ਅੱਜ-ਕੱਲ੍ਹ
ਧਰਮਾਂ ਦੇ ਨਾਂਅ ’ਤੇ ਨਿੱਤ ਝਗੜੇ ਕਰਾਵੇ,
ਕੀ ਚਾਹੁੰਦੀ ਹੈ ਪਤਾ ਨਹੀਂ ਸਰਕਾਰ ਅੱਜ-ਕੱਲ੍ਹ
ਮੇਰੇ ਦੇਸ਼ ਨੂੰ ਨਜ਼ਰਾਂ ਲੱਗ ਗਈਆਂ ਨੇ,
ਨਿੱਤ ਸੁਣਦੇ ਆਂ ਬੁਰੇ ਸਮਾਚਾਰ ਅੱਜ-ਕੱਲ੍ਹ
ਮੁੰਡਿਆਂ ਛੱਡ’ਤੇ ਪਜਾਮੇ ਚਾਦਰੇ ਨੇ,
ਸਿਰ ’ਤੇ ਲੈਂਦੀ ਨਾ ਚੁੰਨੀ ਮੁਟਿਆਰ ਅੱਜ-ਕੱਲ੍ਹ
ਵਲੈਤੀ ਬਾਣਿਆਂ ਨੂੰ ਭੱਜੇ ਦੱਸ ਕਿਓਂ ਫਿਰਦੇ,
ਕੇਹੇ ਅਪਣਾ ਲਏ ਪੰਜਾਬੀਆਂ ਵਿਚਾਰ ਅੱਜ-ਕੱਲ੍ਹ
ਮੁੰਡੇ ਚਾਚੇ ਦੇ ਨਾਲ ਧੀ ਤੋਰੀ ਤਾਏ ਦੀ,
ਕੰਟਰੈਕਟ ਮੈਰਜਾਂ ਕਰਾ ਕੇ ਚੱਲੇ ਬਾਹਰ ਅੱਜ-ਕੱਲ੍ਹ
ਪੰਜਾਬ ਛੱਡ ਕੇ ਜਾਣ ਲਈ ਕੀ-ਕੀ ਕਰਦੇ,
ਹੋਗੇ ਰਿਸ਼ਤਿਆਂ ਦੇ ਵੀ ਨੇ ਵਪਾਰ ਅੱਜ-ਕੱਲ੍ਹ
ਰੋਕਾ-ਟੋਕੀ ਨਾ ਕਰੋ ਸਾਨੂੰ ਕਿਸੇ ਗੱਲ ਦੀ,
ਖੋਹ ਲਏ ਮਾਪਿਆਂ ਤੋਂ ਬੱਚਿਆਂ ਅਧਿਕਾਰ ਅੱਜ-ਕੱਲ੍ਹ
ਦਿਓ ਚਾਬੀ ਬੁਲਟ ਦੀ, ਨੀ ਮੈਂ ਕੁਝ ਖਾ ਮਰਜੂੰ,
ਬੱਚੇ ਹੋ ਗਏ ਨੇ ਖੁਦਮੁਖਤਿਆਰ ਅੱਜ-ਕੱਲ੍ਹ
ਬਾਪੂ ਦਾ ਇੱਕ ਕੁੜਤਾ ਉਹ ਵੀ ਟਾਕੀਆਂ ਦਾ,
ਪੁੱਤ ਬ੍ਰਾਂਡਿਡ ਸ਼ਰਟਾਂ ਲਈਆਂ ਚਾਰ-ਚਾਰ ਅੱਜ-ਕੱਲ੍ਹ
ਸ਼ਰਮ ਆਵੇ ਪਾਟੇ ਕੱਪੜੇ ਇਹ ਚੇਂਜ ਕਰਲੋ,
ਪੰਜਾਬੀ ਬੋਲਦੇ ਮਾਪਿਆਂ ਨੂੰ ਦੱਸਦੇ ਗਵਾਰ ਅੱਜ-ਕੱਲ੍ਹ
ਇਹ ਕੈਸਾ ਮਾਤਮ ਛਾਇਆ ਮੇਰੇ ਡਾਢਿਆ,
ਹਰ ਕੋਨੇ ’ਚ ਹੈ ਮੱਚੀ ਹਾਹਾਕਾਰ ਅੱਜ-ਕੱਲ੍ਹ
ਭਾਈ-ਭਾਈ ਦਾ ਬਣਿਆ, ਪੁੱਤ-ਪਿਓ ਵੈਰੀ,
ਦਿਲੀਂ ਨਫਰਤ ਵਧਦੀ ਜਾਏ ਲਗਾਤਾਰ ਅੱਜ-ਕੱਲ੍ਹ
