ਪਰਚਿਆਂ ਤੋਂ ਬਾਦ ਵੀ ਸ਼ਰ੍ਹੇਆਮ ਵਿਕਦੇ ਰਹੇ ਪਟਾਖੇ
ਨਾਜਾਇਜ ਕਬਜਿਆਂ ਕਾਰਨ ਬਾਜਾਰਾਂ ਦਾ ਦਾਇਰਾ ਘਟਿਆ, ਕੋਰੋਨਾ ਹਦਾਇਤਾਂ ਦੀਆਂ ਉਡੀਆਂ ਧੱਜੀਆਂ
ਨਾਭਾ, (ਤਰੁਣ ਕੁਮਾਰ ਸ਼ਰਮਾ)। ਕੋਰੋਨਾ ਮਹਾਂਮਾਰੀ ਨਾਲ ਜੂਝਦੇ ਦੇਸ਼ ਵਾਸੀ ਦੀਵਾਲੀ ਦਾ ਵੱਡਾ ਤਿਉਹਾਰ ਮਨਾਉਣ ਵਿੱਚ ਰੁੱਝੇ ਪਏ ਹਨ। ਚਾਈਨੀਜ ਪਟਾਖੇ, ਖੂਬਸੂਰਤ ਰੰਗ ਬਿਰੰਗੀਆਂ ਇਲੈਕ੍ਰੋਟਿਨਿਕ ਲੜੀਆਂ ਆਦਿ ਹੋਰ ਚਾਇਨਿਜ਼ ਸਮਾਨ ਪੱਖੋਂ ਸੱਖਣੇ ਸ਼ਹਿਰ ਦੇ ਸਾਰੇ ਬਾਜਾਰ ਸਜੇ ਧਜੇ ਨਜ਼ਰ ਆ ਰਹੇ ਹਨ। ਤਿਉਹਾਰਾਂ ਮੌਕੇ ਦੁਕਾਨਦਾਰਾਂ ਦੇ ਚਿਹਰਿਆਂ ‘ਤੇ ਨਜ਼ਰ ਆਉਣ ਵਾਲੀ ਮੁਸਕਾਨ ਗਾਇਬ ਹੈ। ਪਟਾਖੇ, ਸਜਾਵਟ ਦਾ ਸਮਾਨ ਅਤੇ ਮਠਿਆਈ ਵਿਕੇਰਤਾਵਾਂ ਨੇ ਸੜਕਾਂ ‘ਤੇ ਨਾਜਾਇਜ ਕਬਜੇ ਕਰ ਲਏ ਹਨ। ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਵੇਚਣ ਲਈ ਸੜਕਾਂ ‘ਤੇ ਕੀਤੇ ਨਾਜਾਇਜ ਕਬਜਿਆਂ ਕਾਰਨ ਬਾਜਾਰਾਂ ਦਾ ਦਾਇਰਾ ਘਟ ਗਿਆ ਹੈ ਅਤੇ ਟ੍ਰੈਫਿਕ ਵਿਵਸਥਾ ਠੱਪ ਹੋ ਗਈ ਹੈ।
ਫੂਡ ਸੇਫਟੀ ਐਕਟ ਦੀ ਉਲੰਘਣਾ ਕਰਕੇ ਬਿਨ੍ਹਾਂ ਬਣਤਰ ਅਤੇ ਖਪਤ ਮਿਆਦ ਦਰਸਾਉਂਦੀਆਂ ਮਠਿਆਈਆਂ ਥਾਂ-ਥਾਂ ਬਿਨ੍ਹਾਂ ਢਕੇ ਹੀ ਧੜੱਲੇ ਨਾਲ ਵਿਕ ਰਹੀਆਂ ਹਨ। ਸ਼ਹਿਰ ਦੇ ਬਾਜਾਰਾਂ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਹੈ। ਉਪਰੋਕਤ ਸਥਿਤੀ ਦੇ ਚੱਲਦਿਆਂ ਸੇਲਜ ਟੈਕਸ, ਖੁਰਾਕ ਅਤੇ ਸਪਲਾਈ ਵਿਭਾਗ, ਮਾਪਤੋਲ ਵਿਭਾਗ, ਸਿਹਤ ਵਿਭਾਗ ਸਮੇਤ ਪੁਲਿਸ ਵਿਭਾਗ ਕੁੰਭਕਰਨੀ ਨੀਂਦ ਵਿੱਚ ਹਨ। ਕੋਰੋਨਾ ਮਹਾਂਮਾਰੀ ਦੇ ਦੂਜੇ ਦੌਰ ‘ਚ ਦਾਖਲ ਹੋਣ ‘ਤੇ ਪ੍ਰਸ਼ਾਸ਼ਨਿਕ ਜਾਰੀ ਹਦਾਇਤਾਂ ਦੀ ਸ਼ਰੇਆਮ ਧੱਜੀਆਂ ਉਡ ਰਹੀਆਂ ਹਨ। ਸ਼ੋਸ਼ਲ ਡਿਸਟੈਸਿੰਗ ਮਜਾਕ ਦਾ ਵਿਸ਼ਾ ਬਣ ਗਿਆ ਹੈ।
