ਰੈਗੂਲਰ ਕਰਨ ਦੇ ਕੀਤੇ ਗਏ ਲਿਖਤੀ ਵਾਅਦੇ ਨੂੰ ਪੂਰਾ ਕੀਤਾ ਜਾਵੇ
ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਕੰਮ ਛੱਡ ਕੇ ਆਵਾਂਗੇ ਬਾਹਰ
ਪਟਿਆਲਾ, ਖੁਸ਼ਵੀਰ ਸਿੰਘ ਤੂਰ। ਨਰਸਿੰਗ, ਐਨਸਿਲਰੀ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਅੱਗੇ ਦੋ ਘੰਟੇ ਰੋਸ਼ ਰੈਲੀ ਕਰਕੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਨ ਦਾ ਨਾਅਰਾ ਮਾਰਿਆ ਗਿਆ। ਇਸ ਮੌਕੇ ਐਕਸ਼ਨ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਕੌਰ ਨੇ ਬੋਲਦੇ ਕਿਹਾ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ 2 ਮਾਰਚ 2019 ਨੂੰ ਲਿਖਤੀ ਰੂਪ ਵਿੱਚ ਦਿੱਤਾ ਸੀ ਕਿ ਅਨਸੈਲਰੀ, ਪੈਰਾ-ਮੈਡੀਕਲ ਅਤੇ ਨਰਸਿੰਗ ਸਟਾਫ ਦੀਆਂ ਸੇਵਾਵਾਂ 7 ਮਾਰਚ 2019 ਨੂੰ ਰੈਗੂਲਰ ਕਰ ਦਿੱਤਾ ਜਾਣਗੀਆਂ, ਪਰ ਇਸ ਲਿਖਤੀ ਵਾਅਦੇ ਅਨੁਸਾਰ ਵੀ ਅਜੇ ਤੱਕ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਗਈਆਂ।
ਫੌਜੀ ਬੈਂਡ ਤੇ ਫੁੱਲਾਂ ਦੀ ਵਰਖਾ ਦੀ ਕੋਈ ਲੋੜ ਨਹੀਂ
ਪੰਜਾਬ ਸਰਕਾਰ ਹੈਲਥ ਮੁਲਾਜ਼ਮਾਂ ਨੂੰ ਫਰੰਟਲਾਈਨ ‘ਤੇ ਰੱਖ ਕੇ ਸਨਮਾਨ ਕਰ ਰਹੀ ਹੈ। ਸਰਕਾਰ ਪੈਰਾ ਮੈਡੀਕਲ ਅਤੇ ਨਰਸਿੰਗ ਦੀਆਂ ਸੇਵਾਵਾਂ ਰੈਗੂਲਰ ਕਰਕੇ ਸਨਮਾਨ ਕਰੇ। ਫੌਜੀ ਬੈਂਡ ਅਤੇ ਫੁੱਲਾਂ ਦੀ ਵਰਖਾ ਨਾਲ ਸਨਮਾਨ ਦੀ ਕੋਈ ਲੋੜ ਨਹੀਂ। ਇਸ ਸਮੇਂ ਯੂਨੀਅਨ ਦੇ ਆਗੂ ਰਾਜੇਸ਼ ਕੁਮਾਰ ਨੇ ਕਿਹਾ ਕਿ ਪ੍ਰਨੀਤ ਕੌਰ ਨੇ ਵੋਟਾਂ ਤੋਂ ਪਹਿਲਾਂ ਸਾਡੇ ਧਰਨੇ ਵਿੱਚ ਆ ਕੇ ਲਿਖਤੀ ਤੌਰ ‘ਤੇ ਦਿੱਤਾ ਸੀ ਕਿ ਸਾਡੀ ਸਰਕਾਰ ਆਉਂਦੇ ਤੁਹਾਡੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ। ਕਾਂਗਰਸ ਸਰਕਾਰ ਬਣੀ ਨੂੰ ਚਾਰ ਸਾਲ ਦਾ ਸਮਾਂ ਹੋਣ ਵਾਲਾ ਹੈ ।
ਉਨ੍ਹਾਂ ਕਿਹਾ ਕਿ ਸਰਕਾਰ ਨੇ 2019 ਵਿੱਚ ਰੈਗੂਲਰ ਕੀਤੀਆਂ ਸਟਾਫ ਨਰਸਾਂ ਦਾ ਪਰਖਕਾਲ ਸਮਾਂ ਦੋ ਸਾਲ ਰੱਖਿਆ ਸੀ ਉਹਨਾਂ ਦਾ ਪਰਖਕਾਲ ਸਮਾਂ ਖਤਮ ਕੀਤਾ ਜਾਵੇ । ਅੱਜ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਨਾਲ ਹੋਈ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਨੇ ਮੰਤਰੀ ਸਾਹਿਬ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ ।
ਨਿਗੂਣੀ ਤਨਖਾਹ ਦੇ ਕੇ ਸਾਡਾ ਸ਼ੋਸ਼ਣ ਕਰ ਰਹੀ ਹੈ ਸਰਕਾਰ
ਇਸ ਸਮੇਂ ਕਰਮਜੀਤ ਕੌਰ ਔਲਖ ਨੇ ਕਿਹਾ ਕਿ ਜੇਕਰ ਸਾਡੀਆਂ ਸੇਵਾਵਾਂ ਰੈਗੂਲਰ ਨਾ ਕੀਤੀਆਂ ਗਈਆਂ ਅਤੇ ਪਰਖ ਕਾਲ ਸਮਾਂ ਨਾ ਘਟਾਇਆ ਗਿਆ ਤਾਂ ਅਸੀਂ ਦੋ ਘੰਟੇ ਦੀ ਰੋਸ ਰੈਲੀ ਜਾਰੀ ਰੱਖਾਂਗੇ । ਜੇਕਰ ਸਰਕਾਰ ਨੇ ਸਾਡੀ ਨਾ ਮੰਨੀ ਤਾਂ ਅਸੀਂ ਕੰਮ ਛੱਡ ਕੇ ਬਾਹਰ ਆਵਾਂਗੇ ਜੋ ਕਰਮਚਾਰੀ ਕੋਰੋਨਾ ਵਾਰਡ ਵਿਚ ਡਿਊਟੀ ਕਰ ਰਹੇ ਹਨ ਉਹ ਆਪਣੀ ਡਿਊਟੀ ‘ਤੇ ਹੀ ਰਹਿਣਗੇ ਉਹ ਰੋਸ ਰੈਲੀ ਵਿੱਚ ਨਹੀਂ ਆਉਣਗੇ । ਅਸੀਂ ਮਰੀਜ਼ਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਸਾਨੂੰ ਬਹੁਤ ਨਿਗੂਣੀ ਤਨਖਾਹ ਦੇ ਕੇ ਸਾਡਾ ਸ਼ੋਸ਼ਣ ਕਰ ਰਹੀ ਹੈ। ਇਸ ਲਈ ਮਜਬੂਰ ਹੋ ਕੇ ਸੜਕਾਂ ‘ਤੇ ਰੁਲਣਾ ਪੈ ਰਿਹਾ ਹੈ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।