‘ਠੇਕੇਦਾਰੀ ਸਿਸਟਮ’ ਨਾਲ ਰੱਖਣ ਜਾ ਰਹੀ ਐ 190 ਡਾਕਟਰ, 1 ਸਾਲ ਬਾਅਦ ਕਰ ਦਿੱਤੀ ਜਾਏਗੀ ਛੁੱਟੀ
ਹਸਪਤਾਲਾਂ ’ਚ ਡਾਕਟਰਾਂ ਦੀ ਪੋਸਟਾਂ ਖ਼ਾਲੀ ਪਰ ਡਾਕਟਰਾਂ ਦੀ ਭਰਤੀ ਹੋਏਗੀ 1 ਸਾਲ ਲਈ
ਕੇਂਦਰ ਸਰਕਾਰ ਦੇ ਪੈਸੇ ਨਾਲ ਦਿੱਤੀ ਜਾਏਗੀ ਡਾਕਟਰਾਂ ਨੂੰ ਤਨਖ਼ਾਹ, ਨੈਸ਼ਨਲ ਹੈਲਥ ਮਿਸ਼ਨ ਤਹਿਤ ਹੋਏਗੀ ਨਿਯੁਕਤੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਸਰਕਾਰ ਹੁਣ ਪੰਜਾਬੀਆਂ ਦੀ ਸਿਹਤ ਵੀ ਠੇਕੇ ’ਤੇ ਦੇਣ ਜਾ ਰਹੀ ਹੈ। ਹਸਪਤਾਲਾਂ ਵਿੱਚ ਖ਼ਾਲੀ ਪਈ ਡਾਕਟਰਾਂ ਦੀ ਅਸਾਮੀਆਂ ਨੂੰ ਸਰਕਾਰ ਖ਼ੁਦ ਰੱਖਣ ਦੀ ਥਾਂ ’ਤੇ ਠੇਕੇਦਾਰੀ ਸਿਸਟਮ ਰਾਹੀਂ 190 ਡਾਕਟਰ ਭਰਤੀ ਕਰਨ ਜਾ ਰਹੀ ਹੈ। ਹੈਰਾਨੀ ਤਾਂ ਇਸ ਗਲ ਦੀ ਹੈ ਕਿ ਠੇਕੇਦਾਰੀ ਸਿਸਟਮ ਰਾਹੀਂ ਰੱਖੇ ਜਾਣ ਵਾਲੇ ਇਨਾਂ ਡਾਕਟਰਾਂ ਨੂੰ ਸਿਰਫ਼ ਇੱਕ ਸਾਲ ਲਈ ਹੀ ਰੱਖਿਆ ਜਾ ਰਿਹਾ ਹੈ ਅਤੇ 1 ਸਾਲ ਤੋਂ ਬਾਅਦ ਉਨਾਂ ਦੀ ਛੁੱਟੀ ਕਰ ਦਿੱਤੀ ਜਾਏਗੀ।
ਇਸ ਸਬੰਧੀ ਬਕਾਇਦਾ ਸ਼ਰਤ ਤੈਅ ਵੀ ਕਰ ਦਿੱਤੀ ਗਈ ਹੈ ਤਾਂ ਕਿ ਠੇਕੇਦਾਰੀ ਸਿਸਟਮ ਰਾਹੀਂ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਨ ਵਾਲੇ ਡਾਕਟਰ ਨੂੰ ਅਗਲੇ ਸਾਲ ਲਈ ਰੱਖਿਆ ਜਾਏਗਾ ਜਾਂ ਫਿਰ ਨਹੀਂ ਇਹ ਸਰਕਾਰ ਦੇ ਮੂਡ ’ਤੇ ਹੀ ਨਿਰਭਰ ਰਹੇਗਾ। ਜੇਕਰ ਸਰਕਾਰ ਦਾ ਮੂਡ ਬਣਿਆ ਤਾਂ ਡਾਕਟਰਾਂ ਨੂੰ ਅਗਲੇ ਇੱਕ ਸਾਲ ਲਈ ਹੋਰ ਰੱਖ ਲਿਆ ਜਾਏਗਾ ਅਤੇ ਮੂਡ ਨਹੀਂ ਬਣਿਆ ਤਾਂ ਡਾਕਟਰ ਨੂੰ 1 ਸਾਲ ਬਾਅਦ ਛੁੱਟੀ ਕਰਦੇ ਹੋਏ ਘਰ ਰਵਾਨਾ ਕਰ ਦਿੱਤਾ ਜਾਏਗਾ। ਠੇਕੇਦਾਰੀ ਸਿਸਟਮ ਰਾਹੀਂ ਭਰਤੀ ਕੀਤੇ ਜਾ ਰਹੇ 190 ਡਾਕਟਰਾਂ ਦੀ ਤਨਖ਼ਾਹ ਵੀ ਕੇਂਦਰ ਸਰਕਾਰ ਹੀ ਦੇੇਵੇਗੀ। ਇਨਾਂ ਡਾਕਟਰਾਂ ਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਭਰਤੀ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਡਾਕਟਰਾਂ ਦੀ ਪੋਸਟਾਂ ਵੱਡੇ ਪੱਧਰ ’ਤੇ ਖ਼ਾਲੀ ਪਈਆਂ ਹਨ ਅਤੇ ਡਾਕਟਰਾਂ ਦੀ ਭਾਰੀ ਘਾਟ ਹੈ। ਕਾਂਗਰਸ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਮੰਗ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਸਿਹਤ ਵਿਭਾਗ ਵਿੱਚ ਪੱਕੇ ਤੌਰ ’ਤੇ ਡਾਕਟਰਾਂ ਦੀ ਭਰਤੀ ਕਰਨ ਦੀ ਥਾਂ ’ਤੇ ਹੁਣ ਠੇਕੇਦਾਰੀ ਸਿਸਟਮ ਵਲ ਜਾ ਰਹੀ ਹੈ ਅਤੇ ਡਾਕਟਰਾਂ ਨੂੰ ਠੇਕੇਦਾਰੀ ਸਿਸਟਮ ਰਾਹੀਂ ਹੀ ਭਰਤੀ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ 190 ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਵਿੱਚ 104 ਡਾਕਟਰ ਸਿਰਫ਼ ਲੇਬਰ ਰੂਮ ਲਈ ਹੀ ਭਰਤੀ ਕੀਤੇ ਜਾਣਗੇ, ਜਿਥੇ ਕਿ ਇਸ ਸਮੇਂ ਸਾਰਿਆਂ ਨਾਲੋਂ ਜਿਆਦਾ ਜਰੂਰਤ ਹੈ। ਇਸ ਤੋਂ ਇਲਾਵਾ ਪਿੰਡਾਂ ਦੀ ਡਿਸਪੈਂਸਰੀਆਂ ਲਈ 46 ਡਾਕਟਰ, ਮੋਬਾਇਲ ਮੈਡੀਕਲ ਯੂਨਿਟ ਲਈ 20 ਡਾਕਟਰ ਅਤੇ ਟੈਲੀਮੈਡੀਸਨ ਹੱਬ ਲਈ 20 ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ।
ਇਨਾਂ ਐਮ.ਬੀ.ਬੀ.ਐਸ. ਡਾਕਟਰਾਂ ਨੂੰ ਭਰਤੀ ਕਰਨ ਮੌਕੇ ਜਿਹੜੀ ਸ਼ਰਤਾਂ ਲਗਾਈ ਗਈਆਂ ਹਨ, ਉਨਾਂ ਵਿੱਚ ਸਾਰੀਆਂ ਤੋਂ ਪਹਿਲੀ ਸ਼ਰਤ ਹੀ ਇਹ ਹੈ ਕਿ ਉਹ ਠੇਕੇਦਾਰੀ ਸਿਸਟਮ ਰਾਹੀਂ ਭਰਤੀ ਹੋਏਗੀ ਅਤੇ ਇਹ ਸਿਰਫ਼ 1 ਸਾਲ ਲਈ ਹੀ ਕੀਤੀ ਜਾ ਰਹੀ ਹੈ। ਜਿਸ ਤੋਂ ਸਾਫ਼ ਹੈ ਕਿ ਠੇਕੇਦਾਰੀ ਸਿਸਟਮ ਰਾਹੀਂ ਡਾਕਟਰਾਂ ਦੀ ਭਰਤੀ ਕਰਨ ਤੋਂ ਬਾਅਦ ਉਨਾਂ ਨੂੰ 1 ਸਾਲ ਹੀ ਰੱਖਿਆ ਜਾਏਗਾ।
ਚੋਣਾਂ ਕਰਕੇ ਦਬਾਅ ’ਚ ਸਰਕਾਰ, ਫਿਰ ਵੀ ਭਰਤੀ ਠੇਕੇਦਾਰੀ ਸਿਸਟਮ ਰਾਹੀਂ
ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਹੋਣ ਕਰਕੇ ਪੰਜਾਬ ਸਰਕਾਰ ਡਾਕਟਰਾਂ ਦੀ ਘਾਟ ਨੂੰ ਲੈ ਕੇ ਭਾਰੀ ਦਬਾਅ ਵਿੱਚ ਚਲ ਰਹੀ ਹੈ। ਇਸ ਲਈ ਸਰਕਾਰ ਵਲੋਂ ਤੁਰੰਤ 190 ਡਾਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਦਿੰਦੇ ਹੋਏ ਅਗਲੇ ਹਫ਼ਤੇ ਤੱਕ ਡਾਕਟਰਾਂ ਨੂੰ ਭਰਤੀ ਵੀ ਕਰ ਲਿਆ ਜਾਣਾ ਹੈ। ਚੋਣਾਂ ਦਾ ਭਾਰੀ ਦਬਾਅ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਪੱਕੇ ਡਾਕਟਰਾਂ ਦੀ ਭਰਤੀ ਕਰਨ ਦੀ ਥਾਂ ‘ਤੇ ਠੇਕੇਦਾਰੀ ਸਿਸਟਮ ਰਾਹੀਂ 1 ਸਾਲ ਲਈ ਹੀ ਡਾਕਟਰਾਂ ਦੀ ਭਰਤੀ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