ਲੋਕਾਂ ਦੀ ਵਾਹ-ਵਾਹੀ ਖੱਟਣ ਲਈ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਜਾ ਰਹੇ ਹਨ। ਕਾਲਾ, ਗੁੱਡੂ, ਸਾਂਈ, ਅਜੈ ਨਾਮਕ 4 ਵਿਅਕਤੀਆਂ ‘ਤੇ ਪੁਲਿਸ ਵੱਲੋਂ ਧਾਰਾ 188 ਆਈਪੀਸੀ ਅਧੀਨ ਦਰਜ ਮਾਮਲਿਆਂ ‘ਚ ਉਨ੍ਹਾਂ ਨੂੰ ਫਰਾਰ ਦਿਖਾਇਆ ਗਿਆ ਹੈ ਜਦਕਿ ਪਰਚਾ ਦਰਜ ਹੋਣ ਬਾਦ ਸੰਬੰਧਤ ਵਿਅਕਤੀ ਦਿਨ ਦਿਹਾੜੇ ਧੜੱਲੇ ਨਾਲ ਆਪਣਾ ਕੰਮ ਹੀ ਨਹੀਂ ਚਲਾ ਰਹੇ ਬਲਕਿ ਆਪਣੇ ਘਰੇਲੂ ਮੈਂਬਰਾਂ ਨੂੰ ਵੱਖ-ਵੱਖ ਅੱਡੇ ਲਗਵਾ ਕੇ ਚੋਖੀ ਕਮਾਈ ਕਰ ਰਹੇ ਹਨ। ਉਪਰੋਕਤ ਸਥਿਤੀ ਤੋਂ ਸਪੱਸ਼ਟ ਹੈ ਕਿ ਦੀਵਾਲੀ ਮੌਕੇ ਹੱਥ ਰੰਗਣ ਵਾਲੇ ਵਪਾਰੀਆਂ ਦੇ ਹੌਂਸਲੇ ਬੁਲੰਦ ਹਨ ਅਤੇ ਢਿੱਲੀ ਪੁਲਿਸੀਆ ਕਾਰਵਾਈ ਕਾਰਨ ਪੁਲਿਸ ਮਜਾਕ ਦਾ ਪਾਤਰ ਬਣ ਕੇ ਰਹਿ ਗਈ ਹੈ।
ਪਟਾਖਿਆਂ ਦੀ ਵਿੱਕਰੀ ਦੌਰਾਨ ਕੋਰੋਨਾ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੇ ਜਾਣ ਸੰਬੰਧੀ ਨਾਭਾ ਪੁਲਿਸ ਵੱਲੋਂ ਦਰਜ ਕੀਤੇ ਮਾਮਲਿਆਂ ਸੰਬੰਧੀ ਕੈਮਰੇ ਤੋਂ ਆਪਣਾ ਮੂੰਹ ਲੁਕੋਂਦੇ ਹੋਏ ਵਪਾਰੀਆਂ ਨੇ ਦੱਸਿਆ ਕਿ ਕਰੋੜਾਂ ਦੇ ਵਪਾਰ ਵਿੱਚ ਅਜਿਹੇ ਮਾਮਲੇ ਦਰਜ ਹੁੰਦੇ ਰਹਿੰਦੇ ਹਨ ਅਤੇ ਪੁਲਿਸ ਨੂੰ ਉਹ ਦੀਵਾਲੀ ਦਾ ਸੀਜਨ ਕੁੱਟਣ ਤਂੋ ਬਾਦ ਸੰਭਾਲ ਲੈਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.