ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ 56 ਲੱਖ ਰੁਪਏ ਦੀ ਲਾਗਤ ਨਾਲ ਵੀ.ਆਰ.ਡੀ. ਲੈਬ ਦੇ ਨਵੀਨੀਕਰਨ ਦਾ ਕੀਤਾ ਉਦਘਾਟਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਨੇ ‘ਮਿਸ਼ਨ ਫਤਹਿ’ ਤਹਿਤ ਕੋਰੋਨਾ ਵਾਇਰਸ ਦੇ ਟੈਸਟਾਂ ‘ਚ ਹੋਰ ਤੇਜੀ ਲਿਆਉਣ ਲਈ ਅੱਜ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਵਾਇਰਲ ਰਿਸਰਚ ਅਤੇ ਡਾਇਆਗਨੌਸਟਿਕ ਲੈਬ ‘ਚ 56 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ
ਨਵੀਨੀਕਰਨ ਦੇ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਇਸੇ ਲੈਬ ‘ਚ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਗਈ ਨਵੀਂ ਅਤਿਆਧੁਨਿਕ ਤਕਨੀਕ ਵਾਲੀ ਪੂਰੀ ਤਰ੍ਹਾਂ ਸਵੈਚਾਲਤ ਮਸ਼ੀਨ ਐਮ.ਜੀ.ਆਈ.ਐਸ.ਪੀ. 960 ਦੀ ਵੀ ਸ਼ੁਰੂਆਤ ਕਰਵਾਈ, ਜਿਸ ਨਾਲ ਇੱਥੇ ਹੁਣ ਕੋਵਿਡ-19 ਦੇ ਰੋਜ਼ਾਨਾ ਕੀਤੇ ਜਾਣ ਵਾਲੇ ਟੈਸਟਾਂ ਦੀ ਗਿਣਤੀ ਨੂੰ 700 ਤੋਂ ਵਧਾ ਕੇ 3000 ਦੇ ਕਰੀਬ ਲਿਜਾਇਆ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਟੈਸਟਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਪੰਜਾਬ ਸਰਕਾਰ ਵੱਲੋਂ ਦੇਸ਼ ਭਰ ‘ਚ ਸਭ ਤੋਂ ਪਹਿਲਾਂ ਪੰਜਾਬ ਦੇ ਮੈਡੀਕਲ ਕਾਲਜਾਂ ‘ਚ ਵਿਦੇਸ਼ਾਂ ਤੋਂ ਮੰਗਵਾ ਕੇ ਅਤਿਆਧੁਨਿਕ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ ਹਨ, ਜਿਸ ਨਾਲ ਹੁਣ ਪੰਜਾਬ ‘ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਟੈਸਟਾਂ ਦੀ ਸਮਰੱਥਾ 9000 ਦੇ ਕਰੀਬ ਹੋ ਗਈ ਹੈ ਅਤੇ ਇਸਨੂੰ ਹੋਰ ਵੀ ਵਧਾਇਆ ਜਾਵੇਗਾ।
ਪਹਿਲਾਂ ਕੋਰੋਨਾ ਵਾਇਰਸ ਦੇ ਟੈਸਟਾਂ ਲਈ ਨਮੂਨੇ ਪੰਜਾਬ ਤੋਂ ਪੂਨੇ ਭੇਜੇ ਜਾਂਦੇ ਸਨ ਪਰੰਤੂ ਸਰਕਾਰ ਵੱਲੋਂ ਪੰਜਾਬ ਦੇ ਮੈਡੀਕਲ ਕਾਲਜਾਂ ਪਟਿਆਲਾ, ਅੰਮ੍ਰਿਤਸਰ ਅਤੇ ਫ਼ਰੀਦਕੋਟ ਵਿਖੇ ਮਸ਼ੀਨਾਂ ਲਗਾਈਆਂ ਗਈਆਂ ਪਰੰਤੂ ਇਨ੍ਹਾਂ ਦੀ ਸਮਰੱਥਾ ਲੋੜ ਮੁਤਾਬਕ ਨਾ ਹੋਣ ਕਰਕੇ ਹੁਣ ਨਵੀਆਂ ਮਸ਼ੀਨਾਂ ਚਾਲੂ ਕੀਤੀਆਂ ਗਈਆਂ ਹਨ।
ਸ੍ਰੀ ਸੋਨੀ ਨੇ ਕੋਵਿਡ ਖ਼ਿਲਾਫ਼ ਜੰਗ ਦੇ ਮੋਹਰੀ ਜੰਗਜੂਆਂ, ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਸਿਵਲ ਤੇ ਪੁਲਿਸ ਪ੍ਰਸ਼ਾਸਨ ਸਮੇਤ ਪਰਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਯੋਧਿਆਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਇਸ ਲੜਾਈ ਨੂੰ ਲੋਕਾਂ ਦੀ, ਲੋਕਾਂ ਵੱਲੋਂ ਅਤੇ ਲੋਕਾਂ ਲਈ ਲੜਾਈ ਬਣਾ ਰਹੀ ਹੈ,
ਇਸ ਲਈ ਲੋਕ ਮਹੀਨਾ ਭਰ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਆਪਣਾ ਸਹਿਯੋਗ ਦੇਣ। ਉਨਾਂ ਜ਼ੋਰ ਦਿੱਤਾ ਕਿ ਲੋਕ ਕੋਵਿਡ-19 ਦੇ ਸਾਰੇ ਸੁਰੱਖਿਆ ਪ੍ਰੋਟੋਕੋਲਜ ਦੀ ਪਾਲਣਾ ਸਖ਼ਤੀ ਨਾਲ ਕਰਨ ਤਾਂ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕੇਗਾ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਆਦਿ ਮੌਜੂਦ ਸਨ।
ਫੀਸਾਂ ਵਧਾਉਣ ਨੂੰ ਲੈ ਕੇ ਰੋਸ ਪ੍ਰਗਟ
ਪੰਜਾਬ ਸਰਕਾਰ ਵੱਲੋਂ ਮੈਡੀਕਲ ਖੇਤਰ ਵਿੱਚ ਫੀਸਾਂ ਵਧਾਉਣ ਦੇ ਮਾਮਲੇ ਨੂੰ ਲੈ ਕੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਅੱਗੇ ਜੂਨੀਅਰ ਰੈਜੀਡੈਂਟ ਡਾਕਟਰਾਂ ਵੱਲੋਂ ਆਪਣਾ ਰੋਸ ਪ੍ਰਗਟਾਉਂਦਿਆ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਫੀਸਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਮਾਪਿਆਂ ਤੇ ਵੱਡਾ ਬੋਝ ਵਧਿਆ ਹੈ। ਉਨ੍ਹਾਂ ਫੀਸਾਂ ਦੇ ਵਾਧੇ ਨੂੰ ਲੈ ਕੇ ਸੰਕੇਤਕ ਰੋਸ਼ ਪ੍ਰਗਟਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।