ਦੁਲਹਨ ਆਸਟਰੇਲੀਆ ਦੇ ਰਹਿਣ ਵਾਲੀ
(ਰਘਬੀਰ ਸਿੰਘ) ਲੁਧਿਆਣਾ। ਏਥੋਂ ਦੇ ਇੱਕ ਹੌਜਰੀ ਕਾਰੋਬਾਰੀ ਨਾਲ ਇੱਕ ਐਨ ਆਰ ਆਈ ਦੁਲਹਨ ਵੱਲੋਂ ਲੱਖਾਂ ਦਾ ਚੂਨਾ ਲਾ ਕੇ ਫਰਾਰ ਹੋਣ ਦਾ ਸਮਾਚਾਰ ਹੈ। ਦੁਲਹਨ ਆਸਟਰੇਲੀਆ ਦੇ ਰਹਿਣ ਵਾਲੀ ਦੱਸੀ ਜਾ ਰਹੀ ਹੈ। ਆਪਣੇ ਕੁਝ ਫਰਜੀ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਨੇ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ ਤੇ ਖੁਦ ਰਫੂਚੱਕਰ ਹੋ ਗਈ। ਥਾਣਾ ਦਰੇਸੀ ਦੀ ਪੁਲਿਸ ਨੇ ਕਾਰੋਬਾਰੀ ਦੀ ਸਿਕਾਇਤ ’ਤੇ ਗੁਰਾਇਆ ਦੇ ਰੁੜਕਾ ਰੋਡ ਦੀ ਰਹਿਣ ਵਾਲੀ ਨਿਧੀ, ਜਲੰਧਰ ਦੇ ਪਿੰਡ ਬੋਪਾਰਾਏ ਦੇ ਵਾਸੀ ਪਰਮਜੀਤ ਸਿੰਘ ਅਤੇ ਗੁਰਾਇਆਂ ਦੇ ਪੱਕਾ ਦਰਵਾਜ਼ਾ ਪਿੰਡ ਪੱਤੀ ਦੇ ਵਾਸੀ ਸਤਵਿੰਦਰ ਸਿੰਘ ਦੇ ਖ਼ਿਲਾਫ਼ ਧੋਖਾਧੜੀ ਅਤੇ ਹੋਰ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕਰ ਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਦੇ ਕਾਰਾਬਾਰਾ ਰੋਡ ਨਾਨਕ ਨਗਰ ਗਲੀ ਨੰਬਰ 3 ਦੇ ਰਹਿਣ ਵਾਲੇ ਹੌਜ਼ਰੀ ਕਾਰੋਬਾਰੀ ਵਿੱਕੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਵਿਚੋਲੇ ਦੇ ਜ਼ਰੀਏ 27 ਫਰਵਰੀ ਨੂੰ ਉਸ ਦਾ ਰਿਸ਼ਤਾ ਨਿਧੀ ਨਾਲ ਹੋਇਆ ਸੀ। ਵਿਚੋਲਾ ਪਰਮਜੀਤ ਸਿੰਘ ਖੁਦ ਨੂੰ ਨਿਧੀ ਦਾ ਮਾਮਾ ਅਤੇ ਸਤਵਿੰਦਰ ਆਪਣੇ ਆਪ ਨੂੰ ਭਰਾ ਦੱਸ ਰਿਹਾ ਸੀ। ਰੋਕੇ ਦੇ ਦੌਰਾਨ ਨਿਧੀ ਨੇ ਇਹ ਆਖਿਆ ਕਿ ਉਹ ਆਸਟ੍ਰੇਲੀਆ ਦੀ ਪੱਕੀ ਵਸਨੀਕ ਹੈ ਅਤੇ ਵਿਆਹ ਤੋਂ ਬਾਅਦ ਵਿੱਕੀ ਨੂੰ ਆਪਣੇ ਨਾਲ ਆਸਟ੍ਰੇਲੀਆ ਲੈ ਜਾਵੇਗੀ। ਉਸ ਨੇ ਇਹ ਵੀ ਆਖਿਆ ਕਿ ਵਿੱਕੀ ਦੇ ਨਾਲ ਨਾਲ ਉਹ ਪੂਰੇ ਪਰਿਵਾਰਕ ਮੈਂਬਰਾਂ ਨੂੰ ਵੀ ਆਸਟ੍ਰੇਲੀਆ ਲਿਜਾਣ ਦੀ ਕੋਸ਼ਿਸ਼ ਕਰੇਗੀ।
ਆਸਟ੍ਰੇਲੀਆ ਦੇ ਦਸਤਾਵੇਜ਼ ਤਿਆਰ ਕਰਵਾਉਣ ਦੇ ਬਹਾਨੇ 5 ਲੱਖ ਤੋਂ ਵੱਧ ਰੁਪਏ ਲੈ ਕੇ ਫਰਾਰ
ਆਸਟ੍ਰੇਲੀਆ ਦੇ ਦਸਤਾਵੇਜ਼ ਤਿਆਰ ਕਰਵਾਉਣ ਦੇ ਨਾਂਅ ’ਤੇ ਨਿਧੀ ਨੇ ਵਿੱਕੀ ਕੋਲੋਂ 5 ਲੱਖ 70 ਹਜ਼ਾਰ ਰੁਪਏ ਹਾਸਲ ਕਰ ਲਏ। ਵਿੱਕੀ ਨੇ ਇਹ ਰਕਮ ਸਤਵਿੰਦਰ ਸਿੰਘ ਦੇ ਖਾਤੇ ਵਿੱਚ ਪਾਈ ਸੀ। ਕੁਝ ਦਿਨਾਂ ਬਾਅਦ ਵਿੱਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਨਿਧੀ ਤੇ ਉਸ ਦੇ ਸਾਥੀ ਉਨ੍ਹਾਂ ਦੀ ਰਕਮ ਲੈ ਕੇ ਰਫੂਚੱਕਰ ਹੋ ਗਏ ਹਨ। ਪੈਸੇ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਵਿੱਕੀ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। 8 ਮਾਰਚ ਨੂੰ ਇਸ ਸਬੰਧੀ ਵਿੱਕੀ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਚਾਰ ਮਹੀਨਿਆਂ ਤਕ ਚੱਲੀ ਪੜਤਾਲ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਖਿਲਾਫ ਐੱਫ ਆਈਆਰਦਰਜ ਕਰ ਲਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ।
ਵਿੱਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਜ਼ਰੀਏ ਜਦੋਂ ਸਾਰੇ ਮਾਮਲੇ ਦੀ ਤਫਤੀਸ਼ ਕਰਨੀ ਸੁਰੂ ਕੀਤੀ ਤਾਂ ਅਜਿਹੇ ਹੀ ਕੁਝ ਹੋਰ ਮਾਮਲਿਆਂ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਸੂਤਰਾਂ ਮੁਤਾਬਕ ਇਹ ਗਿਰੋਹ ਫਰੀਦਕੋਟ ਦੇ ਰਹਿਣ ਵਾਲੇ ਦੋ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ। ਮੁਲਜ਼ਮਾਂ ਨੇ ਫ਼ਰੀਦਕੋਟ ਇਲਾਕੇ ਵਿੱਚ 13 ਅਤੇ 2 ਲੱਖ 70 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਿਧੀ ਦੇ ਪਹਿਲੋਂ ਵੀ ਦੋ ਵਿਆਹ ਹੋ ਚੁੱਕੇ ਹਨ ਅਤੇ ਉਸ ਦੇ ਬੱਚੇ ਵੀ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਨਿਧੀ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਵੀ ਕੀਤਾ ਜਾ ਚੁੱਕਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