ਹੁਣ ਤੁਸੀਂ ਵੀ 2000 ਰੁਪਏ ਲੈਣ ਦੇ ਬਣ ਸਕਦੇ ਹੋ ਹੱਕਦਾਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਐਲਾਨ

2000 Rupees

ਭਗਵੰਤ ਮਾਨ ਸਰਕਾਰ ਦਾ ਜਨਤਾ ਲਈ ਇੱਕ ਹੋਰ ਵੱਡਾ ਕਦਮ

ਚੰਡੀਗੜ੍ਹ। ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਤੇ ਚੋਣਾਂ ਮਾਮਲੇ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਰਾਹੀਂ ਸੂਬੇ ਵਿੱਚ ਸਿਹਤ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਹੈ ਅਤੇ ਹੁਣ ਸਬ-ਡਵੀਜ਼ਨ ਤੇ ਜ਼ਿਲ੍ਹਾ ਹਸਪਤਾਲਾਂ ਵਿਚ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਇਥੇ ਵੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਵੇਗਾ।

ਉਹ ਅੱਜ ਗੜ੍ਹਸ਼ੰਕਰ ਦੇ ਨੇੜੇ ਪਿੰਡ ਰੁੜਕੀ ਖਾਸ ਦੇ ਦੌਰੇ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਜ਼ਿਲ੍ਹੇ ਵਿਚ ਪਹਿਲੀ ਵਾਰ ਆਉਣ ’ਤੇ ਸਿਹਤ ਮੰਤਰੀ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਬੈਂਸ, ਡੀ.ਐਸ.ਪੀ. ਦਲਜੀਤ ਸਿੰਘ ਖੱਖ ਵੀ ਮੌਜ਼ੂਦ ਸਨ।

ਪੰਜਾਬ ’ਚ ਜਲਦ ਖੋਲ੍ਹੇ ਜਾਣਗੇ 142 ਨਵੇਂ ਆਮ ਆਦਮੀ ਕਲੀਨਿਕ

ਸਿਹਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਹਿਤੈਸ਼ੀ ਬਜਟ ਪੇਸ਼ ਕੀਤਾ ਹੈ, ਜਿਸ ਦਾ ਹਰੇਕ ਵਰਗ ਨੂੰ ਲਾਭ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਪੰਜਾਬ ਵਿਚ ਹੁਣ ਤੱਕ 504 ਆਮ ਆਦਮੀ ਕਲੀਨਿਕ ਸਥਾਪਿਤ ਕਰ ਦਿੱਤੇ ਗਏ ਹਨ ਅਤੇ ਮਾਰਚ ਦੇ ਅਖੀਰ ਤੱਕ 142 ਹੋਰ ਆਮ ਆਦਮੀ ਕਲੀਨਿਕ ਜਨਤਾ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਨੂੰ ਬਹੁਤ ਲਾਭ ਪਹੁੰਚਿਆ ਹੈ, ਕਿਉਂਕਿ ਇਥੇ ਮੁੱਢਲੀ ਜਾਂਚ ਤੋਂ ਇਲਾਵਾ ਲੈਬ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ’ਚ ਫਰਿਸ਼ਤਾ ਸਕੀਮ ਹੋਵੇਗੀ ਲਾਗੂ

ਡਾ. ਬਲਬੀਰ ਸਿੰਘ ਨੇ ਕਿਹਾ ਕਿ ਫਰਿਸ਼ਤਾ ਸਕੀਮ ਪੰਜਾਬ ਵਿਚ ਲਾਗੂ ਹੋਣ ਜਾ ਰਹੀ ਹੈ, ਜਿਸ ਤਹਿਤ ਪੰਜਾਬ ਦਾ ਜਾਂ ਪੰਜਾਬ ਤੋਂ ਬਾਹਰ ਦਾ ਕੋਈ ਵੀ ਵਿਅਕਤੀ ਜੇਕਰ ਸੜਕ ਦੁਰਘਟਨਾ ਵਿੱਚ ਜ਼ਖ਼ਮੀ ਹੁੰਦਾ ਹੈ, ਤਾਂ ਜ਼ਖ਼ਮੀ ਵਿਅਕਤੀ ਨੂੰ ਨੇੜੇ ਦੇ ਹਸਪਤਾਲ ਵਿਚ ਪਹੁੰਚਾਉਣ ਵਾਲੇ ਨੂੰ ਪੰਜਾਬ ਸਰਕਾਰ ਫਰਿਸ਼ਤਾ ਮੰਨਦੇ ਹੋਏ ਉਸ ਨੂੰ 2000 ਰੁਪਏ ਸਨਮਾਨ ਰਾਸ਼ੀ ਵਜੋਂ ਦੇਵੇਗੀ ਅਤੇ ਉਸ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਜ਼ਖ਼ਮੀ ਦਾ ਇਲਾਜ਼ ਮੁਫ਼ਤ ਕੀਤਾ ਜਾਵੇਗਾ, ਚਾਹੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਹੀ ਕਿਉਂ ਨਾ ਦਾਖਲ ਕਰਵਾਇਆ ਗਿਆ ਹੋਵੇ, ਸਾਰਾ ਇਲਾਜ ਦਾ ਖਰਚਾ ਪੰਜਾਬ ਸਰਕਾਰ ਸਹਿਣ ਕਰੇਗੀ। ਹਸਪਤਾਲਾਂ ਵਿਚ ਬੁਨਿਆਦੀ ਸਹੂਲਤਾਂ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਸਟਾਫ਼ ਦੀ ਕਮੀ ਨੂੰ ਦੂਰ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿਚ ਵੱਧ ਤੋਂ ਵੱਧ ਭਰਤੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਆਈਐਮਏ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।