ਨਸ਼ੇ ਦੇ ਮਾਮਲੇ ’ਚ ਹੁਣ ਹੋਰ ਸਖ਼ਤੀ ਕਰਨ ਦੀ ਤਿਆਰੀ ਵਿੱਚ ਪੰਜਾਬ ਪੁਲਿਸ, ਡੀਜੀਪੀ ਨੇ ਕੀਤਾ ਐਲਾਨ
Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਹੁਣ ਤੋਂ ਬਾਅਦ ਕਿਸੇ ਵੀ ਇੱਕ ਥਾਣੇ ਵਿੱਚ 2 ਸਾਲ ਤੋਂ ਜਿਆਦਾ ਸਮਾਂ ਮੁਨਸ਼ੀ ਨਹੀਂ ਰਹਿ ਸਕੇਗਾ ਅਤੇ ਬਕਾਇਦਾ ਇਸ ਲਈ ਪਾਲਿਸੀ ਵੀ ਤਿਆਰ ਕਰਦੇ ਹੋਏ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ ਹਰ ਥਾਣੇ ਵਿੱਚ ਆਪਣੇ-ਆਪ ਹੀ 2 ਸਾਲ ਬਾਅਦ ਮੁਨਸ਼ੀ ਨੂੰ ਬਦਲ ਦਿੱਤਾ ਜਾਵੇ। ਇਸ ਲਈ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਆਦੇਸ਼ ਦਿੱਤੇ ਹਨ। ਜਿਥੇ ਤੱਕ ਐੱਸ.ਐੱਚ.ਓ. ਤੋਂ ਲੈ ਕੇ ਐੱਸਐੱਸਪੀ. ਤੱਕ ਦੀ ਪਰਫਾਰਮੈਂਸ ਦੀ ਗੱਲ ਹੈ ਤਾਂ ਉਸ ਨੂੰ ਵੀ ਸਮੇਂ-ਸਮੇਂ ਸਿਰ ਚੈਕ ਕੀਤਾ ਜਾਏਗਾ ਅਤੇ ਉਸ ਮਾਮਲੇ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ। ਇਹ ਖ਼ੁਲਾਸਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab Traffic Fines: ਬੁਲੇਟ ਦੇ ਪਟਾਕੇ, ਤਿੰਨ-ਤਿੰਨ ਸਵਾਰਾਂ ਅਤੇ ਬਿਨਾਂ ਨੰਬਰੀ ਵਾਹਨਾਂ ਦੇ ਕੀਤੇ ਚਲਾਨ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਸ਼ੇ ਦੇ ਮੁੱਦੇ ’ਤੇ ਹੁਣ ਪੰਜਾਬ ਸਰਕਾਰ ਦੀ ਸਪੱਸ਼ਟ ਪਾਲਿਸੀ ਹੈ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਵਿੱਚ ਭਾਵੇਂ ਕੋਈ ਆਮ ਵਿਅਕਤੀ ਹੋਵੇ ਜਾਂ ਫਿਰ ਕੋਈ ਪੁਲਿਸ ਕਰਮਚਾਰੀ ਵੀ ਸ਼ਾਮਲ ਕਿਉਂ ਹੋਵੇ। ਅੱਜ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਸਖ਼ਤ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਹਰ ਅਧਿਕਾਰੀ ਨੂੰ ਆਪਣੇ ਇਲਾਕੇ ਵਿੱਚ ਪਰਫਾਰਮੈਂਸ ਦਿਖਾਉਣੀ ਪਏਗੀ ਅਤੇ ਨਸ਼ੇ ‘ਤੇ ਲਗਾਮ ਜ਼ਰੂਰੀ ਹੋਏਗੀ। Punjab News
ਡੀਜੀਪੀ ਗੌਰਵ ਯਾਦਵ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ ‘ਤੇ ਨਸ਼ੇ ਦੇ ਤਸਕਰਾਂ ਦੇ ਖ਼ਿਲਾਫ਼ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਬਾਰਡਰ ਪਾਰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਨੂੰ ਵੀ ਫੜ੍ਹਿਆ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਨਸ਼ੇ ਦੀ ਖੇਪ ਨੂੰ ਲੈਣ ਵਾਲੇ ਪੈਡਲਰ ਦਿਖਾਈ ਨਹੀਂ ਦੇ ਰਹੇ ਹਨ, ਜਿਸ ਕਾਰਨ ਬਾਰਡਰ ਪਾਰ ਤੋਂ ਡਰੋਨ ਦੀ ਕਾਰਵਾਈ ਵੀ ਕਾਫ਼ੀ ਜਿਆਦਾ ਘੱਟ ਹੋ ਗਈ ਹੈ।
‘ਬੁਲੈਟ ਫਾਰ ਬੁਲੈਟ’ ਅਗਰੈਸਿਵ ਨਹੀਂ ਸੈਲਫ ਡਿਫੈਂਸ ਦੀ ਪਾਲਿਸੀ, ਕੋਈ ਅਟੈਕ ਕਰੇਗਾ ਤਾਂ ਕਿਵੇਂ ਰਹਾਂਗੇ ਚੁੱਪ : ਗੌਰਵ ਯਾਦਵ
ਡੀਜੀਪੀ ਗੌਰਵ ਯਾਦਵ ਨੇ ਇੱਥੇ ਕਿਹਾ ਕਿ ‘ਬੁਲੈਟ ਫਾਰ ਬੁਲੈਟ’ ਅਗਰੈਸਿਵ ਨਹੀਂ ਸਗੋਂ ਸੈਲਫ ਡਿਫੈਂਸ ਦੀ ਪਾਲਿਸੀ ਦਾ ਹਿੱਸਾ ਹੈ। ਜੇਕਰ ਕੋਈ ਗੈਂਗਸਟਰ ਪੁਲਿਸ ’ਤੇ ਗੋਲੀ ਚਲਾਏਗਾ ਤਾਂ ਸੈਲਫ ਡਿਫੈਂਸ ਵਿੱਚ ਗੋਲੀ ਚਲਾਉਣਾ ਵੀ ਜ਼ਰੂਰੀ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਉਨਾਂ ਦੀ ਕੋਸ਼ਸ਼ ਰਹਿੰਦੀ ਹੈ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਹੀ ਕੰਮ ਕੀਤਾ ਜਾਵੇ ਪਰ ਜਿਹੜੇ ਹਾਲਾਤ ਹੁੰਦੇ ਹਨ ਤਾਂ ਉਨਾਂ ਹਾਲਾਤ ਅਨੁਸਾਰ ਹੀ ਜੁਆਬ ਦੇਣਾ ਵੀ ਪੈਂਦਾ ਹੈ। ਜੇਕਰ ਪੁਲਿਸ ’ਤੇ ਕੋਈ ਅਟੈਕ ਕਰੇਗੀ ਤਾਂ ਪੁਲਿਸ ਵੀ ਉਸ ਦੇ ਜੁਆਬ ਵਿੱਚ ਗੋਲੀ ਚਲਾਏਗੀ।