗਤ ਕਰਦੇ ਹਨ ਕਿਉਂਕਿ ਇਸ ਨਾਲ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਅਕਾਲੀਆਂ ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਮਨਘੜਤ ਦੋਸ਼ ਲਾਉਣ ਦਾ ਮੌਕਾ ਨਹੀਂ ਮਿਲੇਗਾ ਅਤੇ ਅਕਾਲੀਆਂ ਦੀ ਇਸ ਚੋਣ ਵਿੱਚ ਨਮੋਸ਼ੀ ਭਰੀ ਹਾਰ ਹੋਣੀ ਹੈ। ਮੁੱਖ ਮੰਤਰੀ (Amarinder Singh) ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਹਿਤਪੁਰ ਦੇ ਐਸ.ਐਚ.ਓ ਦੇ ਹੱਕ ਵਿੱਚ ਡਟਿਆ ਹੋਇਆ ਹੈ ਜਦਕਿ ਹੁਣ ਚੋਣ ਕਮਿਸ਼ਨ ਨੇ ਹੀ ਇਸੇ ਐਸ.ਐਚ.ਓ ਨੂੰ ਡਿਊਟੀ ਲਈ ਅਯੋਗ ਪਾਇਆ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਚੋਣ ਤੋਂ ਪਹਿਲਾਂ ਕਾਂਗਰਸ ਲੀਡਰਸ਼ਿਪ ਅਤੇ ਸਰਕਾਰ ਦੇ ਅਕਸ ਨੂੰ ਢਾਹ ਲਾਉਣਾ ਅਕਾਲੀਆਂ ਦੀ ਮੁਹਿੰਮ ਦਾ ਹਿੱਸਾ ਸੀ ਜਦਕਿ ਇਹ ਚੋਣ ਵੀ ਪੰਜਾਬ ਦੇ ਸਿਆਸੀ ਸਫਰ ਵਿੱਚ ਅਕਾਲੀਆਂ ਦੇ ਭਵਿੱਖ ਨੂੰ ਧੁੰਦਲਾ ਕਰ ਦੇਵੇਗੀ।