ਖੰਨਾ (ਸੱਚ ਕਹੂੰ ਨਿਊਜ਼)। ਗਣਤੰਤਰ ਦਿਵਸ ਤੋਂ ਪਹਿਲਾਂ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀਆਂ ਧਮਕੀਆਂ ਜ਼ੋਰ ਫੜਦੀਆਂ ਜਾ ਰਹੀਆਂ ਹਨ। ਇਸ ਦੌਰਾਨ ਇੱਕ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਹੁਣ ਖੰਨਾ ਦੇ ਮਿਲਟਰੀ ਗਰਾਊਂਡ ਵਿਖੇ ਬੰਬ ਮਿਲਣ ਨਾਲ (Bomb found in Punjab) ਇਲਾਕੇ ’ਚ ਦਹਿਸਤ ਫੈਲ ਗਈ। ਇਹ ਜ਼ਿੰਦਾ ਬੰਬ ਗਰਾਊਂਡ ਦੀ ਕੰਧ ਨਾਲ ਰੱਖਿਆ ਗਿਆ ਸੀ। ਜੇਕਰ ਬੰਬ ਫੱਟ ਜਾਂਦਾ ਤਾ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਬੰਬ ਵਾਲੀ ਥਾਂ ਦੇ ਨਾਲ ਹੀ ਸਬਜੀ ਮੰਡੀ ਅਤੇ ਰਿਹਾਇਸ਼ੀ ਇਲਾਕਾ ਹੈ।
ਬੰਬ ਨਿਰੋਧਕ ਦਸਤੇ ਨੇ ਬੰਬ ਨੂੰ ਕਬਜੇ ’ਚ ਲੈ ਕੇ ਅਗਲੀ ਕਾਰਵਾਈ ਸੁਰੂ ਕੀਤੀ। ਬੰਬ ਦੇਖਣ ਵਾਲੇ ਬਜੁਰਗ ਨੇ ਦੱਸਿਆ ਕਿ ਜਦੋਂ ਸਵੇਰੇ ਇੱਕ ਵਿਅਕਤੀ ਗਰਾਊਂਡ ’ਚ ਰਫ਼ਾ ਹਾਜ਼ਤ ਗਿਆ ਸੀ ਤਾਂ ਉਸ ਨੇ ਆ ਕੇ ਮੰਡੀ ’ਚ ਰੌਲਾ ਪਾਇਆ। ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਕੰਧ ਨਾਲ ਬੰਬ ਪਿਆ ਸੀ। ਇਸ ਬਾਰੇ ਪੁਲਸ ਨੂੰ ਦੱਸਿਆ ਗਿਆ ਅਤੇ ਪੁਲਸ ਮੌਕੇ ’ਤੇ ਆਈ। ਬਜ਼ੁਰਗ ਨੇ ਕਿਹਾ ਕਿ ਇਸ ਬੰਬ ਨਾਲ ਪੂਰੀ ਮੰਡੀ ਨੂੰ ਖਤਰਾ ਸੀ। ਇੱਥੇ ਕਬਾੜੀ ਸਕ੍ਰੈਪ ‘ਚ ਆਇਆ ਬੰਬ ਸੁੱਟ ਜਾਂਦੇ ਹਨ, ਜੋ ਕਿ ਗਲਤ ਹੈ।
ਸਕਰੈਪ ’ਚੋਂ ਆਇਆ ਲੱਗਦੇ ਬੰਬ : ਡੀਐੱਸਪੀ
ਮੌਕੇ ’ਤੇ ਪੁੱਜੇ ਡੀ. ਐੱਸ. ਪੀ. ਹਰਪਾਲ ਸਿੰਘ ਨੇ ਕਿਹਾ ਕਿ ਗਰਾਊਂਡ ’ਚ ਜ਼ਿੰਦਾ ਬੰਬ ਮਿਲਿਆ। ਇਸ ਨੂੰ ਨਸ਼ਟ ਕਰਨ ਲਈ ਲੁਧਿਆਣਾ ਤੋਂ ਟੀਮ ਬੁਲਾਈ ਗਈ, ਜੋ ਕਿ ਇਸ ਬੰਬ ਨੂੰ ਲੈ ਕੇ ਢੁੱਕਵੀਂ ਥਾਂ ’ਤੇ ਲੈ ਗਈ ਹੈ। ਡੀਐੱਸਪੀ ਨੇ ਕਿਹਾ ਕਿ ਲੱਗਦਾ ਹੈ ਕਿ ਇਹ ਬੰਬ ਸਕਰੈਪ ’ਚੋਂ ਇੱਥੇ ਆਇਆ।