ਹਰਪ੍ਰੀਤ ਕੌਰ ਭਾਨਰਾ
ਮੋ.?98763-76232
ਪੰਜਾਬੀ
ਅਸੀਂ ਪੰਜਾਬੀ ਕਿਰਤੀ ਹੋਈਏ,
ਸਾਦੇ ਰਹਿਣੇ ਬਹਿਣੇ ਹੂ
ਛੰਦ, ਸਿੱਠਣੀਆਂ, ਮਾਹੀਏ, ਢੋਲੇ,
ਇਹ ਅਸਾਡੇ ਗਹਿਣੇ ਹੂ
ਸੁਹਾਗ, ਘੋੜੀਆਂ, ਦੋਹੇ, ਟੱਪੇ,
ਰਲ-ਮਿਲ ਕੇ ਗਾ ਲੈਣੇ ਹੂ
ਜਾਗੋ, ਜੁਗਨੀ, ਵਾਰਾਂ ਗਾਵਣ,
ਕੀ ਉਨ੍ਹਾਂ ਦੇ ਕਹਿਣੇ ਹੂ
ਲੋਕ ਬੋਲੀਆਂ ਨਾਲ ਯੁਗਾਂ ਤੱਕ,
ਗਿੱਧੇ ਭੰਗੜੇ ਪੈਣੇ ਹੂ
ਬੁੱਲ੍ਹਾ, ਬਾਹੂ, ਵਾਰਸ਼, ਫੌਜੀਆ,
ਦਿਲ ਵਿੱਚ ਵੱਸਦੇ ਰਹਿਣੇ ਹੂ
ਔਰਤ ਦਾ ਸਤਿਕਾਰ ਕਰੇਂਦੇ,
ਮੰਨ ਵੱਡਿਆਂ ਦੇ ਕਹਿਣੇ ਹੂ
ਕਾਮ ਕ੍ਰੋਧ ਹੰਕਾਰ ਨਾ ਸਾਨੂੰ,
ਤਿੰਨੇ ਰੋਗ ਕਲਹਿਣੇ ਹੂ।
ਅਮਰਜੀਤ ਸਿੰਘ ਫੌਜੀ,
ਦੀਨਾ ਸਾਹਿਬ, ਮੋਗਾ
ਮੋ. 95011-27033
ਕਿਰਤ ਦਾ ਮੁੱਲ
ਦੱਸ! ਕਿਰਤੀਆ ਕਿਰਤ ਤੇਰੀ ਦਾ
ਕਦੋਂ ਪਊਗਾ ਮੁੱਲ
ਸਾਰੀ ਅਉਧ ਹੰਢਾ ਬੈਠਾ ਏਂ
ਤੂੰ ਪਸ਼ੂਆਂ ਦੇ ਤੁੱਲ।
ਮੱਥੇ ਦੇ ਵਿਚ ਦੀਪ ਜਗਾ ਕੇ
ਸੋਚ ਨੂੰ ਕਰਲੈ ਰੌਸ਼ਨ
ਦੁਨੀਆ ਉੱਤੇ ਸੋਚ ਤੇਰੀ ਦਾ
ਪਰਚਮ ਜਾਊ ਝੁੱਲ।
ਮੱਥਿਆਂ ਦੇ ਵਿਚ ਸੂਰਜ ਲੈ ਕੇ
ਤੁਰ ਪਓ ਹੋ ਇਕੱਠੇ
ਕੱਲ੍ਹ-ਮਕੱਲੇ ਰਾਹਾਂ ਦੇ ਵਿਚ
ਰਾਹੀ ਜਾਂਦੇ ਰੁਲ।
ਕਿਰਤ ਤੇਰੀ ਜੋ ਲੁੱਟੀ ਜਾਂਦੇ
ਹਾਕਮ ਚੋਰ ਲੁਟੇਰੇ
ਆ ਇਨ੍ਹਾਂ ਦਾ ਬਣ ਕੇ ਝੱਖੜ
ਕਰੀਏ ਦੀਵਾ ਗੁੱਲ।
ਊਚ-ਨੀਚ ਦੇ ਬੰਧਨਾਂ ਵਾਲੀ
ਢਾਹ ਦੇ ਕੰਧ ਉਚੇਰੀ
ਜਾਤ-ਪਾਤ ਦੀਆਂ ਥੋਹਰਾਂ ਪੁੱਟ ਕੇ
ਬੀਜ ਏਕੇ ਦੇ ਫੁੱਲ।
