ਵਿਧਾਇਕ ਤੇ ਐਸ ਡੀ ਐਮ ਨੇ ਮੌਕੇ ਤੇ ਲਿਆ ਜਾਇਜ਼ਾ | Ghaggar near Jhanda Khurd
ਮਾਨਸਾ/ਸਰਦੂਲਗੜ੍ਹ (ਸੁਖਜੀਤ ਮਾਨ)। ਸਰਦੂਲਗੜ੍ਹ ਨੇੜਲੇ ਪਿੰਡ ਝੰਡਾ ਖੁਰਦ ਨੇੜੇ ਘੱਗਰ ‘ਚ ਪਾੜ ਪੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਲਕਾ ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਐਸ.ਡੀ ਐਮ ਸਰਦੂਲਗੜ੍ਹ ਮੌਕੇ ਤੇ ਪੁੱਜੇ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਬਣਾਂਵਾਲੀ ਨੇ ਦੱਸਿਆ ਕਿ ਮੁੱਖ ਬੰਨ੍ਹ ਪੂਰੀ ਤਰਾਂ ਠੀਕ ਹੈ ਜੋ ਅੱਜ ਘੱਗਰ ਨਜਦੀਕ ਬੰਨ੍ਹ ਟੁੱਟਿਆ ਹੈ ਉਹ ਨਿੱਜੀ ਵੱਟ ਹੈ ਜੋ ਕਿ ਮੇਨ ਬੰਨ੍ਹ ਦੇ ਅੰਦਰ ਵਾਲੇ ਪਾਸੇ ਹੈ। ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਫਵਾਹਾਂ ਤੋਂ ਸੁਚੇਤ ਰਹੋ ਘਬਰਾਉਣ ਦੀ ਲੋੜ ਨਹੀਂ ਸਰਕਾਰ ਅਤੇ ਪ੍ਰਸ਼ਾਸ਼ਨ ਹਰ ਵਕਤ ਤੁਹਾਡੇ ਨਾਲ ਹੈ। (Ghaggar near Jhanda Khurd)
ਦੱਸਣਯੋਗ ਹੈ ਕਿ ਘੱਗਰ ‘ਚ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਂਦਪੁਰਾ ਬੰਨ੍ਹ ਸਮੇਤ ਮਾਨਸਾ ਜ਼ਿਲ੍ਹਾ ਵਿੱਚੋਂ ਲੰਘਦੇ ਘੱਗਰ ਦਰਿਆ ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲ਼ੋਂ ਚਾਂਦਪੁਰਾ ਬੰਨ੍ਹ ਦਾ ਸਮੇਂ ਸਮੇਂ ਸਿਰ ਦੌਰਾ ਕਰਕੇ ਪਾਣੀ ਦਾ ਪੱਧਰ ਚੈਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੋਈ ਸ਼ਰਾਰਤੀ ਅਨਸਰ ਬੰਨ੍ਹ ਨਾ ਤੋੜ ਜਾਵੇ ਇਸ ਲਈ ਉੱਥੇ ਪੁਲਿਸ ਦਾ ਪਹਿਰਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੀ ਠੀਕਰੀ ਪਹਿਰੇ ਦੇ ਹੁਕਮ ਦਿੱਤੇ ਹੋਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਸਰਦੂਲਗੜ੍ਹ ਸ਼ਹਿਰ ਨੇੜੇ ਘੱਗਰ ਦਾ ਪੁਲ ਕਾਫੀ ਨੀਵਾਂ ਹੁੰਦਾ ਸੀ ਜਿਸ ਨਾਲ ਪਾਣੀ ਲੱਗਣ ਕਰਕੇ ਡਾਫ ਲੱਗ ਜਾਂਦੀ ਸੀ ਪਰ ਹੁਣ ਨਵਾਂ ਪੁਲ ਉੱਚਾ ਬਣਾਇਆ ਗਿਆ ਹੈ।