ਚਰਨਜੀਤ ਸਮਾਲਸਰ
ਮੋ. 98144-00878
ਅਸੀਂ ਰੁੱਖ ਬੋਲਦੇ ਹਾਂ
ਸੁਣਿਓ ਗੌਰ ਨਾਲ ਅਸੀਂ ਰੁੱਖ ਬੋਲਦੇ ਹਾਂ,
ਹਰ ਵੇਲੇ ਥੋਡੇ ਲਈ ਅਸੀਂ ਸੁੱਖ ਟੋਲਦੇ ਹਾਂ,
ਗਲ ਲੱਗ ਕੇ ਦੇਖਿਓ ਦੁੱਖ-ਸੁੱਖ ਫੋਲਦੇ ਹਾਂ ।
ਸੁਣਨਾ ਧਿਆਨ ਨਾਲ ਗੱਲ ਸਾਡੀ ਵੇ ਲੋਕੋ,
ਜੇ ਵੱਢੋਗੇ ਬਚਣੀ ਨੀ ਨਸਲ ਤੁਹਾਡੀ ਵੇ ਲੋਕੋ ।
ਹੁਣ ਤਾਂ ਤੱਕਦੈਂ ਸਾਨੂੰ ਘੂਰ-ਘੂਰ ਵੇ ਤੂੰ,
ਦੇਖੀਂ ਛਿੜਦੀ ਸਾਡੀ ਗੱਲ ਦੂਰ-ਦੂਰ ਵੇ ਤੂੰ,
ਸੋਚ ਵਿਚਾਰੀਂ ’ਕੱਲਾ ਬਹਿ ਜਰੂਰ ਵੇ ਤੂੰ ।
ਕੀ ਕਰੋਗੇ ਜੇਕਰ ਪੱਲੇ ਕੁੱਛ ਰਿਹਾ ਨਾ ਵੇ,
ਲੱਭੋਗੇ ਆਕਸੀਜਨ ਕੋਈ ਰੁੱਖ ਰਿਹਾ ਨਾ ਜੇ ।
ਬੂਟੇ ਨਵੇਂ ਕੀ ਲਾਉਣੇ ਜਾਵੋ ਧੜਾ-ਧੜ ਪੁੱਟੀ ਵੇ,
ਗਲਾ ਆਉਣ ਵਾਲੀਆਂ ਨਸਲਾਂ ਦਾ ਜਾਵੋ ਘੁੱਟੀ ਵੇ,
ਪਤਾ ਲੱਗੂ ਓਦੋਂ ਥੋਨੂੰ ਜਦ ਡੋਰ ਸਾਹਾਂ ਦੀ ਟੁੱਟੀ ਵੇ ।
ਖੁਸ਼ ਹੋਵੋ ਕਰ ਧਰਤ ਪੱਧਰੀ ਪੱਟ-ਪੱਟ ਕੇ ਰੁੱਖਾਂ ਨੂੰ,
ਸਮਝੋ ਨਾ ਤੁਸੀਂ ਛੇੜੀ ਜਾਂਦੇ ਕਜੀਏ ਧੀਆਂ ਪੁੱਤਾਂ ਨੂੰ ।
ਮੱਚਦੀ ਨਾ ਹਾਹਾਕਾਰ ਜੇ ਕਦਰ ਕਰੇਂਦੇ ਸਾਡੀ ਓਏ,
ਸੁਖੀ ਵਸੇਂਦੇ ਮਾਰ ਨਾ ਝੱਲਣੀ ਪੈਂਦੀ ਡਾਹਢੀ ਓਏ,
‘ਬਲਜੀਤ’ ਦੁੱਧ ਭਾਲਦੇ ਪੂਰਾ ਪਾਲ ਕੇ ਢਾਂਡੀ ਓਏ ।
ਕਿੱਥੋਂ ਲੱਭੀਏ ਸ਼ੁੱਧ ਹਵਾਵਾਂ ਹਰ ਕੋਈ ਵਿਲਕੇ ਜੀ,
ਰੁੱਖਾਂ ਦੀ ਅਰਜੋਈ ਲਾਓ ਤੇ ਬਚਾਓ ਮਿਲ ਕੇ ਜੀ ।
ਬਲਜੀਤ ਸਿੰਘ ਅਕਲੀਆ,
ਸ. ਹਾ. ਸ. ਕੁਤਬਾ (ਬਰਨਾਲਾ)।
ਮੋ. 98721-21002